ਯੂਨੀਵਰਸਿਟੀ ਕਾਲਜ ਬੇਨੜਾ ਵਿੱਚ ਵਿਦਿਆਰਥੀਆਂ ਆਗੂਆਂ ਨੂੰ ਕਾਲਜ਼ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਨਿਖੇਦੀ
ਪਰਦੀਪ ਕਸਬਾ ,ਧੂਰੀ 23 ਨਵੰਬਰ 2022
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਯੂਨੀਵਰਸਿਟੀ ਕਾਲਜ ਬੇਨੜਾ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀ ਆਗੂਆਂ ਨੂੰ ਕਾਲਜ਼ ਦਾਖਲ ਹੋਣ ਤੋਂ ਰੋਕਣ ਦੀ ਨਿਖੇਦੀ ਕੀਤੀ ਜਾਂਦੀ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਅੱਜ ਉਹ ਖੁਦ ਅਤੇ ਉਸਦੇ ਨਾਲ ਜੱਥੇਬੰਦੀ ਦਾ ਆਗੂ ਬੰਟੀ ਸਿੰਘ ਕੇਹਰੂ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਵਿਦਿਆਰਥੀਆਂ ਦੀ ਮੀਟਿੰਗ ਕਰਵਾਉਣ ਲਈ ਗਏ ਸੀ ਪਰ ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀ ਆਗੂਆਂ ਨੂੰ ਕਾਲਜ਼ ਵਿੱਚ ਨਾ ਵੜਨ ਦੇਣ ਦਾ ਹੁਕਮ ਸੁਣਾ ਦਿੱਤਾ। ਵਿਦਿਆਰਥੀਆਂ ਆਗੂਆਂ ਵੱਲੋਂ ਜਦੋਂ ਦਲੀਲ ਦਿੱਤੀ ਗਈ ਕਿ ਕਿਸੇ ਵਿਦਿਅਕ ਸੰਸਥਾਵਾਂ ਵਿੱਚ ਯੂਨੀਅਨ ਬਣਾਉਣ,’ਕੱਠੇ ਹੋਣ, ਮੰਗਾਂ ਰੱਖਣ ਅਤੇ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਨਾ ਵਿਦਿਆਰਥੀਆਂ ਦਾ ਸੰਵਿਧਾਨਕ ਅਤੇ ਜਮਹੂਰੀ ਹੱਕ ਹੈ ਤਾਂ ਪ੍ਰਿੰਸੀਪਲ ਸਾਹਿਬ ਨੇ ਕੋਰਾ ਜਵਾਬ ਦਿੰਦਿਆਂ ਕਾਲਜ਼ ਤੋਂ ਬਾਹਰ ਜਾਣ ਦਾ ਹੁਕਮ ਸੁਣਾ ਦਿੱਤਾ ਅਤੇ ਕਿਹਾ ਵੀ ਕਾਲਜ਼ ਵਿੱਚ ਕਿਸੇ ਤਰ੍ਹਾਂ ਦੀ ਹੋਈ ਜੱਥੇਬੰਦਕ ਸਰਗਰਮੀ ਨਹੀਂ ਹੋਣ ਦਿੱਤੀ ਜਾਂਦੀ ਅਤੇ ਭਵਿੱਖ ਵਿੱਚ ਵੀ ਕੋਈ ਪ੍ਰਵਾਨਗੀ ਨਹੀਂ ਹੈ।
ਇਹ ਹੁਕਮ ਦਾ ਵਿਦਿਆਰਥੀ ਜੱਥੇਬੰਦੀ ਪੂਰੀ ਤਰ੍ਹਾਂ ਨਿਖੇਧੀ ਕਰਦੀ ਹੈ ਅਤੇ ਇਹੋ ਜਿਹੇ ਫੁਰਮਾਨਾਂ ਨੂੰ ਵਿਦਿਆਰਥੀ ਹੱਕਾਂ ਤੇ ਡਾਕਾ ਸਮਝਦੀ ਹੈ।
ਵਿਦਿਆਰਥੀ ਆਗੂ ਨੇ ਦੱਸਿਆ ਕਿ ਇਸ ਕਾਲਜ਼ ਵਿੱਚ ਵਿਦਿਆਰਥੀਆਂ ਨਾਲ ਛੋਟੀ ਛੋਟੀ ਗੱਲ ਤੇ ਟੋਕਾ-ਟਕਾਈ ਕੀਤੀ ਜਾਂਦੀ ਹੈ, ਵਿਦਿਆਰਥੀਆਂ ਦਾ ਨਿਰਾਦਰ ਕੀਤਾ ਜਾਂਦਾ ਹੈ, ਵਿਦਿਆਰਥੀਆਂ ਨੂੰ ਜਲੀਲ ਕੀਤਾ ਜਾਂਦਾ ਹੈ । ਇੱਥੋਂ ਤੱਕ ਕਿ ਵਿਦਿਆਰਥਣਾਂ ਦੇ ਵਾਸ਼ਰੂਮਾ ਨੂੰ ਕੋਈ ਗੇਟ ਨਹੀਂ ਲਗਿਆ ਹੋਇਆ ਹੈ , ਬਿਲਡਿੰਗ ਦੀ ਘਾਟ ਹੈ। ਨਾ ਕੋਈ ਕੰਟੀਨ ਹੈ ਤੇ ਨਾਂ ਹੋਸਟਲ।ਇਸ ਸਾਰੀਆਂ ਸੱਮਸਿਆਵਾਂ ਸੰਬੰਧੀ ਵਿਦਿਆਰਥੀਆਂ ਨਾਲ ਮੀਟਿੰਗ ਕਰਨੀ ਸੀ ਪਰ ਵਿਦਿਆਰਥੀ ਆਗੂਆਂ ਨੂੰ ਵਿਦਿਆਰਥੀਆਂ ਨਾਲ ਮਿਲਣ ਤੋਂ ਰੋਕ ਦਿੱਤਾ ਗਿਆ।