ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਜ਼ ਯੂਨੀਅਨ ਜਿਲ੍ਹਾ ਫਾਜਿਲਕਾ ਦੇ ਕਾਮਿਆਂ ਵੱਲੋਂ ਕੀਤੀ ਗਈ ਗੇਟ ਰੈਲੀ
ਫਾਜ਼ਿਲਕਾ, 21 ਸਤੰਬਰ (ਪੀ ਟੀ ਨੈੱਟਵਰਕ)
ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਜਿਲ੍ਹਾ ਫਾਜਿਲਕਾ ਵੱਲੋਂ ਅਮਰਜੀਤ ਚਾਵਲਾ ਜਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ ਜਿਲ੍ਹਾ ਫਾਜਿਲਕਾ ਅਤੇ ਸੁਖਦੇਵ ਚੰਦ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ ਦੀ ਪ੍ਰਧਾਨਗੀ ਹੇਠ ਕਲੈਰੀਕਲ ਕਾਮਿਆਂ ਵੱਲੋਂ ਗੇਟ ਰੈਲੀ ਕੀਤੀ ਗਈ । ਮੰਗਾਂ ਦੀ ਪੂਰਤੀ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਡੀ.ਸੀ ਦਫਤਰ ਦੇ ਗੇਟ ਅੱਗੇ ਗੇਟ ਰੈਲੀ ਕੀਤੀ ਗਈ ਜਿਸ ਵਿਚ ਜਿਲ੍ਹਾ ਭਰ ਦੇ ਵੱਖ-ਵੱਖ ਦਫਤਰ ਤੋਂ ਮਨਿਸਟਿਰੀਅਲ ਕਾਮਿਆਂ ਨੇ ਭਾਗ ਲਿਆ ਇਸ ਵਿਚ ਵੱਡੀ ਗਿਣਤੀ ਵਿਚ ਇਸਤਰੀ ਮੁਲਾਜਮ ਵੀ ਸ਼ਾਮਿਲ ਹੋਈਆਂ।
ਅੱਜ ਦੀ ਗੇਟ ਰੈਲੀ ਨੂੰ ਸੰਬੋਧਣ ਕਰਦਿਆ ਜਿਲ੍ਹਾ ਪਰਧਾਨ ਅਮਰਜੀਤ ਸਿੰਘ ਚਾਵਲਾ ਅਤੇ ਸੁਖਦੇਵ ਚੰਦ ਜਨਰਲ ਸਕੱਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਆਉਂਦੇ ਸਾਰੇ ਮੁਲਾਜਮਾਂ ਦੀਆਂ ਮੰਗਾਂ ਦਾ ਹਲ ਕੀਤਾ ਜਾਵੇਗਾ ਜਿਸ ਵਿਚ ਸਭ ਤੋਂ ਜ਼ਰੂਰੀ ਤੇ ਲੋੜੀਂਦੀ ਮੰਗ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਪਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਵੀ ਮੁਲਾਜਮ ਵਿਰੋਧੀ ਨਜਰ ਆ ਰਹੀ ਹੈ। ਦੂਜੇ ਰਾਜਾਂ ਵਿਚ ਚੋਣਾਂ ਦੇ ਮੱਦੇਨਜਰ ਮੁਲਾਜਮਾਂ ਨੂੰ ਲੁਭਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਪਰ ਅਸਲੀਅਤ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਥੇ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਹਾਲੇ ਤੱਕ ਸਿਰਫ ਪੈਨਸ਼ਨ ਬਹਾਲ ਕਰਨ ਬਾਰੇ ਵਿਚਾਰ ਹੀ ਕੀਤਾ ਜਾ ਰਿਹਾ ਹੈ, ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਰਾਜ ਦੇ ਮੁਲਾਜਮਾਂ ਦੇ ਨਾਲ-ਲਾਲ ਹੋਰਨਾ ਰਾਜਾਂ ਦੇ ਮੁਲਾਜਮਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਮੁਲਾਜਮਾਂ ਵੱਲੋਂ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਬਦਲਾਅ ਲਿਆਉਂਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੌਕਾ ਦਿੱਤਾ ਗਿਆ। ਪਰ ਇਹ ਸਰਕਾਰ ਵੀ ਮੁਲਾਜਮਾਂ ਦੀਆਂ ਮੰਗਾਂ ਦੀ ਪੂਰਤੀ ਕਰਨ ਵਿਚ ਫੇਲ ਸਾਬਿਤ ਹੋਈ ਹੈ। ਸਰਕਾਰ ਵੱਲੋਂ ਵੋਟਾ ਲੈਣ ਵੇਲੇ ਮੁਲਾਜਮਾ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੁਲਾਜਮਾਂ ਦੀ ਹੋਰ ਮੰਗਾਂ ਜਿਸ ਵਿਚ ਪੇਅ ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇਗਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਜਾਇਜ ਮੰਗਾਂ ਨੂੰ ਜਲਦ ਬਹਾਲ ਕੀਤਾ ਜਾਵੇਗਾ। ਸਰਕਾਰ ਦੇ ਛੇ ਮਹੀਨੇ ਪੂਰੇ ਹੋਣ ਤੱਕ ਹਾਲੇ ਤੱਕ ਸਰਕਾਰ ਵੱਲੋਂ ਮੁਲਾਜਮਾਂ ਪੱਖੀ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਜਿਸ ਕਰਕੇ ਮੁਲਾਜਮ ਵਰਗ ਹੁਣ ਸਖਤ ਕਦਮ ਚੁੱਕਣ ਤੇ ਮਜਬੂਰ ਹੋ ਗਿਆ ਹੈ।ਸਮੂਹ ਕਲੈਰੀਕਲ ਕਾਮਿਆਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ।
ਉਨ੍ਹਾ ਕਿਹਾ ਕਿ ਜੇ ਸਰਕਾਰ ਨੇ ਮੁਲਾਜਮਾਂ ਦੀਆਂ ਜਾਇਜ ਮੰਗਾਂ ਨਾ ਮੰਨਿਆ ਤਾਂ ਸੂਬਾ ਫੈਸਲੇ ਅਨੁਸਾਰ ਭਵਿੱਖ ਵਿਚ ਹੋਰ ਸਖਤ ਕਦਮ ਚੁੱਕੇ ਜਾਣਗੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਨ ਕੰਬੋਜ਼, ਮੀਤ ਜਨਰਲ ਸਕੱਤਰ ਨਵਨੀਤ ਕੌਰ, ਮੀਤ ਜਨਰਲ ਸਕੱਤਰ ਅਜੈ ਕੰਬੋਜ਼, ਮੀਤ ਕੈਸ਼ੀਅਰ ਸਮੀਰ ਕੰਬੋਜ਼, ਸਤਪ੍ਰੀਤ, ਪਾਇਲ, ਸ਼ਰੂਤੀ, ਕਰਮਜੀਤ ਕੌਰ, ਸੋਨੀਕਾ, ਅਦਿਤੀ, ਅਜੈ ਕੁਮਾਰ, ਰਾਕੇਸ਼, ਸਾਹਿਲ, ਫੂਡ ਸਪਲਾਈ ਵਿਭਾਗ ਤੋਂ ਇੰਸਪੈਕਟਰ, ਵਾਟਰ ਸਪਲਾਈ ਵਿਭਾਗ ਤੋਂ ਸੁਪਰਡੈਂਟ ਵਿਜੈ, ਡੀ.ਸੀ. ਦਫਤਰ, ਇਰੀਗੇਸ਼ਨ, ਰੋਜਗਾਰ ਦਫਤਰ, ਭਲਾਈ ਦਫਤਰ, ਸਿਖਿਆ ਵਿਭਾਗ ਤੋਂ ਇਲਾਵਾ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।