ਨਿਰਧਾਰਿਤ ਥਾਵਾਂ ‘ਤੇ ਹੀ ਖਰੀਦੇ/ਵੇਚੇ ਜਾ ਸਕਣਗੇ ਪਟਾਕੇ: ਡਿਪਟੀ ਕਮਿਸ਼ਨਰ
ਤਿਉਹਾਰਾਂ ਮੌਕੇ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਅਪੀਲ
ਮਨੋਜ ਕੁਮਾਰ , ਬਰਨਾਲਾ, 11 ਅਕਤੂਬਰ 2022
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਰਿਟ ਪਟੀਸ਼ਨ ਨੰਬਰ 728 ਆਫ 2015, ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ 23548 ਆਫ 2017 ਤੇ ਐਕਸਪਲੋਸਿਵਜ਼ ਰੂਲਜ਼ 2008 ਤਹਿਤ ਪਟਾਕਿਆਂ ਦੀ ਖਰੀਦ/ਵਿਕਰੀ ਅਤੇ ਚਲਾਉਣ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਰਦੇਸ਼ਾਂ ਤਹਿਤ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਸਿਰਫ ‘ਗਰੀਨ ਪਟਾਕੇ’ ਚਲਾਉਣ ਦੀ ਹੀ ਇਜਾਜ਼ਤ ਹੈ। ਗਰੀਨ ਪਟਾਕਿਆਂ ਦੇ ਨਾਮ ’ਤੇ ਪਾਬੰਦੀਸ਼ੁਦਾ ਪਟਾਕੇ ਚਲਾਉਣ ਵਾਲੇ ਵਿਕਰੇਤਾਵਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖ਼ਰੀਦਦਾਰਾਂ ਨੂੰ ਸਿਰਫ ਵਾਤਾਵਰਣ ਪੱਖੀ ਗਰੀਨ ਪਟਾਕੇ ਖ਼ਰੀਦਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਗਰੀਨ ਪਟਾਕਿਆਂ ਸਬੰਧੀ ਆਰਜ਼ੀ ਲਾਇਸੈਂਸ ਡਰਾਅ ਰਾਹੀਂ 13 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ ਅਤੇ ਆਰਜ਼ੀ ਲਾਇਸੈਂਸ ਧਾਰਕ ਨਿਸ਼ਚਿਤ ਥਾਂ ‘ਤੇ ਹੀ ਪਟਾਕੇ ਵੇਚ ਸਕਣਗੇ। ਉਨ੍ਹਾਂ ਅਪੀਲ ਕੀਤੀ ਕਿ ਪਟਾਕੇ ਸਾਇਲੈਂਸ ਜ਼ੋਨ ਵਿਚ ਨਾ ਚਲਾਏ ਜਾਣ। ਸਾਇਲੈਂਸ ਜ਼ੋਨ ਜਿਵੇਂ ਕਿ ਹਸਪਤਾਲ ਤੇ ਹੋਰ ਸਿਹਤ ਸੰਸਥਾਵਾਂ, ਵਿਦਿਅਕ ਅਦਾਰਿਆਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਤੇ ਹੋਰ ਇਕੱਠਾਂ ਦੇ ਨੇੜੇ ਪਟਾਕੇ ਨਾ ਚਲਾਏ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੜੀਆਂ ਵਾਲੇ ਪਟਾਕੇ ਵੇਚਣ ਅਤੇ ਖ਼ਰੀਦਣ ਦੀ ਸਖ਼ਤ ਮਨਾਹੀ ਹੈ। ਇਹ ਪਟਾਕੇ ਵਧੇਰੇ ਆਵਾਜ਼ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਪੈਦਾ ਕਰਦੇ ਹਨ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਦੱਸਿਆ ਕਿ ਪਟਾਕਿਆਂ ਵਿਚ ਬੇਰੀਅਮ, ਲੀਥੀਅਮ, ਆਰਸੈਨਿਕ, ਐਂਟੀਮਨੀ, ਲੈੱਡ, ਮਰਕਰੀ ਆਦਿ ਕੈਮੀਕਲ ਵਰਤਣ ਦੀ ਮਨਾਹੀ ਹੈ। ਇਨ੍ਹਾਂ ਕੈਮੀਕਲਾਂ ਵਾਲੇ ਪਟਾਕਿਆਂ ’ਤੇ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਵਾਲੇ ਦਿਨ ਰਾਤ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਅਤੇ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਰਾਤ 11:55 ਤੋਂ ਲੈ ਕੇ ਰਾਤ 12: 30 ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।