ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ – ਵਿਧਾਇਕ ਬੱਗਾ
ਲੁਧਿਆਣਾ, 02 ਅਕਤੂਬਰ (ਦਵਿੰਦਰ ਡੀ ਕੇ)
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 93 ਅਧੀਨ ਸਾਈਂ ਇਨਕਲੇਵ ਵਿਖੇ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਜਿਸ ‘ਤੇ ਕਰੀਬ 7 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਸਾਬ੍ਹੀ ਤੂਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਸ਼੍ਰੀ ਬੱਗਾ ਨੇ ਦੱਸਿਆ ਕਿ ਸਾਈਂ ਇਨਕਲੇਵ ਦੇ ਵਸਨੀਕਾਂ ਦੀ ਚਿਰੌਕਣੀ ਮੰਗ ਪੂਰੀ ਕਰਦਿਆਂ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਪਿਛਲੇ ਕਰੀਬ 10-15 ਸਾਲ ਤੋਂ ਸੀਵਰੇਜ਼ ਦੀ ਸਮੱਸਿਆ ਨਾਲ ਜੂਝ ਰਹੇ ਸਨ, ਪਾਣੀ ਦੀ ਨਿਕਾਸੀ ਬੇਹੱਦ ਖਸਤਾ ਸੀ, ਜਿਸ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਹੁਣ ਸੀਵਰੇਜ ਦਾ ਕੰਮ ਮੁਕੰਮਲ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲੇਗੀ।
ਇਸ ਤੋਂ ਇਲਾਵਾ ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਵਿਧਾਇਕ ਜਨਤਾ ਦਰਬਾਰ ਮੁਹਿੰਮ ਤਹਿਤ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ-ਨਾਲੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਿਲਾਂ ਆਉਣਗੀਆਂ ਉਹ ਲੋਕਾਂ ਵਿੱਚ ਰਹਿ ਕੇ ਲੋਕਾਂ ਨਾਲ ਖੜ੍ਹ ਕੇ ਹੱਲ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।