ਹਰਿੰਦਰ ਨਿੱਕਾ , ਬਰਨਾਲਾ 22 ਨਵੰਬਰ 2022
ਬਰਨਾਲਾ ਪੁਲਿਸ ਆਪਣੇ ਨਿਵੇਕਲੇ ਕੰਮ ਢੰਗ ਕਰਕੇ , ਹਮੇਸ਼ਾਂ ਸੁਰਖੀਆਂ ਬਟੋਰਦੀ ਰਹਿੰਦੀ ਹੈ। ਲੰਘੀ ਕੱਲ੍ਹ ਇੱਕੋ ਦਿਨ ਵਿੱਚ ਪੁਲਿਸ ਨੇ ਦੜਾ-ਸੱਟਾ ਲਵਾਉਣ ਦੇ ਦੋਸ਼ ਇੱਕੋ ਹੀ ਥਾਣੇ ਵਿੱਚ ਤਿੰਨ ਵੱਖ-ਵੱਖ ਕੇਸ ਦਰਜ਼ ਕੀਤੇ ਗਏ । ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਤਿੰਨੋਂ ਹੀ ਕੇਸਾਂ ਵਿੱਚ ਇੱਕੋ ਖਾਈਵਾਲ ਰਾਜ ਕੁਮਾਰ ਨੂੰ ਹੀ ਕਾਬੂ ਕੀਤਾ ਦਿਖਾਇਆ ਗਿਆ ਹੈ । ਤਿੰਨੋਂ ਕੇਸਾਂ ‘ਚ ਫਰਕ ਸਿਰਫ ਇੰਨ੍ਹਾਂ ਹੈ ਕਿ ਕਾਬੂ ਕੀਤੇ ਦਿਖਾਏ ਕਥਿਤ ਮੁਜ਼ਰਮ ਰਾਜ ਕੁਮਾਰ ਤੋਂ ਬਰਾਮਦ ਕੀਤੀ ਗਈ ਰਾਸ਼ੀ ਵੱਖ ਵੱਖ ਹੋਣ ਦਾ ਜਿਕਰ ਕੀਤਾ ਗਿਆ ਹੈ ਅਤੇ ਗਿਰਫਤਾਰ ਕਰਨ ਦੀ ਜਗ੍ਹਾ ਵੀ ਵੱਖ ਵੱਖ ਦਰਸਾਈ ਗਈ ਹੈ । ਵਰਨਣਯੋਗ ਹੈ ਕਿ ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ਼ ਐਫ.ਆਈ. ਆਰ. ਨੰਬਰ 521/522 ਤੇ 523 ਕ੍ਰਮਾਨੁਸਾਰ ਬਰਖਿਲਾਫ ਰਾਜ ਕੁਮਾਰ ਵਾਸੀ ਰਾਧਾ ਸੁਆਮੀ ਵਾਲੀ ਗਲੀ ਰੈਪੀਅਨ ਸਕੂਲ ਦੇ ਸਾਹਮਣੇ ਬਰਨਾਲਾ, ਸ਼ੰਟੀ ਸਿੰਘ ਵਾਸੀ ਧਨੌਲਾ ਰੋਡ, ਦਸ਼ਮੇਸ਼ ਨਗਰ ਨੇੜੇ ਗੁਰੂਦੁਆਰਾ ਬਰਨਾਲਾ ਤੇ ਗਗਨਦੀਪ ਸਿੰਘ ਉਰਫ ਗੋਲਡੀ ਵਾਸੀ ਪਟੇਲ ਨਗਰ, ਗਲੀ ਨੰਬਰ 4, ਕੇ.ਸੀ. ਰੋਡ ਬਰਨਾਲਾ ਦਰਜ਼ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਦੀ ਇਹ ਕਾਰਜ਼ਸ਼ੈਲੀ, ਉਨ੍ਹਾਂ ਦੇ ਵਰਕਲੋਡ ਦਾ ਪ੍ਰਤੱਖ ਸਬੂਤ ਹੀ ਹੈ , ਬੇਸ਼ੱਕ ਕੋਈ ਵਿਅਕਤੀ ਜਾਂ ਆਲ੍ਹਾ ਪੁਲਿਸ ਅਧਿਕਾਰੀ ਇਸ ਨੂੰ ਪੁਲਿਸ ਦੀ ਲਾਪਰਵਾਹੀ ਜਾਂ ਕਲੈਰੀਕਲ ਮਿਸਟੇਕ ਕਹਿ ਵੀ ਪੱਲਾ ਝਾੜ ਸਕਦਾ ਹੈ।
ਇਹ ਕ੍ਰਾਈਮ ਰਿਪੋਰਟ ਬੋਲਦੀ ਐ,,
ਐਫ.ਆਈ.ਆਰ. ਨੰਬਰ 521 ਅਨੁਸਾਰ ਹੌਲਦਾਰ ਮਨਦੀਪ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜ ਕੁਮਾਰ , ਹੰਡਿਆਇਆ ਬਜ਼ਾਰ ਦੀਆਂ ਦੁਕਾਨਾਂ ਅੱਗੇ ਸਰੇਆਮ ਖਾਈ-ਬਾਈ ਕਰ ਰਿਹਾ ਹੈ ਅਤੇ ਆਮ ਆਉਣ ਜਾਣ ਵਾਲੇ ਲੋਕਾਂ ਤੋਂ ਖਾਈ-ਬਾਈ ਦਾ ਦੜਾ ਸੱਟਾ ਲਗਵਾ ਰਿਹਾ ਹੈ । ਜਿਸ ਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਰਾਜ ਕੁਮਾਰ ਨੂੰ ਰੇਡ ਕਰਕੇ ਹਸਬ ਜਾਬਤਾ ਗ੍ਰਿਫਤਾਰ ਕਰਕੇ 2460 ਰੂਪੈ ਅਤੇ ਪਰਚਾ ਦੜਾ ਸੱਟਾ, ਗੱਤਾ ਬਾਲਪਿੰਨ ਬ੍ਰਾਮਦ ਕੀਤਾ ਗਿਆ ।
ਐਫ.ਆਈ.ਆਰ. ਨੰਬਰ 522 ਅਨੁਸਾਰ ਸਹਾਇਕ ਥਾਣੇਦਾਰ ਬਲੀ ਰਾਮ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਟੀ ਸਿੰਘ ਪੁਰਾਣਾ ਸਿਨੇਮਾ ਦੇ ਸਾਹਮਣੇ ਗਲੀ ਵਿੱਚ ਨੁੱਕਰ ਤੇ ਬੈਠ ਕੇ ਸਰੇਆਮ ਖਾਈ ਬਾਈ ਕਰ ਰਿਹਾ ਹੈ ਅਤੇ ਆਮ ਆਉਣ ਜਾਣ ਵਾਲੇ ਲੋਕਾਂ ਤੋਂ ਖਾਈ-ਬਾਈ ਦਾ ਦੜਾ ਸੱਟਾ ਲਗਵਾ ਰਿਹਾ ਹੈ । ਦੋਸ਼ੀ ਰਾਜ ਕੁਮਾਰ ਨੂੰ ਰੇਡ ਕਰਕੇ ਹਸਬ ਜਾਬਤਾ ਗ੍ਰਿਫਤਾਰ ਕਰਕੇ 1450 ਰੂਪੈ ਅਤੇ ਗੱਤਾ ਬਾਲਪਿੰਨ ਬ੍ਰਾਮਦ ਕੀਤਾ ਗਿਆ ।
ਐਫ.ਆਈ.ਆਰ. ਨੰਬਰ 523 ਅਨੁਸਾਰ ਸਹਾਇਕ ਥਾਣੇਦਾਰ ਸੇਵਾ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗਗਨਦੀਪ ਉਰਫ ਗੋਲਡੀ , ਅੱਗਰਵਾਲ ਧਰਮਸਾਲਾ ਹੰਡਿਆਇਆ ਬਜਾਰ ਬਰਨਾਲਾ ਪਾਸ ਖੜਾ ਹੋ ਕੇ ਸਰੇਆਮ ਖਾਈ ਬਾਈ ਕਰ ਰਿਹਾ ਹੈ ਅਤੇ ਆਮ ਆਉਣ ਜਾਣ ਵਾਲੇ ਲੋਕਾਂ ਤੋਂ ਖਾਈ-ਬਾਈ ਦਾ ਦੜਾ ਸੱਟਾ ਲਗਵਾ ਰਿਹਾ ਹੈ । ਜਿਸ ਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਰਾਜ ਕੁਮਾਰ ਨੂੰ ਰੇਡ ਕਰਕੇ ਹਸਬ ਜਾਬਤਾ ਗ੍ਰਿਫਤਾਰ ਕਰਕੇ 950 ਰੂਪੈ ਅਤੇ ਗੱਤਾ ਬਾਲਪਿੰਨ ਬ੍ਰਾਮਦ ਕੀਤਾ ਗਿਆ ।
ਆਹ ਪੜ੍ਹੋ ਸਬੂਤ