ਵਿਧਾਇਕ ਗੋਗੀ, ਟਿੱਪਰ-ਟਰਾਲੀ ਚਾਲਕਾਂ ਦੇ ਸਹਿਯੋਗ ਲਈ ਆਏ ਅੱਗੇ
ਲੁਧਿਆਣਾ, 26 ਸਤੰਬਰ (ਦਵਿੰਦਰ ਡੀ ਕੇ)
ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਰੇਤ ਦੀ ਢੋਆ-ਢੁਆਈ ਕਰਨ ਵਾਲੇ ਟਿੱਪਰ ਅਤੇ ਟਰਾਲੀ ਚਾਲਕ ਕਮੇਟੀ ਦੇ ਸਹਿਯੋਗ ਲਈ ਅੱਗੇ ਆਏ। ਵਿਧਾਇਕ ਗੋਗੀ ਦੇ ਉੱਦਮ ਸਦਕਾ, ਮਾਣਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਨਾਲ ਮੌਕੇ ‘ਤੇ ਹੀ ਗੱਲਬਾਤ ਕੀਤੀ ਅਤੇ ਕਮੇਟੀ ਦੀਆਂ ਮੰਗਾਂ ਸਬੰਧੀ ਮੁਲਾਕਾਤ ਦਾ ਸਮਾਂ ਵੀ ਲਿਆ।
ਵਿਧਾਇਕ ਗੋਗੀ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਨਾਲ ਗੱਲਬਾਤ ਹੋ ਗਈ ਹੈ ਅਤੇ ਉਹ ਜਲਦ ਟਿੱਪਰ ਅਤੇ ਟਰਾਲੀ ਚਾਲਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਮਾਇਨਿੰਗ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਮੀਟਿੰਗ ਦੌਰਾਨ ਆਪਣੀ ਹਾਜ਼ਰੀ ਯਕੀਨੀ ਬਣਾਉਣਗੇ।
ਜ਼ਿਕਰਯੋਗ ਹੈ ਟਿੱਪਰ ਅਤੇ ਟਰਾਲੀ ਚਾਲਕ ਵੱਲੋਂ ਆਪਣੀਆਂ ਔਕੜਾਂ ਸਬੰਧੀ ਰੋਸ ਪ੍ਰਦਰਸ਼ਨ ਵਜੋਂ ਸਰਕਾਰ ਵਿਰੁੱਧ ਧਰਨਾ ਲਗਾਇਆ ਗਿਆ ਸੀ ਜਿੱਥੇ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ।
ਕਮੇਟੀ ਵੱਲੋਂ ਵਿਧਾਇਕ ਗੋਗੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਉਹ ਇਸ ਸਮੇਂ ਬੇਹੱਦ ਨਾਜੁਕ ਦੌਰ ਵਿੱਚੋਂ ਗੁਜਰ ਰਹੇ ਹਨ, ਖਾਲੀ ਖੜੀਆਂ ਗੱਡੀਆਂ ਦਾ ਰੋਡ ਟੈਕਸ ਭਰਨਾ ਪੈ ਰਿਹਾ ਹੈ ਅਤੇ ਬਿਨ੍ਹਾਂ ਆਮਦਨ ਕਰਕੇ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਿੱਥੇ ਆਪਣੇ ਬੱਚਿਆਂ ਦੀਆਂ ਸਕੂਲ ਫੀਸਾਂ ਭਰਨ ਤੋਂ ਅਸਮਰੱਥ ਹਨ ਉੱਥੇ ਹੀ ਘਰ ਦਾ ਗੁਜਾਰਾ ਕਰਨਾ ਵੀ ਔਖਾ ਹੋਇਆ ਪਿਆ ਹੈ।
ਵਿਧਾਇਕ ਗੋਗੀ ਵੱਲੋਂ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ, ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਮਾਇਨਿੰਗ ਨਾਲ ਸਬੰਧਤ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਨਿਬੇੜੇ ਲਈ ਵਚਨਬੱਧ ਹੈ।
ਵਿਧਾਇਕ ਗੋਗੀ ਵੱਲੋਂ ਅੱਜ ਕਮੇਟੀ ਮੈਂਬਰਾਂ ਅਤੇ ਇਕੱਠ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਉਹ ਖੁਦ ਨਾਲ ਜਾਕੇ ਹੱਲ ਕਰਵਾਉਣਗੇ, ਜਿਸ ‘ਤੇ ਸੰਘਰਸ਼ ਕਮੇਟੀ ਮੈਂਬਰਾਂ ਵੱਲੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨਾਲ ਚੰਡੀਗੜ੍ਹ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ.
ਇਸ ਮੌਕੇ ਵਿਸ਼ਾਲ ਬੱਤਰਾ, ਸਤਿਨਾਮ ਸਿੰਘ ਸੰਨੀ ਮਾਸਟਰ, ਵਿਧਾਇਕ ਗੋਗੀ ਦੇ ਮੀਡੀਆ ਇੰਚਾਰਜ਼ ਨਵੀਨ ਗੋਗਨਾ, ਪਰਮਵੀਰ ਸਿੰਘ, ਸਤਨਾਮ ਸੱਤਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।