ਪੰਜਾਬ ਸਰਕਾਰ ਦੇ ਯਤਨਾਂ ਸਦਕਾ 1521 ਮਜ਼ਦੂਰ ਸ਼ੁੱਕਰਵਾਰ ਪਹੁੰਚਣਗੇ ਆਪਣੇ ਘਰੋਂ ਘਰੀ
ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਸੂਬਾ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
ਅਸ਼ੋਕ ਵਰਮਾ ਬਠਿੰਡਾ 14 ਮਈ 2020
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਬਠਿੰਡਾ ਤੋਂ ਉਨਾਂ ਦੇ ਜੱਦੀ ਸੂਬਿਆਂ ਨੂੰ ਵਾਪਿਸ ਭੇਜਣ ਲਈ ਚਲਾਈਆਂ ਗਈਆਂ ਵਿਸ਼ੇਸ਼ ਰੇਲ ਗੱਡੀਆਂ ਦੀ ਲੜੀ ਵਜੋਂ ਅੱਜ ਬਠਿੰਡਾ ਤੋਂ ਬਿਹਾਰ ਲਈ 1521 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਰੇਲ ਰਵਾਨਾ ਹੋਈ। ਇਹ ਤੀਸਰੀ ਰੇਲ ਗੱਡੀ ਸ਼ੁੱਕਰਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬਿਹਾਰ ਰਾਜ ਦੇ ਬਾਪੂ ਧਾਮ ਮੋਤੀਹਾਰੀ ਰੇਲਵੇ ਸਟੇਸ਼ਨ ‘ਤੇ ਪਹੁੰਚੇਗੀ। ਇਸ ਮੁਸਾਫ਼ਰ ਗੱਡੀ ‘ਤੇ 8,92,080 ਰੁਪਏ ਦਾ ਖ਼ਰਚ ਸਰਕਾਰ ਵਲੋਂ ਕੀਤਾ ਗਿਆ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ ਸ਼੍ਰੀਨਿਵਾਸਨ ਨੇ ਦਿੱਤੀ।
ਇਸ ਮੌਕੇ ਐਸ.ਡੀ.ਐਮ. ਬਠਿੰਡਾ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੋਂ ਰਵਾਨਾ ਹੋਈ ਇਸ ਗੱਡੀ ਵਿਚ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਜ਼ਿਲਾ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੇ ਸਮੇਂ ਵਿੱਚ ਪੰਜਾਬ ਵਿੱਚ ਫਸੇ ਦੂਜੇ ਰਾਜਾਂ ਦੇ ਨਾਗਰਿਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਇਸ ਮੌਕੇ ਉਨਾਂ ਰਹਿ ਗਏ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਜੋ ਇਸ ਸਮੇਂ ਹੋਰ ਵੀ ਪ੍ਰਵਾਸੀ ਮਜ਼ਦੂਰ ਫ਼ਸੇ ਹਨ ਉਨਾਂ ਨੂੰ ਵੀ ਆਪੋ ਆਪਣੇ ਰਾਜਾਂ ਵਿੱਚ ਸੁਰੱਖਿਅਤ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਹ ਸਹੂਲਤ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਵਲੋਂ ਮੁਫ਼ਤ ਮੁਹੱਈਆ ਕਰਵਾਈ ਗਈ ਅਤੇ ਮਜ਼ਦੂਰਾਂ ਨੇ ਸੂਬਾ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਇਸ ਮੌਕੇ ਬਠਿੰਡਾ ਦੇ ਰੇਲਵੇ ਸਟੇਸ਼ਨ ਮੈਨੇਜ਼ਰ ਸ਼੍ਰੀ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਦੀ ਦੇਖ-ਰੇਖ ਹੇਠ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਸਫਰ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਇਸ ਮੌਕੇ ਟਰੇਨ ਚੱਲਣ ‘ਤੇ ਪ੍ਰਵਾਸੀ ਮਜ਼ਦੂਰਾਂ ਦੇ ਚਿਹਰਿਆਂ ‘ਤੇ ਬਹੁਤ ਜ਼ਿਆਦਾ ਖ਼ੁਸ਼ੀ ਝਲਕ ਰਹੀ ਸੀ ‘ਤੇ ਉਨਾਂ ਨੇ ਤਾੜੀਆਂ ਮਾਰ ਕੇ ਤੇ ਹੱਥ ਹਿਲਾ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ ਤੋਂ ਇਲਾਵਾ ਜ਼ਿਲਾ ਤੇ ਪੁਲਿਸ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।