ਪਟਿਆਲਾ ਸ਼ਹਿਰ ਨੂੰ ਪਲਾਸਟਿਕ ਵੇਸਟ ਤੋਂ ਮੁਕਤ ਕਰਨ ਲਈ ਹੋਵੇਗੀ ਵਿਸ਼ੇਸ਼ ਪ੍ਰਤੀਯੋਗਤਾ, ਮਿਲਣਗੇ ਨਕਦ ਇਨਾਮ
ਵਾਤਾਵਰਣ ਦੀ ਸੰਭਾਲ ਲਈ ਲੋਕ ਭਾਗੀਦਾਰੀ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ
ਕਿਹਾ, ਕੂੜੇ ਦੇ ਸਹੀ ਪ੍ਰਬੰਧਨ ਲਈ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਜ਼ਰੂਰੀ
ਰਾਜੇਸ਼ ਗੋਤਮ , ਪਟਿਆਲਾ, 19 ਨਵੰਬਰ 2022
ਵਾਤਾਵਰਣ ਦੀ ਸੰਭਾਲ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੁਣ ਲੋਕ ਭਾਗੀਦਾਰੀ ਯਕੀਨੀ ਬਣਾਉਣ ਲਈ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਪਟਿਆਲਾ ਸ਼ਹਿਰ ਨੂੰ ਪਲਾਸਟਿਕ ਵੇਸਟ ਤੋਂ ਮੁਕਤ ਕਰਨ ਲਈ ਵਿਸ਼ੇਸ਼ ਪ੍ਰਤੀਯੋਗਤਾ ਆਰੰਭੀ ਜਾ ਰਹੀ ਹੈ ਅਤੇ ਜੇਤੂਆਂ ਨੂੰ 10 ਹਜ਼ਾਰ ਤੋਂ ਲੈਕੇ 20 ਹਜ਼ਾਰ ਤੱਕ ਦੇ ਨਕਦ ਇਨਾਮ ਦਿੱਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਲਈ ਲੋਕ ਭਾਗੀਦਾਰੀ ਸਮੇਂ ਦੀ ਮੁੱਖ ਲੋੜ ਹੈ, ਇਸ ਲਈ ਸਭ ਨੂੰ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਨੂੰ ਸਾਫ਼ ਸੁਥਰਾ ਤੇ ਸਵੱਛ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਹੁਣ ਪਲਾਸਟਿਕ ਵੇਸਟ ਮੈਨੇਜਮੈਂਟ ਵਿਸ਼ੇ ਉਤੇ ਸਵੱਛ ਤਕਨਾਲੋਜੀ ਚੈਲੰਜ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਵੱਲੋਂ ਕਰਵਾਈ ਜਾ ਰਹੀ ਇਸ ਪ੍ਰਤੀਯੋਗਤਾ ਦਾ ਮੁੱਖ ਮਕਸਦ ਪਲਾਸਟਿਕ ਵੇਸਟ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਉਸਨੂੰ ਉਪਯੋਗੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਕਾਬਲੇ ਵਿੱਚ ਵਿੱਦਿਅਕ ਸੰਸਥਾ, ਨਾਗਰਿਕ ਸਮੂਹ, ਸਮਾਜ ਸੇਵੀ ਸੰਸਥਾ, ਪ੍ਰਾਈਵੇਟ ਪੱਧਰ ਜਾਂ ਕਾਲਜ ਦੇ ਵਿਦਿਆਰਥੀ ਆਦਿ ਭਾਗ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੀ ਅਗਵਾਈ ਵਿੱਚ ਨਗਰ ਨਿਗਮ ਵੱਲੋਂ ਪਲਾਸਟਿਕ ਵੇਸਟ ਮੈਨੇਜਮੈਂਟ ਵਿਸ਼ੇ ‘ਤੇ ਕਰਵਾਈ ਜਾ ਰਹੀ ਸਵੱਛ ਤਕਨਾਲੋਜੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਚਾਹਵਾਨ 30 ਨਵੰਬਰ ਤੱਕ swachhcitypatiala@gmail.com ‘ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਲਈ ਪੰਜ ਮੈਂਬਰਾਂ ਦੀ ਟੀਮ ਬਣਾਈ ਗਈ ਹੈ, ਜਿਸ ਵਿਚ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਸਮੇਤ ਥਾਪਰ ਯੂਨੀਵਰਸਿਟੀ ਦੇ ਚਾਰ ਤਕਨੀਕੀ ਮੈਂਬਰ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਸਬੰਧੀ ਵਧੇਰੇ ਜਾਣਕਾਰੀ ਲਈ 94636-90904 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਲਈ ਪਲਾਸਟਿਕ ਵੇਸਟ ਮੈਨੇਜਮੈਂਟ ਦੀਆਂ ਤਕਨੀਕਾਂ, ਪਲਾਸਟਿਕ ਦੀ ਪੈਦਾਵਾਰ ‘ਚ ਕਮੀ, ਇਕੱਠੇ ਕੀਤੇ ਪਲਾਸਟਿਕ ਦਾ ਸਹੀ ਨਿਪਟਾਰਾ, ਵਰਤੇ ਗਏ ਪਲਾਸਟਿਕ ਦੀ ਮੁੜ ਵਰਤੋਂ ਜਾਂ ਹੋਰ ਤਰੀਕਿਆਂ ਨਾਲ ਇਸ ਦਾ ਪ੍ਰਬੰਧਨ, ਘਰਾਂ ‘ਚੋਂ ਨਿਕਲਣ ਵਾਲੀਆਂ ਪੁਰਾਣੀਆਂ ਸ਼ੈਂਪੂ ਦੀਆਂ ਬੋਤਲਾਂ ਆਦਿ ਦੇ ਨਿਪਟਾਉਣ ਦੇ ਪ੍ਰਬੰਧ ਸਬੰਧੀ ਛੇ ਮੁਕਾਬਲੇ ਸ਼ਾਮਲ ਕੀਤੇ ਗਏ ਹਨ। ਇਸ ਵਿੱਚ ਸਬੰਧਤ ਪ੍ਰਤੀਯੋਗੀ ਨੂੰ ਪਲਾਸਟਿਕ ਪ੍ਰਬੰਧਨ ਅਤੇ ਇਸ ‘ਤੇ ਹੋਣ ਵਾਲੇ ਖਰਚੇ ਲਈ ਇੱਕ ਵਿਜਨਸ ਮਾਡਲ ਵੀ ਤਿਆਰ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇੱਕ ਟੀਮ ਵਿੱਚ ਤਿੰਨ ਮੈਂਬਰ ਹੋ ਸਕਦੇ ਹਨ ਅਤੇ ਜਾਣਕਾਰੀ 12 ਤੋਂ 15 ਮਿੰਟ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬਿਨੈਕਾਰ ਪੂਰੀ ਜਾਣਕਾਰੀ ਸਮੇਤ ਆਪਣੀ ਨਿੱਜੀ ਜਾਣਕਾਰੀ ਗੂਗਲ ਸ਼ੀਟ ਰਾਹੀਂ ਭੇਜੇਗਾ। ਉਪਰੋਕਤ ਪੰਜ ਮੈਂਬਰਾਂ ਦੀਆਂ ਟੀਮਾਂ ਮੁਕਾਬਲੇ ਤੋਂ ਬਾਅਦ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦਾ ਫੈਸਲਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 20 ਹਜ਼ਾਰ ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਰੁਪਏ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 10 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਸਾਕਸ਼ੀ ਸਾਹਨੀ ਨੇ ਪਲਾਸਟਿਕ ਵੇਸਟ ਦੀ ਸਹੀ ਵਰਤੋਂ ਲਈ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨਵੇਂ ਹੱਲ ਕੱਢਣ ਵਿੱਚ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਸਹੀ ਪ੍ਰਬੰਧਨ ਲਈ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਕਰਨ ਦੀ ਸ਼ੁਰੂਆਤ ਲੋਕਾਂ ਦੇ ਘਰਾਂ ਤੋਂ ਹੀ ਹੋਣੀ ਹੁੰਦੀ ਹੈ, ਇਸ ਲਈ ਇਸ ਪਾਸੇ ਗੰਭੀਰਤਾ ਦਿਖਾਈ ਜਾਵੇ।