ਪੋਸ਼ਟਿਕ ਆਹਾਰ ਬਾਰੇ ਗਰਭਵਤੀਆਂ ਤੇ ਬੱਚਿਆਂ ਨੂੰ ਕੀਤਾ ਜਾਗਰੂਕ
ਫਤਿਹਗੜ੍ਹ ਸਾਹਿਬ, 14 ਸਤੰਬਰ (ਪੀ ਟੀ ਨੈੱਟਵਰਕ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿਚ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ, ਜਿਸ ਦੀ ਲੜੀ ਤਹਿਤ ਅੱਜ ਮਮਤਾ ਦਿਵਸ ਮੌਕੇ ਵੱਖ—ਵੱਖ ਪਿੰਡਾਂ ਵਿਚ ਗਰਭਵਤੀਆਂ ਅਤੇ ਬੱਚਿਆਂ ਦਾ ਟੀਕਾਕਰਣ ਕੀਤਾ ਗਿਆ ਅਤੇ ਪੋਸ਼ਟਿਕ ਭੋਜਨ ਅਤੇ ਨਿਰੋਗ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ, ਇਸ ਸਬੰਧੀ ਪਿੰਡ ਭਮਾਰਸੀ ਜ਼ੇਰ ਵਿਖੇ ਜਾਣਕਾਰੀ ਦਿੰਦੇ ਹੋਏ ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ ਨੇ ਕਿਹਾ ਕਿ ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ, ਜਿੰਦਗੀ ਦੇ ਪਹਿਲੇ 1000 ਦਿਨ ਵਿਚ ਸਹੀ ਪੌਸ਼ਣ ਮਿਲਣਾ ਬਹੁੱਤ ਜਰੂਰੀ ਹੁੰਦਾ ਹੈ, ਇਸ ਦੇ ਤਹਿਤ ਵਿਸ਼ੇਸ਼ ਤੌਰ ’ਤੇ ਗਰਭਵਤੀ ਮਾਵਾਂ ਨੂੰ ਹਰੀਆ ਸਬਜੀਆਂ ਦੁੱਧ, ਫਲ ਉਬਲੀਆਂ ਦਾਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਇਓਡੀਨ ਯੁਕਤ ਭੋਜਨ ਕਰਨਾ ਚਾਹੀਦਾ ਹੈ।ਪੋਸ਼ਣ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਕੇਂਦਰ ਬਿੰਦੂ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਇਸ ਨੂੰ ਮਜਬੂਤ ਬਣਾਉਂਦਾ ਹੈ। ਪੌਸ਼ਟਿਕਤਾ ਮੌਜੂਦਾ ਅਤੇ ਅਗਲੀ ਪੀੜੀ ਲਈ ਬਚਾਅ, ਸਿਹਤ ਅਤੇ ਵਿਕਾਸ ਪੱਖੋਂ ਬੇਹੱਦ ਗੰਭੀਰ ਮੁੱਦਾ ਹੈ।ਉਨ੍ਹਾਂ ਦੱਸਿਆ ਕਿ ਬਲਾਕ ਦੇ ਸਾਰੇ ਸਿਹਤ ਕੇਂਦਰਾਂ ’ਚ ਗਰੁੱਪ ਮੀਟਿੰਗਾਂ ਕਰਕੇ ਗਰਭਵਤੀ ਮਾਵਾਂ, ਕਿਸ਼ੋਰ ਬੱਚਿਆਂ ਆਦਿ ਨੂੰ ਸੰਤੁਲਿਤ ਖੁਰਾਕ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਦਾ ਮੁੱਖ ਮੰਤਵ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ “ਸੰਤੁਲਿਤ ਖੁਰਾਕ’’ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਮਨਦੀਪ ਕੌਰ ਸੀ.ਐਚ.ਓ., ਬਲਵਿੰਦਰ ਕੌਰ ਐਮ.ਪੀ.ਐਚ.ਡਬਲਿਯੂ, ਤਰਸੇਮ ਸਿੰਘ ਐਮ.ਪੀ.ਐਚ.ਡਬਲਿਯੂ, ਦਰਸ਼ਨਾ ਆਸ਼ਾ ਵਰਕਰ ਤੇ ਹੋਰ ਮੌਜੂਦ ਸਨ।