ਇਨਕਲਾਬੀ ਕੇਂਦਰ ਪੰਜਾਬ ਨੇ ਮਾਰਚ ਕਰਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ
ਪ੍ਰਤੀਕ ਸਿੰਘ ਬਰਨਾਲਾ 14 ਮਈ 2020
ਇਨਕਲਾਬੀ ਕੇਂਦਰ,ਪੰਜਾਬ ਜਿਲਾ ਬਰਨਾਲਾ ਵੱਲੋਂ ਕੇਂਦਰੀ ਅਤੇ ਸੂਬਾਈ ਹਕੂਮਤ ਖਿਲਾਫ ਡੀਜਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖਿਲ਼ਾਫ ਜੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਏਡੀਸੀ ਬਰਨਾਲਾ ਮੈਡਮ ਰੂਹੀ ਦੁੱਗ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਡਾ ਰਜਿੰਦਰਪਾਲ ਅਤੇ ਦਰਸ਼ਨ ਉੱਗੋਕੇ ਨੇ ਕਿਹਾ ਕਿ ਜਦ ਇੱਕ ਪਾਸੇ ਸੰਸਾਰ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜੋ ਘਟਕੇ ਮਹਿਜ 18.10 ਡਾਲਰ ਫੀ ਬੈਰਲ ਰਹਿ ਗਈ ਹੈ । ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਰਲਕੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਤੇ ਤੁਲੇ ਹੋਏ ਹਨ। ਲੋਕਾਂ ਦੀ ਲੋੜ/ ਮੰਗ ਤਾਂ ਇਹ ਸੀ ਕਿ ਕਰੋਨਾ ਸੰਕਟ ਦੀ ਮਾਰ ਝੱਲ ਰਹੇ ਮੁਲਕ ਦੇ 137 ਕਰੋੜ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ ਘੱਟ ਕਰਨ ਲਈ ਕੌਮਾਂਤਰੀ ਮੰਡੀ ਵਿੱਚ ਘਟੀਆਂ ਤੇਲ ਦੀਆਂ ਕੀਮਤਾਂ ਦਾ ਫਾਇਦਾ ਡੀਜਲ, ਪਟਰੋਲ ਅਤੇ ਗੈਸ ਦੀਆਂ ਕੀਮਤਾਂ ਘੱਟ ਕਰਕੇ ਆਮ ਲੋਕਾਈ ਨੂੰ ਦਿੱਤਾ ਜਾਵੇ। ਕੇਂਦਰੀ ਸਰਕਾਰ ਨੇ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਘਟੀਆਂ ਕੀਮਤਾਂ ਨੂੰ ਆਪਣਾ ਖਜਾਨਾ ਭਰਨ ਦੇ ਮਕਸਦ ਨਾਲ ਪਟਰੋਲ ਉੱਪਰ 10 ਰੁ ਫੀ ਲੀਟਰ ਅਤੇ ਡੀਜਲ ਉੱਪਰ 13 ਰੁ. ਫੀ ਲੀਟਰ ਐਕਸਾਈਜ ਡਿਉਟੀ ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੇ ਵੀ ਕੇਂਦਰੀ ਸਰਕਾਰ ਦੀ ਪੈੜ ਚ’ ਪੈੜ ਧਰਦਿਆਂ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਉੱਪਰ ਵੈਟ ਡੀਜਲ 15.15 % ਅਤੇ ਪਟਰੋਲ 23.3 % ਕਰ ਦਿੱਤਾ ਹੈ। ਜਿਸ ਦਾ ਸਿੱਟਾ ਪਟਰੋਲ ਅਤੇ ਡੀਜਲ ਦੀਆਂ ਕੀਮਤਾਂ ਪ੍ਰਤੀ ਲੀਟਰ 2-2 ਰੁਪਏ ਮਹਿੰਗੀਆਂ ਕਰ ਦਿੱਤੀਆਂ ਹਨ। ਕੇਂਦਰ ਅਤੇ ਪੰਜਾਬ ਸਰਕਾਰ ਨੇ ਡੀਜਲ ਅਤੇ ਪਟਰੋਲ ਦੀਆਂ ਕੀਮਤਾਂ’ ਚ ਵਾਧਾ ਕਰਕੇ ਕਿਸਾਨਾਂ ਸਮੇਤ ਆਮ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ, ਕਿਉਕਿ ਡੀਜਲ ਪਟਰੋਲ ਆਮ ਲੋਕਾਂ ਦੀ ਵਰਤੋਂ ਵਿੱਚ ਆਉਣ ਵਾਲੀ ਜਰੂਰੀ ਵਸਤ ਹੈ। ਪਹਿਲਾਂ ਹੀ ਬਿਨਾ ਕਿਸੇ ਠੋਸ ਵਿਉਤਬੰਦੇ ਦੇ ਥੋਪੇ ਲਾਕਡਾਊਨ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੈ। ਕਰੋੜਾਂ ਦੀ ਤਦਾਦ’ ਚ ਮਜਦੂਰ ਬੇਰੁਜਗਾਰੀ ਤੋਂ ਅੱਗੇ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ। ਆਗੂਆਂ ਨੇ ਡੀਜਲ ਅਤੇ ਪਟਰੋਲ ਦੀਆਂ ਕੀਮਤਾਂ’ ਚ ਕੀਤਾ ਵਾਧਾ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ ਬੁਲਾਰਿਆਂ ਨੇ ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਵਕੀਲਾਂ, ਪੱਤਰਕਾਰਾਂ,ਘੱਟ ਗਿਣਤੀਆਂ, ਦਲਿਤਾਂ ਖਿਲਾਫ ਦਰਜ ਕੀਤੇ ਦੇਸ਼ ਧ੍ਰੋਹ ਦੇ ਮੁਕੱਦਮੇ ਵਾਪਸ ਲੈਕੇ ਰਿਹਾਅ ਕਰਨ ਅਤੇ ਜਾਬਰ ਕਾਲੇ ਕਾਨੂੰਨ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ। ਇਨਾ ਆਗੂਆਂ ਤੋਂ ਇਲਾਵਾ ਅਮਰਜੀਤ ਕੌਰ, ਗੁਰਦੇਵ ਮਾਂਗੇਵਾਲ, ਗੁਰਮੀਤ ਸੁਖਪੁਰ, ਹਰਚਰਨ ਚਹਿਲ, ਨਿਰਮਲ ਚੁਹਾਣਕੇ, ਜਸਪਾਲ ਚੀਮਾ,ਬਲਵੰਤ ਬਰਨਾਲਾ, ਗੁਰਜੰਟ ਸਿੰਘ,ਪਰਮਿੰਦਰ ਹੰਢਿਆਇਆ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ ਡਾ ਸੁਖਵਿੰਦਰ ਠੀਕਰੀਵਾਲ ਨੇ ਅਦਾ ਕੀਤੇ।