ਸਵੱਛ ਭਾਰਤ ਦਿਵਸ ਮੌਕੇ ‘ਹਰ ਘਰ ਜਲ’ ਮਿਸ਼ਨ ਤਹਿਤ ਲੁਧਿਆਣਾ ਜ਼ਿਲ੍ਹੇ ਨੂੰ ਮਿਲਿਆ ਸਨਮਾਨ
ਲੁਧਿਆਣਾ, 02 ਅਕਤੂਬਰ (ਦਵਿੰਦਰ ਡੀ ਕੇ)
ਇੱਕ ਵੱਡੀ ਮੱਲ੍ਹ ਮਾਰਦਿਆਂ, ਲੁਧਿਆਣਾ ਜ਼ਿਲ੍ਹੇ ਨੂੰ ਜਲ ਸ਼ਕਤੀ ਮੰਤਰਾਲੇ ਵੱਲੋਂ ‘ਹਰ ਘਰ ਜਲ’ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਹੁਣ ਲੁਧਿਆਣਾ ਜ਼ਿਲ੍ਹੇ ਨੇ ਮਾਣ ਹੈ ਜਿੱਥੇ ਹਰੇਕ ਪਿੰਡ ਦੇ ਘਰ-ਘਰ ਲੋਕਾਂ ਨੂੰ ਟੂਟੀ ਵਾਲਾ ਅਤੇ ਸਾਫ਼ ਪੀਣ ਵਾਲਾ ਪਾਣੀ ਉਪਲੱਬਧ ਹੈ।
ਇਹ ਐਵਾਰਡ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਨਵੀਂ ਦਿੱਲੀ ਵਿਖੇ ਪ੍ਰਾਪਤ ਕੀਤਾ।
ਇਸ ਵੱਡੀ ਪ੍ਰਾਪਤੀ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਜਲ ਸਪਲਾਈ ਵਿਭਾਗ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਅੱਜ ਦੇ ਦਿਨ ਨੂੰ ਭਾਗਾਂ ਭਰਿਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ ਹੈ ਜ਼ਿਨ੍ਹਾਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਹਰ ਘਰ ਦੇ ਵਸਨੀਕ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਈ ਅਤੇ ਇਹ ਲੋਕ ਲਹਿਰ ਚਲਾਉਣ ਲਈ ਜੋਸ਼ ਨਾਲ ਕੰਮ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਭਵਿੱਖ ਵਿੱਚ ਹੋਰ ਵੀ ਨਿਮਰਤਾ ਅਤੇ ਲਗਨ ਨਾਲ ਲੋਕਾਂ ਦੀ ਸੇਵਾ ਕਰਨ ਲਈ ਉਪਰਾਲੇ ਕਰੇਗਾ।