ਸੋਨੀ/ ਬਰਨਾਲਾ, 20 ਅਕਤੂਬਰ 2022
ਕੱਚੇ ਮੁਲਾਜਮ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨ, ਆਸ਼ਾ ਆਂਗਨਵਾੜੀ ਵਰਕਰਜ਼ ਦਾ ਭੱਤਾ ਵਾਅਦੇ ਅਨੁਸਾਰ ਦੁਗਣਾ ਕਰਨ, ਬੰਦ ਕੀਤਾ ਬਾਰਡਰ ਤੇ ਪੇਂਡੂ ਭੱਤਾ ਤੇ ਹੋਰ ਪੈਂਤੀ ਭੱਤੇ ਸ਼ੁਰੂ ਕਰਨ, ਡੀ.ਏ. ਦੀਆਂ ਬਣਦੀਆਂ ਸਾਰੀਆਂ ਕਿਸ਼ਤਾਂ ਬਕਾਏ ਸਮੇਤ ਜਾਰੀ ਕਰਨ, ਪੇ ਕਮਿਸ਼ਨ ਦਾ ਸਹੀ ਗੁਣਾਂਕ ਨਾਲ ਲਾਗੂ ਕਰਕੇ ਬਣਦੇ ਬਕਾਏ ਦੇਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਕੀਤੇ ਵਾਅਦਿਆਂ ਤੋਂ ਘੇਸਲ ਮਾਰ ਰਹੀ ਪੰਜਾਬ ਸਰਕਾਰ ਵਿਰੁੱਧ ਗੁੱਸਾ ਕੱਢਦਿਆਂ ਪੰਜਾਬ ਯੂ.ਟੀ. ਮੁਲਾਜ਼ਮ/ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਕਨਵੀਨਰ ਖੁਸ਼ਮਿੰਦਰਪਾਲ ਹੰਡਿਆਇਆ, ਦਰਸ਼ਨ ਚੀਮਾ, ਰਮੇਸ਼ ਕੁਮਾਰ ਹਮਦਰਦ, ਗੁਲਾਬ ਸਿੰਘ, ਮਨੋਹਰ ਲਾਲ ਦੀ ਅਗਵਾਈ ‘ਚ ਇਕੱਠੇ ਹੋਏ ਮੁਲਾਜਮਾਂ ਨੇ ਸਥਾਨਕ ਜ਼ਿਲ੍ਹਾ ਡੀ.ਸੀ. ਕੰਪਲੈਕਸ ਵਿੱਚ ਧਰਨੇ ਦੇਣ ਤੋਂ ਬਾਅਦ ਰੋਸ ਮਾਰਚ ਕਰਦਿਆਂ ਕਚਹਿਰੀ ਚੌਂਕ ‘ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਆਗੂਆਂ ਕਰਮਜੀਤ ਬੀਹਲਾ, ਰਾਜੀਵ ਕੁਮਾਰ, ਮੋਹਨ ਲਾਲ ਵੇਅਰਹਾਊਸ, ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ, ਤਰਸੇਮ ਸਿੰਘ ਭੱਠਲ ਨੇ ਕਿਹਾ ਕਿ ਸੱਤ ਮਹੀਨੇ ਹੋ ਗਏ ਸਰਕਾਰ ਬਣੀ ਨੂੰ ਪਰ ਅੱਜ ਤੱਕ ਮੁਲਾਜਮਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਦਿਵਾਲੀ ਸਿਰ ਤੇ ਹੈ ਪਰ ਮੁਲਾਜਮਾਂ ਦੇ ਹੱਕ ਦੇਣ ਦੀ ਬਜਾਏ ਭਰਮਾਊ ਢੰਗ ਨਾਲ ਤੋਹਫ਼ੇ ਦੇਣ ਦੇ ਐਲਾਨ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ।
ਬਣਦੀਆਂ ਪੋਸਟਾਂ ਤੇ ਭਰਤੀ ਨਾ ਕਰਕੇ ਕਈ ਵਿਭਾਗ ਖਤਮ ਕੀਤੇ ਜਾ ਰਹੇ ਹਨ। ਸਰਕਾਰ ‘ਚ ਆਉਣ ਤੋਂ ਪਹਿਲਾਂ ਜਿਹੜੇ ਲੋਕ ਨਿੱਤ ਦਿਨ ਮੁਲਾਜ਼ਮਾਂ ਦੇ ਧਰਨਿਆਂ ‘ਚ ਸ਼ਾਮਲ ਹੁੰਦੇ ਸਨ ਹੁਣ ਧਰਨੇ ਲਾਉਣ ਨੂੰ ਗੁਨਾਹ ਦੱਸ ਰਹੇ ਹਨ। ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਗਰ ਸਰਕਾਰ ਨੇ ਬਣਦੇ ਹੱਕ ਨਾ ਦਿੱਤੇ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਤੇਜਿੰਦਰ ਤੇਜੀ, ਬਲਜਿੰਦਰ ਪ੍ਰਭੂ, ਜਗਰਾਜ ਸਿੰਘ ਰਾਮਾ, ਕਰਮਜੀਤ ਪਾਸੀ, ਬਲਵੰਤ ਭੁੱਲਰ, ਦਲਜੀਤ ਸਿੰਘ, ਮਹਿਮਾ ਸਿੰਘ ਢਿੱਲੋਂ, ਹਰਿੰਦਰ ਮੱਲੀਆਂ, ਬਲਵਿੰਦਰ ਧਨੇਰ, ਟਹਿਲ ਸਿੰਘ ਕੱਟੂ ਹਾਜ਼ਰ ਸਨ।