ਮੁੱਖ ਮੰਤਰੀ ਤੇ ਕੇਜਰੀਵਾਲ ਦੱਸਣ ਕਿ ਉਹ ਅਮਿਤ ਰਤਨ ਦਾ ਬਚਾਅ ਇਸ ਕਰ ਕੇ ਕਰ ਰਹੇ ਹਨ ਕਿ ਉਹਨਾਂ ਨੂੰ ਵੀ ਉਸਦੇ ਦੋ ਨੰਬਰੀ ਪੈਸੇ ਵਿਚੋਂ ਲਾਭ ਮਿਲਿਆ ਹੈ : ਸੁਖਬੀਰ
ਰਤਨ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਉਹ ਦੇ ਘੁਟਾਲਿਆਂ ਦੀ ਜਾਂਚ ਕਰਨ ਦੀ ਕੀਤੀ ਮੰਗ
ਬੀ.ਟੀ.ਐਨ. ਆਦਮਪੁਰ, 17 ਫਰਵਰੀ 2023
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਣ ਕਿ ਕੀ ਉਹ ਬਠਿੰਡਾ ਦਿਹਾਤੀ ਤੋਂ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਬਚਾਅ ਇਸ ਕਰ ਕੇ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਵੀ ਰਤਨ ਦੇ ਦੋ ਨੰਬਰੀ ਪੈਸੇ ਵਿਚੋਂ ਹਿੱਸਿਆ ਮਿਲਿਆ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਘਿਨੌਣੀ ਹਰਕਤ ਹੈ ਕਿ ਆਪ ਸਰਕਾਰ ਬਠਿੰਡਾ ਤੋਂ ਭ੍ਰਿਸ਼ਟ ਵਿਧਾਇਕ ਨੂੰ ਪਿੰਡ ਘੁੱਦਾ ਦੇ ਸਰਪੰਚ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਰੰਗੇ ਹੱਥੀਂ ਫੜੇ ਜਾਣ ਤੋਂ ਬਾਅਦ ਤੁਰੰਤ ਉਸ ਦਾ ਬਚਾਅ ਕਰਨ ਵਿਚ ਨਿੱਤਰ ਵਿਚ ਆਈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਸਿਰਫ ਮੁੱਖ ਮੰਤਰੀ ਜਾਂ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸੰਭਵ ਹੈ। ਉਹਨਾਂ ਕਿਹਾ ਕਿ ਇਹ ਗੱਲ ਰਿਕਾਰਡ ’ਤੇ ਮੌਜੂਦ ਹੈ ਕਿ ਅਮਿਤ ਰਤਨ ਨੇ ਸਰਪੰਚ ਤੋਂ 5 ਲੱਖ ਰੁਪਏ ਰਿਸ਼ਵਤ ਮੰਗੀ ਸੀ। ਉਹਨਾਂ ਕਿਹਾ ਕਿ ਵਿਧਾਇਕ ਦੀ ਬਠਿੰਡਾ ਸਰਕਟ ਹਾਊਸ ਵਿਚ ਮੌਜੂਦ ਹੋਣ ਵੇਲੇ ਵੀਡੀਓ ਬਣਾਈ ਗਈ । ਜਦੋਂ ਉਸ ਨੂੰ ਰਿਸ਼ਵਤ ਦਾ ਪੈਸਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਹਨਾਂ ਸਾਰੇ ਸਬੂਤਾਂ ਦੇ ਬਾਵਜੂਦ ਅਮਿਤ ਰਤਨ ਦਾ ਬਚਾਅ ਕਰ ਕੇ ਸਾਰਾ ਦੋਸ਼ ਉਸ ਦੇ ਪੀ ਏ ਸਿਰ ਮੜ੍ਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਹੁਣ ਉਸ ਨੂੰ ਵੀ ਪ੍ਰਾਈਵੇਟ ਵਿਅਕਤੀ ਕਰਾਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸਭ ਸੱਚ ਹੈ ਤਾਂ ਫਿਰ ਅਮਿਤ ਰਤਨ ਨੂੰ ਸਰਕਟ ਹਾਊਸ ਪਿਛਲੇ ਗੇਟ ਤੋਂ ਭੱਜਣ ਦੀ ਲੋੜ ਕਿਉਂ ਪਈ । ਜਿਸ ਦੀ ਵੀਡੀਓ ਸੀ ਸੀ ਟੀ ਵੀ ਵਿਚ ਕੈਦ ਹੋ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਮਿਤ ਰਤਨ ਦੀਆਂ ਭ੍ਰਿਸ਼ਟ ਗਤੀਵਿਧੀਆਂ ਉਦੋਂ ਹੀ ਜੱਗ ਜ਼ਾਹਰ ਹੋ ਗਈਆਂ ਸਨ । ਜਦੋਂ ਉਹ ਅਕਾਲੀ ਦਲ ਦਾ ਮੈਂਬਰ ਸੀ। ਉਹਨਾਂ ਕਿਹਾ ਕਿ ਅਸੀਂ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਹੀ ਹੇਠ ਉੱਚ ਪੱਧਰੀ ਕਮੇਟੀ ਬਣਾ ਕੇ ਉਹਨਾਂ ਖਿਲਾਫ ਸੈਂਕੜੇ ਕਿਸਾਨਾਂ ਅਤੇ ਪਾਰਟੀ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਰਤਨ ਨੇ ਉਹਨਾਂ ਤੋਂ ਲੱਖਾਂ ਰੁਪਏ ਬਟੋਰ ਲਏ ਹਨ ਤੇ ਉਹ ਵਾਪਸ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ ਤੇ ਆਪ ਪਾਰਟੀ ਨੇ ਉਸ ਨੂੰ ਅਪਣਾ ਲਿਆ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਟਿਕਟ ਦੇ ਦਿੱਤੀ ਸੀ।
ਬਾਦਲ ਨੇ ਮੰਗ ਕੀਤੀ ਕਿ ਆਪ ਵਿਧਾਇਕ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰੇ ਮਾਮਲੇ ਤੇ ਰਤਨ ਦੇ ਸਾਰੇ ਘੁਟਾਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਰਤਨ ਨੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਹੋਰਨਾਂ ਤੋਂ ਵੀ ਰਿਸ਼ਵਤ ਲਈ ਹੋਵੇਗੀ। ਉਹਨਾਂ ਕਿਹਾ ਕਿ ਇਹਨਾਂ ਹਰਕਤਾਂ ਦੀ ਜਾਂਚ ਜ਼ਰੂਰੀ ਹੈ ਤਾਂ ਜੋ ਜਿਹਨਾਂ ਨਾਲ ਭ੍ਰਿਸ਼ਟ ਵਿਧਾਇਕ ਨੇ ਠੱਗੀ ਮਾਰੀ ਹੈ, ਉਹਨਾਂ ਨੂੰ ਨਿਆਂ ਦਿੱਤਾ ਜਾ ਸਕੇ।
ਆਦਮਪੁਰ ਹਲਕੇ ਦੇ ਦੌਰੇ ਵੇਲੇ ਅੱਜ ਸੁਖਬੀਰ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਤੇ ਸੰਤ ਬਾਬਾ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਲਿਆ। ਇਸ ਤੋਂ ਪਹਿਲਾਂ ਉਹ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕਪੂਰ ਢੇਪੁਰ ਵਿਖੇ ਵੀ ਨਤਮਸਤਕ ਹੋਏ ਤੇ ਸੰਤ ਪਰਦਾਸ ਦਾਸ ਜੀ ਤੋਂ ਆਸ਼ੀਰਵਾਦ ਲਿਆ।
ਅਕਾਲੀ ਦਲ ਦੇ ਪ੍ਰਧਾਨ ਨੇ ਸ਼ਿਵਰਾਤਰੀ ਮੌਕੇ ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਅਤੇ ਸ੍ਰੀ ਠਾਕੁਰ ਦਵਾਰਾ ਮੰਦਿਰ ਆਦਮਪੁਰ ਸ਼ਹਿਰ ਵਿਖੇ ਵੀ ਨਤਮਸਤਕ ਹੋਕੇ ਆਸ਼ੀਰਵਾਦ ਲਿਆ। ਬਾਦਲ ਨੇ ਸਥਾਨਕ ਲੋਕਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਨ ’ਤੇ ਧੰਨਵਾਦ ਕੀਤਾ ਤੇ ਇਸ ਮੌਕੇ ਦੁਕਾਨਦਾਰਾਂ ਨੇ ਮਾਰਕੀਟ ਦੌਰੇ ਵੇਲੇ ਉਹਨਾਂ ਨੂੰ ਫੁੱਲਾਂ ਦੇ ਹਾਰ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਬਾਦਲ ਦੇ ਨਾਲ ਆਦਮਪੁਰ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਸਨ।