ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੈਗਸੀਪਾ ਵੱਲੋਂ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ
ਫਾਜ਼ਿਲਕਾ 24 ਸਤੰਬਰ (ਪੀ ਟੀ ਨੈੱਟਵਰਕ)
ਮਹਾਤਮਾ ਗਾਂਧੀ ਲੋਕ ਪ੍ਰਸ਼ਾਸਨ ਸੰਸਥਾਨ ਚੰਡੀਗੜ੍ਹ (ਮੈਗਸੀਪਾ) ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਸਹਿਯੋਗ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਹੋਰਨਾ ਵਿਸ਼ਿਆਂ ਤੇ ਤਿੰਨ ਰੋਜਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਐਸ.ਡੀ.ਐਮ. ਦਫਤਰ ਫਾਜ਼ਿਲਕਾ ਵਿਖੇ ਕਰਵਾਈ ਗਈ ਟ੍ਰੇਨਿੰਗ ਦੌਰਾਨ ਨਸ਼ਿਆਂ ਦੇ ਦੁਰਪ੍ਰਭਾਵਾਂ ਤੇ ਇਸ ਦੀ ਰੋਕਥਾਮ ਲਈ ਵੱਧ ਤੋਂ ਵੱਧ ਹਾਜਰੀਨ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਟ੍ਰੇਨਿੰਗ ਦੀ ਸ਼ੁਰੂਆਤ ਮੌਕੇ ਪ੍ਰੋਜੈਕਟ ਡਾਇਰੈਕਟਰ ਮਨਦੀਪ ਸਿੰਘ ਨੇ ਕਿਹਾ ਕਿ ਟ੍ਰੇਨਿੰਗਾਂ ਕਰਵਾਉਣ ਦਾ ਮੰਤਵ ਸਮਾਜ ਅੰਦਰ ਸਮੇਂ ਸਮੇਂ ਤੇ ਆਉਂਦੀਆਂ ਤਬਦੀਲੀਆਂ ਬਾਰੇ ਸਭ ਨੂੰ ਜਾਣੂੰ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਜਿਥੇ ਅਸੀਂ ਇਕ ਦੂਜੇ ਨੁੰ ਮਿਲਦੇ ਹਾਂ ਉਥੇ ਸਾਡੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿਖਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਸਾਨੂੰ ਜਿੰਦਗੀ ਦੇ ਹਰ ਪੜਾਅ ਤੋਂ ਸਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਿਆਨ ਦੇ ਵਾਧੇ ਨਾਲ ਸਾਡੇ ਵਿਚਾਰਾਂ ਚ ਵੀ ਤਬਦੀਲੀ ਆਉਂਦੀ ਅਤੇ ਜਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸਮਰਥਾ ਵੀ ਵਧਦੀ ਹੈ।
ਟ੍ਰੇਨਿੰਗ ਦੇ ਸੈਸ਼ਨ ਦੌਰਾਨ ਰਿਸੋਰਸ ਪਰਸਨ ਵਜੋਂ ਡਾ. ਪੀਕਾਕਸ਼ੀ ਅਰੋੜਾ ਨੇ ਆਪਣੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਵੀ ਚੀਜ ਦੀ ਲਤ ਲਗ ਜਾਣਾ ਉਸਨੂੰ ਨਸ਼ਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਬੁਰੀ ਆਦਤ ਹੈ ਜੋ ਕਿ ਸਾਨੂੰ ਖੁਦ ਨੂੰ ਤਾਂ ਬਰਬਾਦ ਕਰਦਾ ਹੀ ਹੈ ਬਲਕਿ ਪੂਰਾ ਪਰਿਵਾਰ ਵੀ ਇਸਦੀ ਚਪੇਟ ਵਿਚ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿਸ ਸਮਾਜ ਵਿਚ ਰਹਿ ਰਹੇ ਹੁੰਦੇ ਹਾਂ ਉਸ ਨਾਲੋਂ ਵੀ ਟੁੱਟ ਜਾਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਧਿਆਨ ਨਸ਼ਿਆਂ ਜਿਹੀਆਂ ਮਾੜੀਆਂ ਕੁਰੀਤੀਆਂ ਤੋਂ ਹਟਾ ਕੇ ਸਕਾਰਾਤਮਕ ਚੀਜਾਂ ਵੱਲ ਲਗਾਉਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਸਮਾਜ ਨਾਲ ਜੁੜੇ ਰਹੀਏ।
ਵਰਕਸ਼ਾਪ ਦੌਰਾਨ ਡਾ. ਵਿਜੈ ਗਰੋਵਰ ਨੇ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਕਿਸੇ ਵੀ ਚੁਣੌਤੀ ਤੋਂ ਘਬਰਾਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜਿੰਦਗੀ ਚ ਬਹੁਤ ਸਾਰੀਆਂ ਪ੍ਰੇਸ਼ਾਣੀਆਂ ਆਉਂਦੀਆਂ ਪਰ ਸਾਨੂੰ ਹਰ ਪ੍ਰੇਸ਼ਾਣੀ ਦਾ ਸਾਹਮਣਾ ਸਕਾਰਾਤਮਕ ਤਰੀਕੇ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਖਿੜੇ ਮਥੇ ਚੁਣੋਤੀਆਂ ਦਾ ਹਲ ਹੋ ਸਕੇ। ਇਸ ਤੋਂ ਇਲਾਵਾ ਸਾਡੀ ਟੀਚਾ ਕੇਂਦਰਿਤ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਜਿੰਦਗੀ ਵਿਚ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਖੁਸ਼ ਰਹਿਣ ਲਈ ਇਕ ਤਾਂ ਸਾਡਾ ਆਲਾ-ਦੁਆਲਾ ਚੰਗਾ ਹੋਣਾ ਚਾਹੀਦਾ ਹੈ ਜੋ ਸਾਨੂੰ ਹਮੇਸ਼ਾ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰੇ ਤੇ ਚੰਗੇ ਕੰਮ ਕਰਨ ਲਈ ਹੌਂਸਲਾਅਫਜਾਈ ਕਰੇ।
ਇਸ ਮੌਕੇ ਸੇਵਾਮੁਕਤ ਲੈਕਚਰਾਰ ਰਾਕੇਸ਼ ਸਹਿਗਲ ਵੱਲੋਂ ਹਾਜਰੀਨ ਨੂੰ ਡਿਜੀਟਲ ਸਾਧਨਾਂ ਜਿਵੇਂ ਕਿ ਮੋਬਾਈਲ ਦੀ ਹੱਦ ਤੋਂ ਜਿਆਦਾ ਵਰਤੋਂ ਦੇ ਨੁਕਸਾਨ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲੈਕਟ੍ਰੋਨਿਕ ਵਸਤਾਂ ਦੀ ਵਰਤੋਂ ਵਿਚ ਇਨਸਾਨ ਅੱਜ ਇੰਨਾਂ ਘਿਰ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਆਪਸ ਵਿਚ ਗੱਲ ਕਰਨ ਦਾ ਸਮਾ ਨਹੀਂ। ਉਨ੍ਹਾਂ ਕਿਹਾ ਕਿ ਡਿਜੀਟਲ ਸਾਧਨਾਂ ਦੀ ਸਭ ਤੋਂ ਜਿਆਦਾ ਮਾਰ ਬਚਿਆਂ ਤੇ ਪਈ ਹੈ ਜੋ ਕਿ ਸਾਰਾ ਦਿਨ ਮੋਬਾਈਲ ਚ ਹੀ ਰੁਝੇ ਰਹਿੰਦੇ ਹਨ ਤੇ ਆਪਣਾ ਬਚਪਨਾ ਵੀ ਗਵਾ ਰਹੇ ਹਨ। ਇਸ ਕਰਕੇ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਤੇ ਅਜਿਹੇ ਸਾਧਨਾਂ ਦੀ ਵਰਤੋਂ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਲੀਗਲ ਸਰਵਿਸ ਦੇ ਵਕੀਲ ਸ੍ਰੀ ਵਰੁਨ ਬਾਂਸਲ ਨੇ ਪੋਕਸੋ ਅਤੇ ਐਨ.ਡੀ.ਪੀ.ਐਸ ਐਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਹਾਜਰੀਨ ਨੂੰ ਬਚਿਆਂ ਦੇ ਅਧਿਕਾਰਾਂ ਤੇ ਕਾਨੂੰਨੀ ਧਾਰਾਵਾਂ ਬਾਰੇ ਵੀ ਜਾਣੂੰ ਕਰਵਾਇਆ।
ਸਿੱਖਿਆ ਵਿਭਾਗ ਦੇ ਵਿਜੈ ਕੁਮਾਰ ਨੋਡਲ ਅਫਸਰ ਨੇ ਬੱਡੀਜ ਗਰੁੱਪਜ ਅਤੇ ਡੈਪੋ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਸਕੀਮ ਕਾਫੀ ਕਾਰਗਰ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਬਡੀਜ ਗਰੁੱਪ ਦਾ ਮਹਤਵ ਹੈ ਕਿ ਸਾਨੂੰ ਆਪਣੇ ਨਾਲ ਦੇ ਦੋਸਤ, ਸਾਥੀ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿ ਕਰਦਾ ਹੈ, ਕੋਈ ਗਲਤ ਸੰਗਤ ਵਿਚ ਤਾਂ ਨਹੀਂ ਪੈ ਗਿਆ। ਡੈਪੋ (ਨਸ਼ਾ ਰੋਕੂ ਅਫਸਰ) ਜੋ ਕਿ ਖੁਦ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਹੋਰਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ।