ਸੋਨੀ ਪਨੇਸਰ ,ਬਰਨਾਲਾ 11 ਅਕਤੂਬਰ 2022
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਦੇ ਸੱਦੇ ਤੇ ਅੱਜ ਕਲਮਛੋੜ ਹੜਤਾਲ ਦੂਜੇ ਦਿਨ ਵੀ ਪੂਰੀ ਤਰ੍ਹਾਂ ਸਫਲ ਰਹੀ ਹੈ। ਇਹ ਜਾਣਕਾਰੀ ਤਰਸੇਮ ਭੱਠਲ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਨੇ ਗੱਲਬਾਤ ਕਰਦਿਆਂ ਦਿੱਤੀ । ਗੇਟ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਕਲਮਛੋੜ ਹੜਤਾਲ ਦੂਜੇ ਦਿਨ ਵੀ 100 ਪ੍ਰਤੀਸ਼ਤ ਕਾਮਯਾਬ ਰਹੀ। ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਨੇ ਆਪਣੇ—ਆਪਣੇ ਦਫ਼ਤਰਾਂ ਦਾ ਕੰਮ ਬੰਦ ਕਰਕੇ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਸਰਕਾਰ ਦਾ ਪਿਟ ਸਿਆਪਾ ਕੀਤਾ ਅਤੇ ਕੀਤੇ ਝੂਠੇ ਵਾਅਦਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਿਵਾਇਤੀ ਪਾਰਟੀਆਂ ਤੋੋਂ ਵੀ ਉਪਰ ਝੂਠ ਪ੍ਰਚਾਰ ਕਰ ਰਹੀ ਹੈ। ਜਿਸ ਦਾ ਪਤਾ ਬਾਹਰਲੇ ਸੂਬਿਆਂ ਵਿੱਚ ਕਰ ਰਹੇ ਝੂਠੇ ਚੋਣ ਪ੍ਰਚਾਰ ਤੋੋ ਲੱਗਦਾ ਹੈ। ਰਿਵਾਇਤੀ ਪਾਰਟੀਆਂ ਦੀ ਸਰਕਾਰ ਵਿੱਚ ਇਹੋ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀਆਂ ਨੇ ਸਟੇਜਾਂ ਉਪਰ ਪੁਰਾਣੀ ਪੈਨਸ਼ਨ ਬਹਾਲੀ ਦੇ ਵਾਅਦੇ ਕੀਤੇ ਹਨ ਜੋ ਕਿ ਹੁਣ ਮੌਜੂਦਾ ਸਰਕਾਰ ਨੂੰ ਯਾਦ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਹੀ ਕਲਮਛੋੜ ਹੜਤਾਲ ਕਰਨੀ ਪੈ ਰਹੀ ਹੈ, ਜਿਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ।
ਰਵਿੰਦਰ ਸ਼ਰਮਾ ਜਰਨਲ ਸਕੱਤਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਬਰਨਾਲਾ, ਬੂਟਾ ਸਿੰਘ ਖੇਤੀਬਾੜੀ ਵਿਭਾਗ, ਗੁਰਵਿੰਦਰ ਸਿੰਘ, ਵਿੱਕੀ ਡਾਬਲਾ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਆਗੂ, ਮਨਜਿੰਦਰ ਸਿੰਘ ਔਲਖ, ਜਸਬੀਰ ਸਿੰਘ ਠੀਕਰੀਵਾਲ, ਅਕਾਸ਼ਦੀਪ, ਰਾਜੇਸ਼ ਵਰਮਾ ਆਬਕਾਰੀ ਵਿਭਾਗ ਨੇ ਬੋਲਦਿਆਂ ਕਿਹਾ ਕਿ ਜੇਕਰ ਕੋਈ ਵਿਧਾਇਕ ਸਿਰਫ 2 ਮਹੀਨੇ ਲਈ ਚੁਣਿਆ ਜਾਵੇ ਤਾਂ ਵੀ ਉਹ ਵਿਧਾਇਕ ਸਾਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਹੈ। ਇਸ ਦੇ ਉਲਟ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ 33 ਸਾਲ ਨੌਕਰੀ ਕਰਕੇ ਵੀ ਪੈਨਸ਼ਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ,ਚੋਣਾਂ ਦੌਰਾਨ ਕੀਤੇ ਹੱਕੀ ਅਤੇ ਜਾਇਜ਼ ਮੰਗਾਂ ਅਤੇ ਵਾਅਦਿਆਂ ਤੋੋਂ ਮੁੱਕਰ ਰਹੀ ਹੈ ਜਿਵੇਂ ਕਿ ਸਾਂਝੀਆਂ ਮੰਗਾਂ ਵਿੱਚ ਮੁਲਾਜਮਾਂ ਦੇ ਕੱਟੇ ਭੱਤੇ ਬਹਾਲ ਕਰਨਾ, ਕੇਂਦਰੀ ਪੈਟਰਨ ਤੇ ਡੀ.ਏ ਦੀਆਂ ਕਿਸ਼ਤਾਂ 10 ਪ੍ਰਤੀਸ਼ਤ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨਾ, 6ਵੇਂ ਪੇ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨਾ, ਪੈਨਸ਼ਨਰਜ਼ ਲਈ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ 2.59 ਦੇ ਫੈਕਟਰ ਨੂੰ ਲਾਗੂ ਕਰਨਾ, ਕੱਚੇ ਕਾਮੇ ਪੱਕੇ ਕਰਨਾ, ਖਾਲੀ ਪੋਸਟਾਂ ਤੇ ਪੱਕੀ ਭਰਤੀ ਕੀਤੀ ਜਾਵੇ, ਪ੍ਰੋਬੇਸ਼ਨ ਸਮੇਂ ਵਿੱਚ ਪੂਰੀ ਤਨਖਾਹ ਸਮੇਤ ਭੱਤਿਆਂ ਦੇਣਾ ਆਦਿ। ਇਸ ਰੈਲੀ ਨੂੰ ਸਫਲ ਕਰਨ ਲਈ ਸਮੂਹ ਦਫ਼ਤਰਾਂ ਦਾ ਮਨਿਸਟੀਰੀਅਲ ਸਟਾਫ ਹਾਜਰ ਰਿਹਾ।