ਵਿਧਾਇਕ ਪੰਡੋਰੀ ਵੱਲੋਂ ਅਧਿਕਾਰੀਆਂ ਨਾਲ ਕੀਤੀ ਗਈ ਅਹਿਮ ਮੀਟਿੰਗ
ਬੀਡੀਪੀਓ ਕੰਪਲੈਕਸ ਦੀ ਜਗ੍ਹਾ ਦਾ ਲਿਆ ਜਾਇਜ਼ਾ
ਰਘਵੀਰ ਹੈਪੀ , ਮਹਿਲ ਕਲਾਂ, 12 ਦਸੰਬਰ 2022
ਮਹਿਲ ਕਲਾਂ ਨੂੰ ਸਬ ਡਿਵੀਜ਼ਨ ਵਜੋਂ ਕਾਰਜਸ਼ੀਲ ਕਰਨ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਚਾਰਾਜੋਈ ਤੇਜ਼ ਕਰ ਦਿੱਤੀ ਗਈ ਹੈ। ਇਸ ਸਬੰਧੀ ਵਿਧਾਇਕ ਸ੍ਰੀ ਕੁਲਵੰਤ ਸਿੰਘ ਪੰਡੋਰੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮਹਿਲ ਕਲਾਂ ਵਿਖੇ ਅਹਿਮ ਮੀਟਿੰਗ ਕੀਤੀ ਅਤੇ ਬੀਡੀਪੀਓ ਕੰਪਲੈਕਸ ਦੀ 2 ਏਕੜ ਤੋਂ ਵੱਧ ਜਗ੍ਹਾ ਦਾ ਜਾਇਜ਼ਾ ਲਿਆ।
ਇਸ ਮੌਕੇ ਬੋਲਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮਹਿਲ ਕਲਾਂ ਸਬ ਡਿਵੀਜ਼ਨ ਦੇ ਕਾਰਜਸ਼ੀਲ ਹੋਣ ਅਤੇ ਦਫ਼ਤਰ ਬਣਨ ਨਾਲ ਇਲਾਕਾ ਵਾਸੀਆਂ ਨੂੰ ਸਰਕਾਰੀ ਕੰਮ ਕਰਵਾਉਣੇ ਆਸਾਨ ਹੋ ਜਾਣਗੇ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਮਹਿਲ ਕਲਾਂ ਵਿਖੇ ਸਬ ਡਿਵੀਜ਼ਨ ਦਫ਼ਤਰ ਬਣਾਉਣ ਦੀ ਤਜਵੀਜ਼ ਹੈ। ਜਿਸ ਤਰ੍ਹਾਂ ਹੀ ਸਰਕਾਰ ਵੱਲੋਂ ਇਸ ਸਬੰਧੀ ਨਿਰਦੇਸ਼ ਮਿਲਦੇ ਹਨ, ਨਾਲ ਹੀ ਇਮਾਰਤ ਦੇ ਕੰਮ ਨੂੰ ਅਮਲੀ ਜਾਮਾ ਪਵਾਉਣ ਦਾ ਕੰਮ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਬਲਾਕ ਮਹਿਲ ਕਲਾਂ ’ਚ 27 ਪਿੰਡ ਪੈਂਦੇ ਹਨ ਤੇ ਸਬਡਿਵੀਜ਼ਨ ਵਾਸਤੇ ਹੋਰ ਨੇੜਲੇ ਪਿੰਡਾਂ ਨੂੰ ਰਲਾਉਣ ਦੀ ਤਜਵੀਜ਼ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ, ਤਹਿਸੀਲਦਾਰ ਮਿਸ ਦਿਵਿਆ ਸਿੰਗਲਾ, ਬੀਡੀਪੀਓ ਸੁਖਦੀਪ ਸਿੰਘ ਗਰੇਵਾਲ, ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।