ਜਾਲ੍ਹੀ ਦਸਤਾਵੇਜ ਸਾਹਮਣੇ ‘ਤੇ ਪ੍ਰਸ਼ਾਸ਼ਨ ਦੀ ਸਾਜਿਸ਼ੀ ਚੁੱਪ !
ਹਰਿੰਦਰ ਨਿੱਕਾ , ਬਰਨਾਲਾ 3 ਜਨਵਰੀ 2023
ਸ਼ਹਿਰ ਅੰਦਰ ਜਾਲ੍ਹੀ ਦਸਤਾਵੇਜ਼ ਬਣਾਉਣ ਵਾਲਿਆਂ ਦੀ ਭਰਮਾਰ ਹੈ। ਪਹਿਲਾਂ ਜਾਲ੍ਹੀ ਭਾਰ ਮੁਕਤ ਸਰਟੀਫਿਕੇਟ (EC) ਫਿਰ ਜਾਲ੍ਹੀ ਅਧਾਰ ਕਾਰਡ ਤਿਆਰ ਕਰਨ ਦਾ ਮਾਮਲਾ ਉਭਰਿਆ ਤੇ ਹੁਣ ਜਾਲ੍ਹੀ ਲਾਭਪਾਤਰੀਆਂ ਤਿਆਰ ਕਰਨ ਦੀ ਗੱਲ ਸਾਹਮਣੇ ਆਈ ਹੈ। ਜਾਲ੍ਹੀ ਦਸਤਾਵੇਜ਼ ਤਿਆਰ ਕਰਨ ਵਾਲੇ ਕੋਈ ਬਾਹਰੋਂ ਨਹੀਂ, ਬਲਕਿ ਸ਼ਹਿਰ ਦੇ ਰਹਿਣ ਵਾਲੇ ਹੀ ਹਨ। ਇੱਕ ਤੋਂ ਬਾਅਦ ਇੱਕ ਵੱਖ-ਵੱਖ ਤਰਾਂ ਦੇ ਜਾਲ੍ਹੀ ਦਸਤਾਵੇਜ ਸਾਹਮਣੇ ਆਉਣ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਦਹਿਲੀਜ਼ ਤੇ ਪਹੁੰਚੀਆਂ ਸ਼ਕਾਇਤਾਂ ਤੋਂ ਬਾਅਦ ਵੀ, ਸਿਵਲ ਅਤੇ ਪੁਲਿਸ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਧਾਰੀ ਚੁੱਪ ਵੀ ਪ੍ਰਸ਼ਾਸ਼ਨ ਦੀ ਕਾਰਜ਼ਸ਼ੈਲੀ ਨੂੰ ਕਟਿਹਰੇ ‘ਚ ਖੜ੍ਹਾ ਕਰ ਰਹੀ ਹੈ । ਆਖਿਰਕਾਰ ਪਤਾ ਨਹੀਂ ਕਿਉਂ , ਅਜਿਹੇ ਉੱਭਰ ਰਹੇ ਬਹੁਤੇ ਮਾਮਲਿਆਂ ਦੀ ਪੜਤਾਲ ਉਪਰੰਤ ਹੋਣ ਵਾਲੀ ਕਾਰਵਾਈ ਦੀ ਸਪੀਡ ਨੂੰ ਸੱਤਾਧਾਰੀ ਧਿਰ ਦੇ ਆਗੂ ਹੀ ਗਾਹੇ-ਬੇਗਾਹੇ ਬਰੇਕਾਂ ਲਾਉਂਦੇ ਨਜ਼ਰ ਪੈਂਦੇ ਹਨ। ਜਾਲ੍ਹੀ ਲਾਭਪਾਤਰੀ ਕਾਪੀਆਂ ਬਣਾਉਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਹੈ। ਜਦੋਂ ਇੱਕੋ ਹੀ ਸੀਰੀਅਲ ਨੰਬਰ ਦੀਆਂ ਤਿੰਨ ਲਾਭਪਾਤਰੀ ਕਾਪੀਆਂ ਸਾਹਮਣੇ ਆ ਗਈਆਂ। ਇਸ ਪੂਰੇ ਗੜਬੜ ਘੁਟਾਲੇ ਦੀ ਸ਼ਕਾਇਤ ਅਮਨਦੀਪ ਸਿੰਘ ਪੁੱਤਰ ਸ੍ਰੀ ਬਲਵਿੰਦਰ ਸਿੰਘ ਵਾਸੀ ਜੰਡਾ ਵਾਲਾ ਰੋਡ, ਘੁਮਿਆਰਾ ਵਾਲੀ ਗਲੀ ਬਰਨਾਲਾ ਨੇ ਲੇਬਰ ਇੰਸਪੈਕਟਰ ਦਫਤਰ ਬਰਨਾਲਾ ਅਤੇ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਨੂੰ ਦੇ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ
ਅਮਨਦੀਪ ਸਿੰਘ ਨੇ ਸ਼ਕਾਇਤ ਵਿੱਚ ਲਿਖਿਆ ਹੈ ਕਿ ਉਸ ਦੇ ਪਿਤਾ ਦੇ ਨਾਮ ਪਰ ਕਰੀਬ ਇੱਕ ਸਾਲ ਪਹਿਲਾਂ ਸ਼ਹਿਰ ਦੀ ਇੱਕ ਦੁਕਾਨ ਤੋਂ ਲਾਭਪਾਤਰੀ ਬਣਵਾਈ ਸੀ। ਜਿਸ ਨੂੰ ਬਣਾਉਣ ਲਈ ਦੁਕਾਨਦਾਰ ਨੇ 2 ਹਜ਼ਾਰ ਰੁਪਏ ਲਿਆ ਸੀ। ਉਸੇ ਦੁਕਾਨਦਾਰ ਤੋਂ ਮੇਰੀ ਭੈਣ ਦੇ ਵਿਆਹ ਲਈ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ ਫਾਈਲ ਤਿਆਰ ਕਰਵਾਈ ਸੀ । ਦੁਕਾਨਦਾਰ ਨੇ ਕਿਹਾ ਸੀ ਕਿ ਉਸ ਨੇ ਸਕੀਮ ਦਾ ਲਾਭ ਦਿਵਾਉਣ ਲਈ ਫਾਈਲ ਨੰਬਰ 1836 ਤੇ ਸਬੰਧਿਤ ਦਫਤਰ ਵਿੱਚ ਜਮ੍ਹਾ ਕਰਵਾ ਦਿੱਤੀ ਹੈ। ਮੇਰੇ ਪਿਤਾ ਨੂੰ ਦੁਕਾਨਦਾਰ ਵੱਲੋਂ ਦਿੱਤੀ ਲਾਭਪਾਤਰੀ ਕਾਪੀ ਦਾ ਨੰਬਰ PB.75 W.031323 ਹੈ । ਅਮਨਦੀਪ ਨੇ ਦੱਸਿਆ ਕਿ ਜਦੋਂ ਲੰਬਾ ਸਮਾਂ ਬੀਤ ਜਾਣ ਤੇ ਵੀ ਸਰਕਾਰੀ ਲਾਭ ਨਾ ਮਿਲਣ ਬਾਰੇ, ਦਫਤਰ ਵਿੱਚ ਪਤਾ ਕੀਤਾ ਤਾਂ, ਉੱਥੋਂ ਪਤਾ ਲੱਗਿਆ ਕਿ ਉੱਥੇ ਨਾ ਤਾਂ ਫਾਈਲ ਜਮ੍ਹਾਂ ਕਰਵਾਈ ਗਈ ਹੈ ਅਤੇ ਨਾ ਹੀ ਦਫਤਰ ਦੇ ਰਿਕਾਰਡ ਅਨੁਸਾਰ ਲਾਭਪਾਤਰੀ ਬਣੀ ਹੋਈ ਹੈ। ਹੋਰ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਉਕਤ ਨੰਬਰ ਦੀ ਲਾਭਪਾਤਰੀ ਜਗਸੀਰ ਸਿੰਘ ਦੇ ਨਾਂ ਵੀ ਬਣੀ ਹੋਈ ਹੈ। ਜਦੋਂਕਿ ਉਕਤ ਨੰਬਰ ਦੀ ਰਿਕਾਰਡ ਅਨੁਸਾਰ ਅਸਲੀ ਲਾਭਪਾਤਰੀ ਭੋਲਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਮਗੜੀਆ ਰੋਡ ਬਰਨਾਲਾ ਦੇ ਨਾਮ ਪਰ ਦਰਜ਼ ਹੈ। ਉਨਾਂ ਕਿਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਾਲ੍ਹੀ ਫਰਜੀ ਲਾਭਪਾਤਰੀਆਂ ਤਿਆਰ ਕਰਨ ਦੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ,ਭੋਲੇ-ਭਾਲੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ ਅਤੇ ਜਾਲ੍ਹੀ ਫਰਜੀ ਦਸਤਾਵੇਜ਼ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਪੜਤਾਲ ਕਰਕੇ,ਕਰਾਂਗੇ ਕਾਨੂੰਨੀ ਕਾਰਵਾਈ-ਲੇਬਰ ਇੰਸਪੈਕਟਰ
ਲੇਬਰ ਇੰਸਪੈਕਟਰ ਨੇਹਾ ਗੁਪਤਾ ਨੇ ਜਾਲ੍ਹੀ ਲਾਭਪਾਤਰੀਆਂ ਦੇ ਮਾਮਲੇ ਬਾਰੇ ਪੁੱਛਣ ਤੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਉਪਰੰਤ ਦੋਸ਼ੀ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ।
ਫਲੈਸ਼ਬੈਕ ਮਾਮਲੇ,, 3 ਜਨਵਰੀ 2023 ਨੂੰ ਸ਼ਹਿਰ ਅੰਦਰ ਧੜ੍ਹਲੇ ਨਾਲ ਭਾਰ ਮੁਕਤ ਸਰਟੀਫਿਕੇਟ ਜ਼ਾਰੀ ਹੋਣ ਦਾ ਮਾਮਲਾ ਅਤੇ 5 ਜਨਵਰੀ ਨੂੰ ਜਾਲ੍ਹੀ ਅਧਾਰ ਕਾਰਡ ਜ਼ਾਰੀ ਹੋਣ ਦਾ ਮਾਮਲਾ, ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਉਜ਼ਾਗਰ ਕੀਤਾ ਗਿਆ ਸੀ। ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਇੱਨ੍ਹਾਂ ਮਾਮਲਿਆਂ ਦੀ ਪੜਤਾਲ ਕਰਨ ਦੇ ਦਾਅਵੇ ਵੀ ਕੀਤੇ ਗਏ ਸਨ। ਪਰੰਤੂ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਅਧਿਕਾਰੀਆਂ ਦੇ ਬਿਆਨ ਪੜਤਾਲ ਜ਼ਾਰੀ ਹੈ ਤੋਂ ਇੱਕ ਕਦਮ ਵੀ ਅੱਗੇ ਨਹੀਂ ਵਧੇ।