ਡਿਪਟੀ ਕਮਿਸ਼ਨਰ ਫ਼ਿਰੋਜਪੁਰ ਨੇ ਸਿਵਲ ਹਸਪਤਾਲ ਵਿਚ ਪਹੁੰਚ ਕੇ ਡਿਸਚਾਰਜ ਹੋ ਰਹੇ ਸਾਰੇ ਵਿਕਤੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ, ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਨਾ ਕਰਨ ਲਈ ਵੀ ਕਿਹਾ
BTN ਫ਼ਿਰੋਜਪੁਰ, 16 ਮਈ 2020
ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਜ਼ਿਲ੍ਹੇ ਵਿਚ ਰਾਹਤ ਭਰੀ ਖ਼ਬਰ ਆਈ ਹੈ ਕਿਉਂਕਿ ਫਿਰੋਜ਼ਪੁਰ ਜ਼ਿਲ੍ਹਾ ਇੱਕ ਵਾਰ ਫਿਰ ਕੋਰੋਨਾ ਮੁਕਤ ਹੋ ਗਿਆ ਹੈ। ਸ਼ਨੀਵਾਰ ਨੂੰ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਬਾਕੀ ਦੇ 3 ਮਰੀਜ਼ਾ ਨੂੰ ਵੀ ਛੁੱਟੀ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਨੈਗੇਟਿਵ ਰਿਪੋਰਟ ਆਉਣ ਅਤੇ ਸਿਹਤ ਵਿਭਾਗ ਦੀ ਨਵੀਆਂ ਗਾਈਡਲਾਈਨਸ ਮੁਤਾਬਿਕ 39 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਹਸਪਤਾਲ ਵਿਚ ਕੁੱਲ 42 ਐਕਟਿਵ ਮਰੀਜ਼ ਸੀ, ਜੋ ਕਿ ਹੁਣ ਸਿਹਤਮੰਦ ਹੋ ਕੇ ਘਰ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ, ਸਿਵਲ ਸਰਜਨ ਡਾ. ਨਵਦੀਪ ਸਿੰਘ ਅਤੇ ਐਸਐਮਓ ਅਵਿਨਾਸ਼ ਜਿੰਦਲ ਦੀ ਮੌਜੂਦਗੀ ਵਿਚ ਸਾਰੇ ਤਿੰਨਾਂ ਮਰੀਜ਼ਾਂ ਨੂੰ ਹਸਪਤਾਲ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਉੱਪਰ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲ ਵਿਚ ਮੌਜੂਦ ਸਟਾਫ਼ ਨੇ ਤਾੜੀਆਂ ਵਜਾ ਕੇ ਘਰ ਜਾ ਰਹੇ ਲੋਕਾਂ ਦਾ ਸਨਮਾਨ ਕੀਤਾ ਅਤੇ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਵੀ ਸਾਰਿਆਂ ਨੂੰ ਮਿਠਾਈ ਵੰਡੀ। ਸਿਵਲ ਹਸਪਤਾਲ ਦੀ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਘਰ ਭੇਜਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਾਫੀ ਰਾਹਤ ਭਰੀ ਖ਼ਬਰ ਹੈ ਕਿ ਹੁਣ ਫਿਰੋਜ਼ਪੁਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਇੱਕ ਵੀ ਐਕਟਿਵ ਕੇਸ ਨਹੀਂ ਹੈ। ਸਾਰੇ ਲੋਕ ਡਿਸਚਾਰਜ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਿਹਾ ਜਾ ਸਕਦਾ ਹੈ, ਕਿਉਂਕਿ ਨਾ ਤਾ ਆਈਸੋਲੇਸ਼ਨ ਵਾਰਡ ਵਿਚ ਤੇ ਨਾ ਹੀ ਕੁਆਰਨਟਾਈਨ ਸੈਂਟਰਾਂ ਵਿਚ ਕੋਈ ਵਿਅਕਤੀ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਡਿਸਚਾਰਜ ਹੋਏ ਸਾਰੇ ਵਿਅਕਤੀ ਅਗਲੇ 7 ਦਿਨ ਤੱਕ ਹੋਮ ਆਈਸੋਲੇਸ਼ਨ ਵਿਚ ਰਹਿਣਗੇ ਅਤੇ ਕਿਸੇ ਦੇ ਸੰਪਰਕ ਵਿਚ ਨਹੀਂ ਆਉਣਗੇ। ਉਨ੍ਹਾਂ ਨੂੰ ਘਰ ਵਿਚ ਬਿਲਕੁਲ ਵੱਖਰਾ ਰਹਿਣਾ ਪਵੇਗਾ ਅਤੇ ਨਿਯਮਾਂ ਦਾ ਸਖ਼ਤੀ ਨਾਲ ਪਾਲਨਾ ਕਰਨੀ ਹੋਵੇਗੀ। ਸਾਰਿਆਂ ਦੇ ਮੋਬਾਈਲ ਵਿਚ ਕੋਵਾ ਐਪ ਡਾਊਨਲੋਡ ਕਰਵਾਈ ਗਈ ਹੈ, ਜਿਸ ਉੱਪਰ ਉਨ੍ਹਾਂ ਨੂੰ ਰੋਜ਼ਾਨਾ ਸਿਹਤ ਦੀ ਜਾਣਕਾਰੀ ਦੇਣੀ ਹੋਵੇਗੀ। ਜੀਪੀਐਸ ਰਾਹੀਂ ਵੀ ਉਨ੍ਹਾਂ ਦੀ ਮੋਨੀਟਰਿੰਗ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 1698 ਲੋਕਾਂ ਦੇ ਸੈਂਪਲ ਕੋਰੋਨਾ ਟੈੱਸਟ ਲਈ ਭੇਜੇ ਜਾ ਚੁੱਕੇ ਹਨ, ਜਿਸ ਵਿਚੋਂ 1603 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਜਦਕਿ 42 ਪੋਜਟਿਵ ਮਰੀਜ਼ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲ ਵਿਚੋਂ ਡਿਸਚਾਰਜ ਹੋ ਕੇ ਘਰ ਜਾ ਚੁੱਕੇ ਹਨ। ਹੁਣ ਸਿਰਫ਼ 29 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਲੈਬ ਵਿਚ ਪੈਂਡਿੰਗ ਹੈ।