ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਤੇ ਓਐਸਡੀ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ
ਪ੍ਰਦੀਪ ਕਸਬਾ ,ਧੂਰੀ 11 ਅਕਤੂਬਰ 2022 ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ਐੱਨ ਐੱਸ ਐੱਸ ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਰੋਟਰੀ ਕਲੱਬ ਧੂਰੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਖ਼ੂਨਦਾਨ ਕੈਂਪ ਦੌਰਾਨ ਕਰਵਾਏ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਦੀ ਭੈਣ ਸ੍ਰੀਮਤੀ ਮਨਪ੍ਰੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਅਤੇ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ ਓਕਾਂਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਧੂਨੀ ਰਾਹੀਂ ਕਰਨ ਉਪਰੰਤ ਮਹਿਮਾਨਾਂ ਵੱਲੋਂ ਸ਼ਮਾਰੋਸ਼ਨ ਦੀ ਰਸਮ ਅਦਾ ਕੀਤੀ ਗਈ ਅਤੇ ਕਾਲਜ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਇਸ ਸਮੇਂ ਰੋਟਰੀ ਕਲੱਬ ਅਤੇ ਕਾਲਜ ਸਟਾਫ਼ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਕਾਲਜ ਨੂੰ ਹਰ ਤਰ੍ਹਾਂ ਦਾ ਸੰਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਸਮੇਂ ਸਟੇਜ ਸੰਚਾਲਨ ਦੀ ਭੂਮਿਕਾ ਡਾ ਜਸਬੀਰ ਸਿੰਘ ਨੇ ਨਿਭਾਈ। ਇਸ ਪੂਰੇ ਸਮਾਗਮ ਅਤੇ ਵਿਸ਼ਾਲ ਖ਼ੂਨਦਾਨ ਕੈਂਪ ਨੂੰ ਸਫਲਤਾ ਵੱਲ ਲੈ ਕੇ ਜਾਣ ਵਿੱਚ ਕਾਲਜ ਵਿਦਿਆਰਥੀਆਂ ਅਤੇ ਐੱਨ ਐੱਸ ਐੱਸ ਵਲੰਟੀਅਰਾਂ ਦਾ ਪੂਰਨ ਯੋਗਦਾਨ ਰਿਹਾ। ਖ਼ਬਰ ਲਿਖੇ ਜਾਣ ਤੱਕ 67 ਯੂਨਿਟ ਖ਼ੂਨਦਾਨ ਹੋ ਚੁੱਕਾ ਸੀ।
ਬਲੱਡ ਬੈਂਕ ਸਿਵਲ ਹਸਪਤਾਲ ਸੰਗਰੂਰ ਤੋਂ ਪਹੁੰਚੀ ਮੈਡੀਕਲ ਟੀਮ ਰਾਹੀਂ ਕੈਂਪ ਨੂੰ ਸੰਪੂਰਨ ਕਰਨ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ ਗਿਆ। ਮੈਡੀਕਲ ਟੀਮ ਵਿੱਚ ਡਾ ਪੱਲਵੀ ਬੀ.ਟੀ.ਓ., ਹਰਜਿੰਦਰ ਕੌਰ ਸਟਾਫ਼ ਨਰਸ, ਦੀਪਤੀ ਕੌਂਸਲਰ ਅਤੇ ਸ਼ਬਨਮ ਐੱਮ ਐੱਲ ਟੀ ਸ਼ਾਮਲ ਸਨ। ਇਸ ਮੌਕੇ ਰਜਨੀਸ਼ ਗਰਗ ਪ੍ਰਧਾਨ ਰੋਟਰੀ ਕਲੱਬ ਧੂਰੀ, ਰਮੇਸ਼ ਸ਼ਰਮਾ ਪ੍ਰੋਜੈਕਟ ਚੇਅਰਮੈਨ, ਮੱਖਣ ਲਾਲ ਗਰਗ, ਜਿਲ੍ਹਾ ਗਵਰਨਰ ਗੁਲਬਹਾਰ ਸਿੰਘ ਰਟੋਲ, ਅਮਜਦ ਅਲੀ, ਭਵਿੱਖੀ ਜਿਲ੍ਹਾ ਗਵਰਨਰ ਘਣਸ਼ਾਮ ਕਾਂਸਲ, ਐੱਨ ਐੱਸ ਐੱਸ ਦੇ ਪ੍ਰੋਗਰਾਮ ਅਫ਼ਸਰ ਡਾ. ਗਗਨਦੀਪ ਸਿੰਘ ਤੇ ਡਾ ਊਸ਼ਾ ਰਾਣੀ ਅਤੇ ਰੈੱਡ ਰਿਬਨ ਕਲੱਬ ਦੇ ਡਾ ਅਸ਼ੋਕ ਕੁਮਾਰ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।