ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗਿਰਫਤਾਰ ਕਰਕੇ,ਸੁਰਖੀਆਂ ਵਿੱਚ ਆਏ ਸਨ ਡੀਐਸਪੀ ਪਰਮਿੰਦਰ ਸਿੰਘ ਬਰਾੜ
ਭ੍ਰਿਸ਼ਟਾਚਾਰ ‘ਚ ਗਲਤਾਨ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ – ਡੀਐੱਸਪੀ ਬਰਾੜ
ਰਘਵੀਰ ਹੈਪੀ , ਬਰਨਾਲਾ, 22 ਫਰਵਰੀ 2023
ਕਾਂਗਰਸ ਪਾਰਟੀ ਦੇ ਕੱਦਾਵਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗਿਰਫਤਾਰ ਕਰਨ ਉਪਰੰਤ, ਸੁਰਖੀਆਂ ਵਿੱਚ ਛਾ ਜਾਣ ਵਾਲੇ ਵਿਜੀਲੈਂਸ ਦੇ ਡੀਐਸਪੀ ਪਰਮਿੰਦਰ ਸਿੰਘ ਬਰਾੜ ਦੇ ਹੱਥ , ਜਿਲਾ ਬਰਨਾਲਾ ਦੇ ਵਿਜੀਲੈਂਸ ਦੀ ਕਮਾਂਡ ਆ ਜਾਣ ਤੋਂ ਬਾਅਦ ਜਿਲ੍ਹੇ ਅੰਦਰ ਭ੍ਰਿਸ਼ਟਾਚਾਰ ਵਿੱਚ ਗਲਤਾਨ,ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੰਬਣੀ ਛਿੜ ਗਈ ਹੈ। ਸੁਭਾਅ ਪੱਖੋਂ ਬਹੱਦ ਸਖਤ ਤੇ ਮਿਹਨਤੀ ਅਤੇ ਇਮਾਨਦਾਰ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਬਰਾੜ ,ਇਸ ਤੋਂ ਪਹਿਲਾਂ ਵੀ ਬਰਨਾਲਾ ਜਿਲੇ ਅੰਦਰ ਬਤੌਰ ਟਰੈਫ਼ਿਕ ਇੰਚਾਰਜ, ਸਾਂਝ ਕੇਂਦਰ ਇੰਚਾਰਜ ਅਤੇ ਓ.ਐਸ.ਆਈ. ਦੇ ਤੌਰ ‘ਤੇ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਬਰਾੜ ਦੁਆਰਾ ਆਪਣੇ ਕਾਰਜਕਾਲ ਦੌਰਾਨ ਬਰਨਾਲਾ ਸ਼ਹਿਰ ਵਿੱਚ ਕੀਤੇ ਗਏ ਮਿਸਾਲੀ ਟਰੈਫ਼ਿਕ ਕੰਟਰੋਲ ਦੀ ਅੱਜ ਵੀ ਲੋਕ ਮੂੰਹੋ-ਮੂੰਹ ਸ਼ਲਾਘਾ ਕਰਦੇ ਹਨ।। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਬਰਾੜ ਪਟਿਆਲਾ ਵਿਖੇ ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਅਤੇ ਡੀ.ਐਸ.ਪੀ. ਪਦਉੱਨਤ ਹੋਣ ਤੋਂ ਬਾਅਦ ਮਲੋਰਕੋਟਲਾ ਵਿਖੇ ਡੀ.ਐਸ.ਪੀ. ਕਾਊਂਟਰ ਇੰਟੈਲੀਜੈਂਸ, ਬਠਿੰਡਾ ਵਿਖੇ ਡੀ.ਐਸ.ਪੀ.ਸਾਈਬਰ ਕਰਾਈਮ ਅਤੇ ਲੁਧਿਆਣਾ ਵਿਖੇ ਡੀ.ਐਸ.ਪੀ. ਵਿਜੀਲੈਂਸ ਦੀਆਂ ਸ਼ਾਨਦਾਰ ਸੇਵਾਵਾਂ ਵੀ ਨਿਭਾਅ ਚੁੱਕੇ ਹਨ। ਲੁਧਿਆਣਾ ਵਿਖੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਗ੍ਰਿਫ਼ਤਾਰ ਕਰਨ ਸਮੇਂ ਡੀ.ਐਸ.ਪੀ. ਪਰਮਿੰਦਰ ਸਿੰਘ ਬਰਾੜ ਦਾ ਅਹਿਮ ਰੋਲ ਰਿਹਾ ਸੀ ਅਤੇ ਗ੍ਰਿਫ਼ਤਾਰੀ ਸਮੇਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨਾਲ , ਗਿਰਫਤਾਰੀ ਨੂੰ ਲੈ ਕੇ ਉਨ੍ਹਾਂ ਦੀ ਤਕਰਾਰਬਾਜੀ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਸੀ। ਇੱਕ ਸੰਖੇਪ ਮਿਲਣੀ ਦੌਰਾਨ ਡੀ.ਐਸ.ਪੀ. ਬਰਾੜ ਨੇ ਜਿੱਥੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਨਸੀਹਤ ਦਿੱਤੀ, ਉੱਥੇ ਹੀ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ/ ਕਰਮਚਾਰੀ ਜਾਇਜ /ਨਜਾਇਜ਼ ਕੰਮ ਕਰਨ ਬਦਲੇ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ ਬਰਨਾਲਾ ਜਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਡੀਐਸਪੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟੌਲਰੈਂਸ ਦੀ ਨੀਤੀ ਤੇ ਪਹਿਰਾ ਦਿੰਦਿਆਂ ਕਿਸੇ ਵੀ ਰਿਸ਼ਵਤਖੋਰ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।