ਸੋਨੀ ਪਨੇਸਰ , ਬਰਨਾਲਾ, 19 ਨਵੰਬਰ 2022
ਮੁੱਖ ਚੋਣ ਅਫ਼ਸਰ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਬੂਥ ਲੈਵਲ ਅਫਸਰਾਂ ਵਲੋਂ ਸਪੈਸ਼ਲ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ ਹਰੀਸ਼ ਨਈਅਰ ਨੇ ਦੱਸਿਆ ਕਿ ਸਾਰੇ ਹੀ ਬੂਥ ਲੈਵਲ ਅਫਸਰਾਂ ਵੱਲੋਂ ਆਪਣੇ ਆਪਣੇ ਬੂਥਾਂ ਉੱਤੇ ਇਹ ਕੈਂਪ ਲਗਾਏ ਗਏ।
ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਜਿਸ ਦੀ ਉਮਰ 17 ਸਾਲ ਹੋ ਚੁੱਕੀ ਹੈ ਉਹ ਇਹਨਾਂ ਸਪੈਸ਼ਲ ਕੈਂਪਾਂ ਦੌਰਾਨ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਫਾਰਮ ਨੰ.6 ਭਰ ਕੇ ਵੋਟ ਬਣਵਾ ਸਕਦਾ ਹੈ। ਇਸਦੇ ਨਾਲ ਹੀ ਫਾਰਮ ਨੰ. 7 ਵੋਟ ਕੱਟਵਾਉਣ ਲਈ ਫਾਰਮ ਨੰ. 8 ਸੋਧ ਕਰਵਾਉਣ, ਵੋਟ ਸ਼ਿਫਟ ਕਰਵਾਉਣ, ਪੀ ਡਬਲਿਊ ਡੀ (ਪਰਸਨ ਵਿਧ ਡਿਸਏਬਿਲਟੀ) ਮਾਰਕ ਕਰਵਾਉਣ ਲਈ ਭਰ ਸਕਦਾ ਹੈ। ਇਸ ਤੋਂ ਇਲਾਵਾ ਮਿਤੀ 20.11.2022, 03.12.2022 ਅਤੇ 04.12.2022 ਨੂੰ ਵੀ ਬੀ.ਐਲ.ਓਜ਼ ਵੱਲੋਂ ਸਪੈਸ਼ਲ ਕੈਂਪ ਲਗਾਏ ਜਾਣਗੇ। ਇਹ ਫਾਰਮ www.nsvp.in ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਵੀ ਭਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 1950 ਟੋਲ ਫ੍ਰੀ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਤਹਿਸੀਲਦਾਰ ਚੋਣਾਂ ਸ਼੍ਰੀਮਤੀ ਹਰਿੰਦਰ ਕੌਰ ਵਲੋਂ ਇਹਨਾਂ ਕੈਂਪਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਹਨਾਂ ਵਲੋਂ ਬੀ.ਐਲ.ਓ ਅਤੇ ਆਮ ਜਨਤਾ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਪੁਛਿਆ ਗਿਆ। ਉਹਨਾਂ ਨਗਰ ਕੌਂਸਲ ਬਰਨਾਲਾ, ਐੱਸ ਡੀ ਕਾਲਜ, ਲਾਲ ਬਹਾਦੁਰ ਸ਼ਾਸਤਰੀ ਕਾਲਜ ਆਦਿ ਥਾਵਾਂ ਉੱਤੇ ਬਣੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਉਹਨਾਂ ਵਲੋਂ ਯੂਵਾ ਵੋਟਰਾਂ ਨੂੰ ਵੋਟਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਵੋਟ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ।