ਜਿੰਦਲ ਨੇ ਕਿਹਾ, ਕਾਨੂੰਨ ਤੇ ਪੂਰਾ ਭਰੋਸਾ,ਹੋਵੇਗਾ ਇਨਸਾਫ
ਹਰਿੰਦਰ ਨਿੱਕਾ , ਬਰਨਾਲਾ 6 ਨਵੰਬਰ 2022
ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾਈ ਆਗੂ ਤੇ ਕੌਂਸਲਰ ਸਰੋਜ ਰਾਣੀ ਦੇ ਕਈ ਦਿਨਾਂ ਤੋਂ ਜੇਲ੍ਹ ਬੰਦ ਬੇਟੇ ਨੀਰਜ਼ ਜਿੰਦਲ ਦੀ ਪੱਕੀ ਜਮਾਨਤ ਬਾਰੇ ਬਰਨਾਲਾ ਅਦਾਲਤ ਦੀ ਸੀ.ਜੇ.ਐਮ. ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਨੀਰਜ ਜਿੰਦਲ ਦੇ ਖਿਲਾਫ ਪੁਲਿਸ ਨੇ 26 ਅਕਤੂਬਰ ਨੂੰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਦੀ ਬਕਾਇਤ ਦੇ ਅਧਾਰ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ , ਦਫਤਰ ਵਿੱਚ ਘੇਰ ਕੇ ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਜੁਰਮ ਵਿੱਚ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ਼ ਕੀਤਾ ਗਿਆ ਸੀ ਤੇ ਪੁਲਿਸ ਨੇ ਉਸ ਨੂੰ ਗਿਰਫਤਾਰ ਕਰਕੇ,ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਸੀ। ਮਾਨਯੋਗ ਅਦਾਲਤ ਵੱਲੋਂ ਨੀਰਜ ਜਿੰਦਲ ਨੂੰ 14 ਦਿਨ ਲਈ, ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ। ਨੀਰਜ਼ ਜਿੰਦਲ ਨੇ ਆਪਣੇ ਵਕੀਲ ਰਾਹੁਲ ਗੁਪਤਾ ਦੇ ਰਾਹੀਂ ਰੈਗੂਲਰ ਜਮਾਨਤ ਦੀ ਅਰਜੀ ਦਾਇਰ ਕੀਤੀ ਸੀ। ਬਰਨਾਲਾ ਦੀ ਮਾਨਯੋਗ CJM ਸੁਚੇਤਾ ਅਸ਼ੀਸ਼ ਦੇਵ ਦੀ ਅਦਾਲਤ ਵਿੱਚ ਨੀਰਜ ਜਿੰਦਲ ਨੂੰ ਜਮਾਨਤ ਦੇਣ ਲਈ, ਦੋਵਾਂ ਧਿਰਾਂ ਦੀ ਜ਼ੋਰਦਾਰ ਬਹਿਸ ਹੋਈ।
ਦੋਵਾਂ ਧਿਰਾਂ ਦੇ ਵਕੀਲਾਂ ਨੇ ਦਿੱਤੀਆਂ ਆਪੋ-ਆਪਣੀਆਂ ਦਲੀਲਾਂ
ਸਰਕਾਰੀ ਧਿਰ ਵੱਲੋਂ ਬਹਿਸ ਵਿੱਚ ਹਿੱਸਾ ਲੈਂਦਿਆਂ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਨੇ, ਨੀਰਜ ਜਿੰਦਲ ਨੂੰ ਜਮਾਨਤ ਦੇਣ ਅਤੇ ਜਮਾਨਤ ਤੋਂ ਬਾਅਦ, ਕੇਸ ਪਰ ਪ੍ਰਭਾਵ ਪੈਣ ਆਦਿ ਦੀਆਂ ਦਲੀਲਾਂ ਦੇ ਕੇ ਜਮਾਨਤ ਦਾ ਸਖਤ ਵਿਰੋਧ ਕੀਤਾ। ਜਦੋਂਕਿ ਨੀਰਜ ਜਿੰਦਲ ਦੇ ਵਕੀਲ ਰਾਹੁਲ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਨੀਰਜ ਜਿੰਦਲ ਖਿਲਾਫ ਦਰਜ਼ ਕੀਤਾ ਗਿਆ ਕੇਸ, ਰਾਸਸੀ ਦਬਾਅ ਹੇਠ ਝੂਠਾ ਦਰਜ਼ ਕੀਤਾ ਗਿਆ ਹੈ। ਕਿਉਂਕਿ ਨਗਰ ਕੌਂਸਲ ਦਫਤਰ ਵਿੱਚ ਕਾਰਜਸਾਧਕ ਅਫਸਰ ਦੁਆਰਾ ਦਲਿਤ ਵਰਗ ਨਾਲ ਸਬੰਧਿਤ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੂੰ ਜਾਤੀ ਤੌਰ ਤੇ ਜਲੀਲ ਕਰਨ ਸਬੰਧੀ ਦਿੱਤੀ ਸ਼ਕਾਇਤ ਵਿੱਚ ਨੀਰਜ ਜਿੰਦਲ ਮੁੱਖ ਗਵਾਹ ਹੈ, ਜਿਸ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਪੁਲਿਸ ਨੇ ਦਬਾਅ ਪਾਉਣ ਲਈ ਕੇਸ ਦਰਜ਼ ਕੀਤਾ ਹੈ। ਨੀਰਜ ਜਿੰਦਲ ਕਾਨੂੰਨ ਵਿੱਚ ਭਰੋਸਾ ਰੱਖਣ ਵਾਲਾ ਜਿੰਮੇਵਾਰ ਵਿਅਕਤੀ ਹੈ, ਇਸ ਨੂੰ ਜਮਾਨਤ ਦੇਣ ਨਾਲ ਕੇਸ ਤੇ ਕਿਸੇ ਕਿਸਮ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਨੀਰਜ ਜਿੰਦਲ ਅਦਾਲਤ ਦੀ ਮੰਜੂਰੀ ਤੋਂ ਬਿਨਾਂ ਦੇਸ਼ ਛੱਡ ਕੇ ਕਿਧਰੇ ਨਹੀਂ ਜਾਵੇਗਾ, ਹਰ ਤਾਰੀਖ ਪੇਸ਼ੀ ਤੇ ਜਦੋਂ ਵੀ ਅਦਾਲਤ ਤਲਬ ਕਰੇਗੀ, ਹਾਜ਼ਿਰ ਰਹੇਗਾ। ਮਾਨਯੋਗ ਅਦਾਲਤ ਨੇ ਐਡਵੋਕੇਟ ਰਾਹੁਲ ਗੁਪਤਾ ਦੀਆਂ ਪ੍ਰਭਾਵਸ਼ਾਲੀ ਤੇ ਠੋਸ ਦਲੀਲਾਂ ਨਾਲ ਸਹਿਮਤ ਹੁੰਦਿਆਂ ਨੀਰਜ਼ ਜਿੰਦਲ ਨੂੰ ਜਮਾਨਤ ਤੇ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਜੇਲ੍ਹ ਵਿੱਚੋਂ ਰਿਹਾ ਹੋਣ ਉਪਰੰਤ ਨੀਰਜ਼ ਜਿੰਦਲ ਨੇ ਕਿਹਾ ਕਿ ਮੈਨੂੰ ਅਦਾਲਤ ਅਤੇ ਕਾਨੂੰਨ ਤੇ ਪੂਰਾ ਭਰੋਸਾ ਹੈ, ਮੈਂਨੂੰ ਪੂਰੀ ਉਮੀਦ ਸੀ ਕਿ ਅਦਾਲਤ ਇਨਸਾਫ ਜਰੂਰ ਦੇਵੇਗੀ। ਨੀਰਜ ਜਿੰਦਲ ਨੇ ਕਿਹਾ ਕਿ ਪੁਲਿਸ ਨੇ ਇਹ ਕੇਸ, ਮੈਨੂੰ ਭੁਪਿੰਦਰ ਸਿੰਘ ਭਿੰਦੀ ਦੇ ਕੇਸ ਵਿੱਚ ਗਵਾਹੀ ਦੇਣ ਤੋਂ ਰੋਕਣ ਲਈ , ਬਿਲਕੁਲ ਝੂਠਾ ਦਰਜ਼ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਦਲਿਤ ਸਮਾਜ ਨਾਲ ਸਬੰਧਿਤ ਕੌਂਸਲਰ ਭਿੰਦੀ ਨੂੰ ਇਨਸਾਫ ਦਿਵਾਉਣ ਲਈ, ਸੰਘਰਸ਼ ਜ਼ਾਰੀ ਰੱਖਾਂਗਾ।