ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਲੁਧਿਆਣਾ ਵੱਲੋਂ ਜਿਲ੍ਹਾ ਕਚਹਿਰੀਆਂ ਦਾ ਦੌਰਾ
ਲੁਧਿਆਣਾ, 06 ਅਕਤੂਬਰ (ਦਵਿੰਦਰ ਡੀ ਕੇ)
ਮਾਣਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਲੁਧਿਆਣਾ ਮਿਸ ਰੀਤੂ ਬਾਹਰੀ ਵੱਲੋਂ ਜਿਲ੍ਹਾ ਕਚਹਿਰੀਆਂ, ਲੁਧਿਆਣਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮਾਣਯੋਗ ਨਿਆਂਧੀਸ਼ ਵੱਲੋਂ ਲੁਧਿਆਣਾ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਦਾ ਨੀਰੀਖਣ ਕੀਤਾ ਗਿਆ ਅਤੇ ਜਿਲ੍ਹਾ ਕਚਹਿਰੀਆਂ ਕੰਪਲੈਕਸ, ਲੁਧਿਆਣਾ ਵਿਖੇ ਤ੍ਰਿਵੇਣੀ ਅਤੇ ਹੋਰ ਵੱਖ-ਵੱਖ ਕਿਸਮਾਂ ਦੇ 200 ਬੂਟੇ ਵੀ ਲਗਾਏ ਗਏ।
ਇਸ ਮੌਕੇ ਮਾਣਯੋਗ ਨਿਆਂਧੀਸ਼ ਵੱਲੋਂ ਝੁੱਗੀ-ਝੌਂਪੜੀਆਂ ਵਿੱਚ ਵੱਸਦੇ ਲੋਕਾਂ ਦੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਬੱਚਿਆਂ ਵਿੱਚ ਖਾਣ-ਪੀਣ ਦਾ ਸਮਾਨ ਵੀ ਵੰਡਿਆ। ਉਨ੍ਹਾਂ ਜਿਲ੍ਹਾ ਕਚਹਿਰੀਆਂ, ਲੁਧਿਆਣਾ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਕੇਸਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਖੋਲ੍ਹੇ ਗਏ ਈ-ਸੇਵਾ ਕੇਂਦਰ ਦਾ ਵੀ ਦੌਰਾ ਕੀਤਾ। ਜਿਲ੍ਹਾ ਕਚਹਿਰੀਆਂ, ਲੁਧਿਆਣਾ ਦੌਰੇ ਦੌਰਾਨ ਉਨ੍ਹਾਂ ਬਾਰ ਐਸੋਸਇਏਸ਼ਨ, ਲੁਧਿਆਣਾ ਅਤੇ ਸਬ-ਡਵੀਜਨਾਂ ਦੇ ਬਾਰ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾੀ ਸ੍ਰੀ ਰਮਨ ਸ਼ਰਮਾਂ ਨੇ ਦੱਸਿਆ ਕਿ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਅੱਜ ਇੱਕ ਵਿਸ਼ੇਸ਼ ਮੈਗਾ ਕੈਂਪ ਕੋਰਟ ਦਾ ਵੀ ਆਯੋਜਨ ਕਰਵਾਇਆ ਗਿਆ ਅਤੇ ਮਾਨਯੋਗ ਨਿਆਂਧੀਸ਼ ਵੱਲੋਂ ਇਸ ਮੈਗਾ ਕੈਂਪ ਕੋਰਟ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੈਗਾ ਕੈਂਪ ਕੋਰਟ ਵਿੱਚ 8 ਜੂਡੀਸ਼ਿਅਲ ਮੈਜਿਸਟਰੇਟ ਸਾਹਿਬਾਨ ਵੱਲੋਂ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਸਪੈਸ਼ਲ ਕੈਂਪ ਕੋਰਟ ਲਗਾ ਕੇ ਛੋਟੇ ਜ਼ੁਰਮਾਂ ਅਧੀਨ ਜੇਲ੍ਹ ਵਿੱਚ ਬੰਦ 51 ਅਜਿਹੇ ਹਵਾਲਾਤੀਆਂ, ਜਿਨ੍ਹਾਂ ਵੱਲੋਂ ਆਪਣੇ ਜੁਰਮ ਦਾ ਇਕਬਾਲ ਕੀਤਾ ਗਿਆ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਾ ਕਰਨ ਦਾ ਭਰੋਸਾ ਦਿਵਾਇਆ ਗਿਆ, ਦੇ ਕੇਸਾਂ ਦਾ ਮੌਕੇ ਤੇ ਹੀ ਫੈਸਲਾ ਕੀਤਾ ਗਿਆ।
ਮਾਣਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਮਿਸ ਰੀਤੂ ਬਾਹਰੀ ਵੱਲੋਂ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਜਨਾਨਾ ਜੇਲ੍ਹ ਲੁਧਿਆਣਾ ਵਿਖੇ ਬੰਦੀ ਔਰਤਾਂ ਨੂੰ ਆਤਮ ਨਿਰਭਰ ਅਤੇ ਕਿੱਤਾ ਮੁਖੀ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਵੀ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਅਤੇ ਬੰਦੀ ਔਰਤਾਂ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਕਿਸਮਾਂ ਦੇ ਬੈਗ ਆਦਿ ਵੀ ਵੇਖੇ ਗਏ।
ਇਸ ਮੌਕੇ ਤੇ ਮਾਨਯੋਗ ਨਿਆਂਧੀਸ਼ ਵੱਲੋਂ ਫੈਮਿਲੀ ਕੋਰਟਾਂ ਵਿੱਚ ਚੱਲ ਰਹੇ ਵਿਆਹ ਸਬੰਧੀ ਝਗੜੇ ਵੀ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਬੇੜਨ ਲਈ ਯਤਨਸ਼ੀਲ 7 ਵੱਖ-ਵੱਖ ਕੌਂਸਲਰਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਸ਼ਲਾਘਾਯੋਗ ਕੰਮ ਲਈ ੳਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ ।