ਰਿਚਾ ਨਾਗਪਾਲ , ਪਟਿਆਲਾ 20 ਜਨਵਰੀ 2023
ਸ਼ਿਵ ਸੈਨਾ ਹਿੰਦੁਸਤਾਨ ਨਾਲ ਸਬੰਧਿਤ ਮਹਿਲਾ ਸੈਨਾ ਦੀ ਉੱਤਰੀ ਭਾਰਤ ਦੀ ਪ੍ਰਧਾਨ ਸਵਰਾਜ ਘੁੰਮਣ ਭਾਟੀਆ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕੀਤੀ ਹੈ। ਸਵਰਾਜ ਘੁੰਮਣ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਕੇਵਲ ਰਾਜਨੀਤੀ ਹੋ ਰਹੀ ਹੈ, ਅਜਿਹੀ ਰਾਜਨੀਤੀ ਪਹਿਲਾਂ ਸ੍ਰੋਮਣੀ ਅਕਾਲੀ ਦਲ ਬਾਦਲ ਕਰਦਾ ਆਇਆ ਹੈ । ਉਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਭਾਰ ਕੇ ਇਸ ਨੂੰ ਖੂਬ ਹਵਾ ਦਿੱਤੀ ਗਈ, ਹੁਣ ਇਸ ਦਾ ਨਤੀਜਾ ਇਹ ਨਿੱਕਲਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਹਮਾਇਤ ਵਿੱਚ ਪਹੁੰਚੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਕੁੱਝ ਵਿਅਕਤੀਆਂ ਨੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਹ ਹਮਲਾ, ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਵੱਲੋਂ ਖੇਡੀ ਕੋਝੀ ਰਾਜਨੀਤੀ ਦਾ ਅੰਜਾਮ ਕੀ ਹੋ ਸਕਦਾ ਹੈ। ਸਵਰਾਜ ਘੁੰਮਣ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰੇ ਵਿਚ ਪਾਉਣ ਵਾਲੇ ਜੇਲ੍ਹਾਂ ਵਿੱਚ ਬੰਦ ਵਿਅਕਤੀਆਂ ਨੂੰ ਬੰਦੀ ਸਿੰਘਾ ਦਾ ਨਾਂਅ ਦੇ ਕੇ ਰਾਜਨੀਤੀ ਖੇਡਣ ਲਈ ਲਾਏ ਮੋਰਚੇ ਆਉਣ ਵਾਲ਼ੇ ਸਮੇਂ ਵਿਚ ਸਾਨੂੰ ਉਸ ਦਹਾਕੇ ਵੱਲ ਧਕੇਲ ਦੇਣਗੇ ਜਿਸ ਦਰਦ ਨੂੰ ਸਾਡੀਆਂ ਪੀੜ੍ਹੀਆਂ ਨੇ ਪਿੰਡੇ ਤੇ ਹੰਡਾਇਆ ਹੈ। ਅੱਤਵਾਦੀ ਘਟਨਾਵਾਂ ਵਿੱਚ ਸ਼ਾਮਿਲ ਬੰਦੀਆਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ,ਜਿਨ੍ਹਾਂ ਨੇ ਮਾਸੂਮਾਂ ਦੇ ਕਤਲ ਕੀਤੇ ਸਨ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ ਕਤਲ ਕੀਤਾ ਹੈ। ਉਨਾਂ ਕਿਹਾ ਕਿ ਬੰਦੀ ਸਿੰਘ ਤਾਂ ਉਹ ਬਹਾਦਰ ਪੁਲਿਸ ਅਫ਼ਸਰ ਤੇ ਜਵਾਨ ਹਨ ,ਜਿਨ੍ਹਾਂ ਨੇ ਪੰਜਾਬ ਵਿੱਚ ਸ਼ਾਂਤੀ ਕਾਇਮ ਕਰਨ ਲਈ ਸੰਘਰਸ਼ ਕੀਤਾ ਅਤੇ ਅੱਜ ਵੀ ਜੇਲ੍ਹਾਂ ਚ ਬੰਦ ਹਨ। ਸਵਰਾਜ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਨਾਂ ਲੈ ਕੇ ਲਗਾਏ ਜਾ ਮੋਰਚਿਆਂ ਨੂੰ ਸਮਾਂ ਰਹਿੰਦਿਆਂ ਨੱਥ ਪਾ ਲਵੇ , ਨਹੀਂ ਤਾਂ ਇੱਨਾਂ ਪੈਦਾ ਹੋ ਰਹੇ ਹਾਲਤਾਂ ਦਾ ਅੰਜਾਮ ਬੜਾ ਖਤਰਨਾਕ ਹੋਵੇਗਾ।