7 ਮਈ ਤੋਂ ਹੋਵੇਗੀ ਲਾਲਪਰੀ ਦੀ ਤਾਲਾ ਮੁਕਤੀ
ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਠੇਕੇ ਰਹਿਣਗੇ ਖੁੱਲ੍ਹੇ
ਬਾਅਦ ਦੁਪਹਿਰ ਇੱਕ ਵਜੇ ਤੋਂ ਬਾਅਦ ਲਾਲ ਪਰੀ ਖੁਦ ਘਰ ਪਹੁੰਚੇਗੀ
ਕੋੋਰੋਨਾ ਵਾਇਰਸ ਦੀ ਪਾਬੰਦੀਆਂ ਦੇ ਚੱਲਦਿਆਂ ਕੇਂਦਰ ਤੋਂ ਲੈ ਕੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰਾਜ ਸਰਕਾਰਾਂ ਦੀ ਆਰਥਿਕਤਾ ਦੀ ਚੂਲਾਂ ਜਰਕੀਆਂ ਪਈਆਂ ਹਨ।ਤਕਰੀਬਨ ਸਾਰੀਆਂ ਹੀ ਸਰਕਾਰਾਂ ਦੇ ਖਜ਼ਾਨੇ ਬਿਮਾਰ ਅਵਸਥਾ ਵਿੱਚ ਵਿਖਾਈ ਦੇ ਰਹੇ ਹਨ।ਸ਼ਾਇਦ ਇਹੋ ਕਾਰਨ ਹੈ ਕਿ ਖੁਦ ਬਿਮਾਰ ਸਰਕਾਰੀ ਖਜਾਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਇਲਾਜ ਕਰਨ ਤੋਂ ਅਸਮਰਥ ਜਿਹੇ ਵਿਖਾਈ ਦੇ ਰਹੇ ਹਨ।ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਬੀਤੀ ਚਾਰ ਮਈ ਨੂੰ ਸ਼ਰਾਬ ਦਾ ਅਜਿਹਾ ਇੰਜੈਕਸ਼ਨ ਦਿੱਤਾ ਕਿ ਉਹਨਾਂ ਦੇ ਖਜ਼ਾਨੇ ਨੌ ਬਰ ਨੌ ਹੋ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਕਈ ਦਿਨ ਪਹਿਲਾਂ ਕੇਂਦਰ ਸਰਕਾਰ ਤੋਂ ਠੇਕਿਆਂ ਦੀ ਤਾਲਾ ਮੁਕਤੀ ਦੀ ਮੰਗੀ ਇਜ਼ਾਜਤ ਨੂੰ ਬੇਸ਼ੱਕ ਉਸ ਸਮੇਂ ਤਾਂ ਕੇਂਦਰ ਸਰਕਾਰ ਨੇ ਠੁਕਰਾ ਦਿੱਤਾ ਸੀ ਪਰ ਬੀਤੇ ਦਿਨੀਂ ਸੂਬਿਆਂ ਨੂੰ ਸੁਰੱਖਿਅਤ ਜੋਨਾਂ ਵਿੱਚ ਇਸ ਦੀ ਇਜਾਜਤ ਦੇ ਦਿੱਤੀ ਸੀ।ਦਿੱਲੀ ਅਤੇ ਰਾਜਸਥਾਨ ਸਮੇਤ ਕਈ ਸੂਬਿਆਂ ਨੇ ਸ਼ਰਾਬ ਦੇ ਠੇਕਿਆਂ ਦੀ ਤਾਲਾਬੰਦੀ ਚਾਰ ਮਈ ਦੀ ਸਵੇਰ ਤੋਂ ਖਤਮ ਕਰ ਦਿੱਤੀ ਸੀ।ਠੇਕਿਆਂ ਦੀ ਤਾਲਾ ਮੁਕਤੀ ਦਾ ਚਾਅ ਸ਼ਰਾਬੀਆਂ ਦੇ ਚਿਹਰਿਆਂ ‘ਤੇ ਵੇਖਣ ਵਾਲਾ ਸੀ।ਕਈ ਪਿਆਕੜਾਂ ਨੇ ਤਾਂ ਠੇਕਿਆਂ ਨੂੰ ਝੁਕ ਝੁਕ ਸਲਾਮਾਂ ਕੀਤੀਆਂ ਅਤੇ ਕਈ ਥਾਈ ਹੋਰ ਸ਼ਗਨ ਵੀ ਮਨਾਏ ਗਏ।ਰਾਸ਼ਨ ਦੀਆਂ ਦੁਕਾਨਾਂ ਨਾਲੋਂ ਕਈ ਗੁਣਾ ਜਿਆਦਾ ਭੀੜ ਠੇਕਿਆਂ ਦੇ ਦੁਆਰ ‘ਤੇ ਵੇਖੀ ਗਈ।ਲੰਬੀਆਂ ਕਤਾਰਾਂ ‘ਚ ਖੜੇ ਲੋਕਾਂ ਨੂੰ ਕਈ ਕਈ ਘੰਟਿਆਂ ਦੇ ਲੰਬੇ ਇੰਤਜ਼ਾਰ ਉਪਰੰਤ ਹੀ ਲਾਲ ਪਰੀ ਨਸੀਬ ਹੋਈ।ਕਈ ਲੋਕ ਤਾਂ ਇਕੱਠੀਆਂ ਕਈ ਕਈ ਬੋਤਲਾਂ ਇਸ ਤਰ੍ਹਾਂ ਖਰੀਦਦੇ ਵੇਖੇ ਗਏ ਜਿਵੇਂ ਉਹਨਾਂ ਦੀ ਚਿਰੋਕਣੀ ਰੀਝ ਪੂਰੀ ਹੋਈ ਹੋਵੇ।
ਕਈ ਦਿਨਾਂ ਦੇ ਵਿਚਾਰ ਵਟਾਂਦਰੇ ਉਪਰੰਤ ਪੰਜਾਬ ਸਰਕਾਰ ਨੇ ਵੀ ਅੱਜ ਤੋਂ ਸੁਰੱਖਿਅਤ ਖੇਤਰਾਂ ‘ਚ ਠੇਕਿਆਂ ਨੂੰ ਤਾਲਾ ਮੁਕਤ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ‘ਚ ਤਕਰੀਬਨ ਡੇਢ ਮਹੀਨੇ ਦੀ ਤਾਲਾਬੰਦੀ ਉਪਰੰਤ ਅੱਜ ਲਾਲਪਰੀ ਨਾਂ ਸਿਰਫ ਠੇਕਿਆਂ ‘ਤੇ ਉਪਲਬਧ ਹੋ ਜਾਵੇਗੀ ਸਗੋਂ ਚਾਹਵਾਨਾਂ ਦੇ ਘਰਾਂ ਤੱਕ ਵੀ ਪਹੁੰਚਾਈ ਜਾਵੇਗੀ।ਸਰਕਾਰੀ ਹੁਕਮਾਂ ਅਨੁਸਾਰ ਆਮ ਦੁਕਾਨਾਂ ਵਾਂਗ ਹੀ ਠੇਕੇ ਵੀ ਸਵੇਰੇ ਨੌਂ ਵਜੇ ਤੋਂ ਲੈ ਕੇ ਇੱਕ ਵਜੇ ਤੱਕ ਖੁੱਲਣਗੇ।ਬਾਕੀ ਸੂਬਿਆਂ ‘ਚ ਠੇਕਿਆਂ ਦੀ ਹੋਈ ਤਾਲਾਮੁਕਤੀ ਦੌਰਾਨ ਹੋਈ ਸ਼ੋਸਲ ਡਿਸ਼ਟੈਸਿੰਗ ਦੀ ਉਲੰਘਣਾ ਤੋਂ ਸਬਕ ਲੈਂਦਿਆਂ ਸਰਕਾਰ ਨੇ ਠੇਕੇਦਾਰਾਂ ਨੂੰ ਸੋਸ਼ਲ ਡਿਸ਼ਟੈਸਿੰਗ ਦੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਹਨ।ਜੇਕਰ ਕੋਈ ਪਿਆਕੜ ਇਸ ਸਮੇਂ ਦੌਰਾਨ ਸ਼ਰਾਬ ਖਰੀਦਣ ਤੋਂ ਰਹਿ ਗਿਆ ਤਾਂ ਸਰਕਾਰ ਨੇ ਉਸਦਾ ਵੀ ਲਾਲ ਪਰੀ ਨਾਲ ਮੇਲ ਕਰਵਾਉਣ ਦੇ ਪੂਰੇ ਪੂਰੇ ਪ੍ਰਬੰਧ ਕੀਤੇ ਹਨ।ਮੀਡੀਆ ਰਿਪੋਰਟਾਂ ਅਨੁਸਾਰ ਇੱਕ ਵਜੇ ਠੇਕਿਆਂ ਦੀ ਤਾਲਾਬੰਦੀ ਉਪਰੰਤ ਲਾਲ ਪਰੀ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾਵੇਗੀ।
ਜਦਕਿ ਲਾਲ ਪਰੀ ਦੀ ਹੋਮ ਡਿਲੀਵਰੀ ਦੀ ਵਿਵਸਥਾ ਪੂਰੇ ਮੁਲਕ ਵਿੱਚ ਕੋਈ ਸੂਬਾ ਨਹੀਂ ਕਰ ਸਕਿਆ।ਪੰਜਾਬ ਦੇ ਠੇਕੇਦਾਰਾਂ ਵੱਲੋਂ ਵੀ ਲਾਲ ਪਰੀ ਦੀ ਹੋਮ ਡਿਲੀਵਰੀ ਤੋਂ ਆਨਾਕਾਨੀ ਕੀਤੇ ਜਾਣ ਦੀਆਂ ਖਬਰਾਂ ਹਨ।ਠੇਕੇਦਾਰ ਦਾ ਕਹਿਣਾ ਹੈ ਕਿ ਸ਼ਰਾਬ ਦੀ ਹੋਮ ਡਿਲੀਵਰੀ ਇੰਨ੍ਹੀ ਆਸਾਨ ਨਹੀਂ ਜਿੰਨ੍ਹੀ ਜਾਪਦੀ ਹੈ।ਉਹਨਾਂ ਦਾ ਕਹਿਣਾ ਹੈ ਕਿ ਵਿਵਸਥਾ ਤੋਂ ਲੈ ਕੇ ਬਲੈਕ ਖੋਰੀ ਤੱਕ ਦੀਆਂ ਕਈ ਸਮੱਸਿਆਵਾਂ ਹੋਮ ਡਿਲੀਵਰੀ ਨਾਲ ਜੁੜੀਆਂ ਹੋਈਆਂ ਹਨ।ਹੋਮ ਡਿਲੀਵਰੀ ਬਾਰੇ ਪੂਰੀ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ।
ਬੇਸ਼ੱਕ ਬਾਕੀ ਸੂਬਿਆਂ ਨਾਲੋਂ ਦੋ ਚਾਰ ਦਿਨ ਪੱਛੜ ਕੇ ਹੀ ਸਹੀ ਪਰ ਹੁਣ ਪੰਜਾਬ ਦਾ ਖਜਾਨਾ ਵੀ ਹਰਿਆਲਾ ਹੋਣਾ ਸ਼ੁਰੂ ਹੋ ਜਾਵੇਗਾ।ਹੁਣ ਜਦੋਂ ਮਾਲ ਵਿਭਾਗ ਤੋਂ ਲੈ ਕੇ ਹਰ ਤਰ੍ਹਾਂ ਦੇ ਟੈਕਸਾਂ ਦੀ ਆਮਦ ਬੰਦ ਹੋਣ ਨਾਲ ਸਰਕਾਰਾਂ ਆਰਥਿਕ ਸੰਕਟ ਦੀ ਕਾਗਾਰ ‘ਤੇ ਚਲੀਆਂ ਗਈਆਂ ਸਨ ਤਾਂ ਇਸ ਔਖੇ ਵਕਤ ਸ਼ਰਾਬ ਹੀ ਸਹਾਰਾ ਬਣੀ ਹੈ।ਹੁਣ ਖਾਲੀ ਹੁੰਦੀਆਂ ਬੋਤਲਾਂ ਦਾ ਸਿੱਧਾ ਸੰਬੰਧ ਸਰਕਾਰੀ ਖਜਾਨੇ ਦੀ ਭਰਪਾਈ ਨਾਲ ਹੈ।ਬੋਤਲ ਖਾਲੀ ਕਰਨ ਵਾਲਾ ਹਰ ਇਨਸਾਨ ਖੁਦ ਦੀ ਜੇਬ ਤਾਂ ਬੇਸ਼ੱਕ ਖਾਲੀ ਕਰ ਰਿਹਾ ਹੋਵੇ ਪਰ ਸਰਕਾਰੀ ਖਜਾਨੇ ਦੀ ਭਰਪਾਈ ‘ਚ ਆਪਣਾ ਯੋਗਦਾਨ ਜਰੂਰ ਪਾ ਰਿਹਾ ਹੋਵੇਗਾ।ਦਿੱਲੀ ਸਰਕਾਰ ਨੇ ਸ਼ਰਾਬ ਦੀ ਵਿੱਕਰੀ ‘ਤੇ ਸੱਤਰ ਫੀਸਦੀ ਕੋਰੋਨਾ ਟੈਕਸ ਲਗਾਕੇ ਸ਼ਰਾਬ ਮਹਿੰਗੀ ਕਰ ਦਿੱਤੀ ਹੈ।ਪਰ ਆਲਮ ਵੇਖੋ ਸ਼ਰਾਬ ਦੀ ਮਹਿੰਗਾਈ ਦਾ ਪਿਆਕੜਾਂ ‘ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ।ਠੇਕਿਆਂ ‘ਤੇ ਉਮੜੀਆਂ ਭੀੜਾਂ ਨੇ ਆਰਥਿਕ ਮਾਹਿਰਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਉਹਨਾਂ ਵੱਲੋਂ ਲੋਕਾਂ ਦੀ ਖਰੀਦ ਸ਼ਕਤੀ ਕਮਜੋਰ ਹੋਣ ਦੀਆਂ ਕੀਤੀਆਂ ਭਵਿੱਖਬਾਣੀਆਂ ਗਲਤ ਕਿਵੇਂ ਹੋ ਗਈਆਂ ਹਨ?
ਇੱਕ ਅੰਕੜੇ ਅਨੁਸਾਰ ਸ਼ਰਾਬ ਦੇ ਉਤਪਾਦਨ ਅਤੇ ਵਿੱਕਰੀ ਤੋਂ ਉਗਰਾਹਿਆ ਜਾਣ ਵਾਲਾ ਟੈਕਸ ਸੂਬਿਆਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦੀ ਆਮਦਨ ਦਾ ਵੱਡਾ ਸ੍ਰੋਤ ਹੈ।ਸ਼ਰਾਬ ਦੀ ਵਿੱਕਰੀ ਤੋਂ ਟੈਕਸ ਉਗਰਾਹੁਣ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਮੋਹਰੀ ਸੂਬਾ ਹੈ।ਸਾਲ 2018-19 ਦੌਰਾਨ ਉੱਤਰ ਪ੍ਰਦੇਸ਼ ਨੇ ਪੱਚੀ ਹਜ਼ਾਰ ਇੱਕ ਸੌ ਕਰੋੜ ਰੁਪਏ ਦੇ ਟੈਕਸ ਦੀ ਉਗਰਾਹੀ ਕੀਤੀ ਜਦਕਿ ਕਰਨਾਟਕਾ ਨੇ ਉੱਨੀ ਹਜ਼ਾਰ ਸੱਤ ਸੌ ਪੰਜਾਹ ਕਰੋੜ,ਮਹਾਰਾਸ਼ਟਰ ਨੇ ਪੰਦਰਾਂ ਹਜ਼ਾਰ ਤਿੰਨ ਸੌ ਤਰਤਾਲੀ ਕਰੋੜ,ਪੱਛਮੀ ਬੰਗਾਲ ਨੇ ਦਸ ਹਜ਼ਾਰ ਪੰਜ ਸੌ ਚੁਰੰਜਾ ਕਰੋੜ ਅਤੇ ਤੇਲੰਗਾਨਾ ਨੇ ਦਸ ਹਜ਼ਾਰ ਤਿੰਨ ਸੌ ਤੇਰਾਂ ਕਰੋੜ ਟੈਕਸ ਦੀ ਉਗਰਾਹੀ ਨਾਲ ਪਹਿਲੇ ਪੰਜ ਸਥਾਨ ਹਾਸਿਲ ਕੀਤੇ।ਜੇਕਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਔਸਤ ਮਾਸਿਕ ਟੈਕਸ ਉਗਰਾਹੀ ਵੇਖੀਏ ਤਾਂ 2018-19 ਦੌਰਾਨ ਇਹ ਬਾਰਾਂ ਹਜ਼ਾਰ ਪੰਜ ਸੌ ਕਰੋੜ ਸੀ ਜੋ ਕਿ 2019-20 ਦੌਰਾਨ ਵਧਕੇ ਪੰਦਰਾਂ ਹਜ਼ਾਰ ਕਰੋੜ ਰੁਪਏ ਹੋ ਗਈ।ਇਸ ਸਾਲ ਦੌਰਾਨ ਤਾਲਾਬੰਦੀ ਦੀ ਗੈਰਹਾਜ਼ਰੀ ‘ਚ ਇਸਦੇ ਇਜ਼ਾਫੇ ਦਾ ਅਨੁਮਾਨ ਸੀ।ਪਰ ਹੁਣ ਬਦਲੇ ਹਾਲਾਤਾਂ ‘ਚ ਇਸ ਬਾਰੇ ਅਗਾਊਂ ਕੁੱਝ ਕਹਿਣਾ ਵਾਜਬ ਨਹੀਂ ਹੋਵੇਗਾ।
ਠੇਕਿਆਂ ਦੀ ਤਾਲਾਮੁਕਤੀ ਦੌਰਾਨ ਬਹੁਤ ਸਾਰੇ ਖਤਰਿਆਂ ਦੇ ਦਰਪੇਸ਼ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਜਿੱਥੇ ਇਸ ਨਾਲ ਆਪਸੀ ਲੜਾਈ ਝਗੜਿਆਂ ਦਾ ਖਤਰਾ ਵਧੇਗਾ ਉੱਥੇ ਹੀ ਸ਼ੋਸਲ ਡਿਸ਼ਟੈਸਿੰਗ ਆਦਿ ਦੀ ਪਾਲਣਾ ਵੀ ਘਟੇਗੀ।ਸ਼ਰਾਬ ਦਾ ਸੇਵਨ ਕਰਨ ਵਾਲਿਆਂ ਤੋਂ ਲੈ ਕੇ ਇਸ ਦੀ ਵਿੱਕਰੀ ਤੱਕ ਕਰਨ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਕੋਰੋਨਾ ਖਤਰਿਆਂ ਨੂੰ ਵਿਸਾਰਨ ਦੀ ਗਲਤੀ ਹਰਗਿਜ਼ ਨਾ ਕੀਤੀ ਜਾਵੇ।ਕਿਉਂਕਿ ਉਹਨਾਂ ਦੀ ਗਲਤੀ ਸਮੁੱਚੇ ਸਮਾਜ ਲਈ ਬਿਪਤਾ ਬਣ ਸਕਦੀ ਹੈ।
—————
ਬਿੰਦਰ ਸਿੰਘ ਖੁੱਡੀ ਕਲਾਂ
ਮੋਬ :98786-05965