ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਰਾਸ਼ਨ ਡਿਪੂਆਂ ‘ਤੇ ਕਣਕ ਦੀ ਵੰਡ ਪ੍ਰਕ੍ਰਿਆ ਅਤੇ ਆਂਗਣਵਾੜੀ ਸੈਂਟਰਾਂ ‘ਚ ਮਿਡ ਡੇ ਮੀਲ ਦਾ ਲਿਆ ਜਾਇਜ਼ਾ
ਰਾਜੇਸ਼ ਗੋਤਮ , ਪਟਿਆਲਾ, 22 ਫਰਵਰੀ 2023
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਅੱਜ ਪਟਿਆਲਾ ਜ਼ਿਲ੍ਹੇ ‘ਚ ਧਰੇੜੀ ਜੱਟਾਂ, ਅਜਰਾਵਰ ਅਤੇ ਭਾਦਸੋਂ ਵਿਖੇ ਰਾਸ਼ਨ ਡਿਪੂਆਂ ‘ਤੇ ਰਾਸ਼ਨ ਵੰਡ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਨਾਲ ਹੀ ਸਰਕਾਰੀ ਐਲੀਮੈਂਟਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿਖੇ ਵੀ ਮਿਡ ਡੇ ਮੀਲ ਦਾ ਜਾਇਜ਼ਾ ਲਿਆ।
ਇਸ ਦੌਰਾਨ ਪ੍ਰੀਤੀ ਚਾਵਲਾ ਨੇ ਜਿੱਥੇ ਰਾਸ਼ਨ ਦੇ ਲਾਭਪਾਤਰੀਆਂ ਤੋਂ ਫੀਡਬੈਕ ਹਾਸਲ ਕੀਤੀ ਉਥੇ ਹੀ ਉਨ੍ਹਾਂ ਨੇ ਸਕੂਲ ਅਧਿਆਪਕਾਂ ਤੇ ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੇ ਜਾਂਦੇ ਖਾਣੇ ਦੇ ਮਾਮਲੇ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਸੈਂਪਲ ਜਾਂਚ ਜਰੂਰ ਕਰਵਾਏ ਜਾਣ।
ਫੂਡ ਕਮਿਸ਼ਨ ਮੈਂਬਰ ਨੇ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਸਮੇਤ ਸਕੂਲ ਦੇ ਅਧਿਆਪਕਾਂ ਨੂੰ ਕੁਝ ਜਰੂਰੀ ਹਦਾਇਤਾਂ ਦਿੱਤੀਆਂ, ਜਿਸ ‘ਤੇ ਇਨ੍ਹਾਂ ਨੇ ਭਰੋਸਾ ਦਿੱਤਾ ਕਿ ਬੱਚਿਆਂ ਨੂੰ ਬਿਹਤਰ ਢੰਗ ਨਾਲ ਮਿਡ ਡੇ ਮੀਲ ਖਾਣਾ ਪ੍ਰਦਾਨ ਕਰਨ ਸਬੰਧੀ ਹੋਰ ਵੀ ਸੁਧਾਰ ਕੀਤੇ ਜਾਣਗੇ।
ਫੂਡ ਕਮਿਸ਼ਨ ਮੈਂਬਰ ਪ੍ਰੀਤੀ ਚਾਵਲਾ ਨੇ ਰਾਸ਼ਨ ਡਿਪੂਆਂ ‘ਤੇ ਮੌਜੂਦ ਸਥਾਨਕ ਲਾਭਪਾਤਰੀ ਖਪਤਕਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਵੀ ਜਾਣੇ ਤੇ ਕਣਕ ਦੀ ਵੰਡ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਲਾਭਪਾਤਰੀ ਵਸਨੀਕਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਸਮਾਰਟ ਕਾਰਡ ਸਕੀਮ ਜਰੀਏ ਵੰਡੀ ਜਾਂਦੀ ਕਣਕ ਤੇ ਹੋਰ ਸਮੱਗਰੀ ਪ੍ਰਤੀ ਜੇਕਰ ਕਿਸੇ ਨੂੰ ਸ਼ਿਕਾਇਤ ਹੋਵੇ ਤਾਂ ਇਹ ਪੰਜਾਬ ਰਾਜ ਖੁਰਾਕ ਕਮਿਸ਼ਨ ਕੋਲ ਮੋਬਾਇਲ ਨੰਬਰ 9876764545 ‘ਤੇ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਰਜ ਕਰਵਾਈ ਜਾ ਸਕਦੀ ਹੈ।