ਨਾਟਿਅਮ ਮੇਲਾ ਸ਼ਾਮ 8: ਸਿਆਦਤ ਹਸਨ ਮੰਟੋ ਦਾ ਲਿਖਿਆ ਨਾਟਕ ਲਾਇਸੰਸ ਦੇਖਣ ਨੂੰ ਮਿਲਿਆ
ਬਠਿੰਡਾ, 9 ਅਕਤੂਬਰ (ਅਸ਼ੋਕ ਵਰਮਾ)
ਨਾਟਿਅਮ ਪੰਜਾਬ ਵੱਲੋਂ ਚੇਅਰਮੈਨ ਕਸ਼ਿਸ਼ ਗੁਪਤਾ, ਪ੍ਰਧਾਨ ਸੁਦਰਸ਼ਨ ਗੁਪਤਾ ਅਤੇ ਨਿਰਦੇਸ਼ਕ ਕੀਰਤੀ ਕ੍ਰਿਪਾਲ ਦੀ ਅਗਵਾਈ ਹੇਠ ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 8ਵੀਂ ਸ਼ਾਮ ਨੂੰ ਏ.ਵੀ.ਆਰ ਸਕੂਲ ਆਫ ਡਰਾਮਾ, ਗੁਰੂਗ੍ਰਾਮ ਦੇ ਕਲਾਕਾਰ ਦਰਸ਼ਕਾਂ ਦੇ ਸਨਮੁੱਖ ਹੋਏ। ਇਸ ਟੀਮ ਵੱਲੋਂ ਸਿਆਦਤ ਹਸਨ ਮੰਟੋ ਦਾ ਲਿਖਿਆ ਨਾਟਕ ਲਾਈਸੈਂਸ ਨਿਰਦੇਸ਼ਕ ਅਸ਼ੋਕ ਭਾਖੜੀ ਦੀ ਨਿਰਦੇਸ਼ਨਾ ਹੇਠ ਹਿੰਦੁਸਤਾਨੀ ਭਾਸ਼ਾ ਵਿਚ ਪੇਸ਼ ਕੀਤਾ ਗਿਆ। ਹਰਿਆਣਾ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਪੇਸ਼ ਹੋਏ ਇਸ ਨਾਟਕ ਵਿਚ ਕਲਾਕਾਰਾਂ ਨੇ ਔਰਤਾਂ ‘ਤੇ ਹੁੰਦੇ ਅੱਤਿਆਚਾਰਾਂ ਬਾਰੇ ਪੇਸ਼ਕਾਰੀ ਦਿੱਤੀ, ਜਿਸ ਵਿਚ ਇਕ ਅੰਨ੍ਹੀ ਔਰਤ ਅਤੇ ਇੱਕ ਟਾਂਗੇਵਾਲੇ ਨੂੰ ਪਿਆਰ ਹੋ ਜਾਂਦਾ ਹੈ ਅਤੇ ਉਹ ਵਿਆਹ ਕਰਵਾ ਲੈਂਦੇ ਹਨ। ਪਰ ਔਰਤ ਦੇ ਪਿਤਾ ਨੂੰ ਇਹ ਗੱਲ ਮਨਜੂਰ ਨਹੀਂ ਹੁੰਦੀ।
ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਨਾਟਕ ਮੇਲੇ ਦੀ ਇਸ ਸ਼ਾਮ ਦੌਰਾਨ ਵਿਸ਼ੇਸ਼ ਮਹਿਮਾਨ ਗਰਗ ਐਡਵਾਂਸਡ ਹੇਅਰ ਟਰਾਂਸਪਲਾਂਟ ਕਲੀਨਿਕ ਤੋਂ ਡਾ. ਦਿਵਾਕਰ ਗਰਗ ਅਤੇ ਡਾ. ਸ਼ਵੇਤਾ ਗਰਗ, ਡਾ. ਅਤਿਨ ਗੁਪਤਾ, ਇੰਦਰਾਣੀ ਹਸਪਤਾਲ, ਡਾ. ਗੁਰਸੇਵਕ ਸਿੰਘ, ਕੇਅਰ ਹਸਪਤਾਲ, ਡਾ. ਗੁਰਸੇਵਕ ਲੰਬੀ ਸਾਬਕਾ ਡੀਵਾਈਡਬਲਿਊ, ਹਰਜੀਤ ਕੈਂਥ, ਆਦਿ ਮੰਚ, ਅਤੇ ਸਾਬਕਾ ਵਿਧਾਇਕ ‘ਤੇ ਭਾਜਪਾ ਨੇਤਾ ਸਰੂਪ ਚੰਦ ਸਿੰਗਲਾ ਨੇ ਆਪਣੀ ਹਾਜ਼ਰੀ ਨਾਲ ਸ਼ਾਮ ਦੀ ਰੌਣਕ ਵਿੱਚ ਵਾਧਾ ਕੀਤਾ ਅਤੇ ਸ਼ਮਾ ਰੌਸ਼ਨ ਕੀਤੀ। ਮਹਿਮਾਨਾਂ ਅਤੇ ਪ੍ਰਬੰਧਕਾਂ ਨੇ ਨਾਟਕ ਦੇਖਣ ਆਏ ਦਰਸ਼ਕਾਂ ਦੀ ਦਿਲਚਸਪੀ ਅਤੇ ਭਾਰੀ ਗਿਣਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।