“ਖੇਡਾਂ ਵਤਨ ਪੰਜਾਬ ਦੀਆਂ” ਸਦਕਾ ਰਵਾਇਤੀ ਖੇਡਾਂ ਦੇ ਨਾਲ-ਨਾਲ ਮੋਡਰਨ ਖੇਡਾਂ ਵੀ ਹੋ ਰਹੀਆਂ ਨੇ ਪ੍ਰਫੁੱਲਿਤ,150 ਖਿਡਾਰੀਆਂ ਨੇ ਲਿਆ ਹਿੱਸਾ
ਫ਼ਤਹਿਗੜ੍ਹ ਸਾਹਿਬ, 11 ਸਤੰਬਰ (ਪੀ.ਟੀ.ਨੈਟਵਰਕ)
“ਖੇਡਾਂ ਵਤਨ ਪੰਜਾਬ ਦੀਆਂ” ਸਦਕਾ ਰਵਾਇਤੀ ਖੇਡਾਂ ਦੇ ਨਾਲ-ਨਾਲ ਮੋਡਰਨ ਖੇਡਾਂ ਵੀ ਪ੍ਰਫੁੱਲਿਤ ਹੋ ਰਹੀਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਖੇਡਾਂ ਵਿੱਚ ਪੰਜਾਬ ਨੂੰ ਅੱਗੇ ਲਿਜਾਣ ਦਾ ਸੁਫਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਕੰਵਰਬੀਰ ਸਿੰਘ ਰਾਏ ਨੇ ਸੈਫਰਨ ਸਿਟੀ ਸਕੂਲ ਫਤਹਿਗੜ੍ਹ ਸਾਹਿਬ ਵਿਖੇ ਰੋਲਰ ਸਕੇਟਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਉਨ੍ਹਾਂ ਨੇ ਸਰਕਾਰ ਵੱਲੋਂ ਪੰਜਾਬ ਭਰ ’ਚ ਸ਼ੁਰੂ ਕੀਤੇ ਇਸ 2 ਮਹੀਨੇ ਚੱਲਣ ਵਾਲੇ ਖੇਡਾਂ ਦੇ ਮਹਾਂਕੁੰਭ ਨੂੰ ਇਤਿਹਾਸਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਨੌਜੁਆਨ ਪੀੜ੍ਹੀ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ’ਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਹੋਵੇਗੀ ਤੇ ਪੰਜਾਬ ਦੀ ਜਰਖੇਜ਼ ਧਰਤੀ ਤੋਂ ਹੋਰ ਜ਼ਿਆਦਾ ਖਿਡਾਰੀ ਕੌਮਾਂਤਰੀ ਮੁਕਾਬਲਿਆਂ ’ਚ ਜਾਣਗੇ।
ਰੋਲਰ ਸਕੇਟਿੰਗ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ 150 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਅੰਡਰ 19 ਤੋਂ 21 ਉਮਰ ਵਰਗ, ਅੰਡਰ 17 ਲੜਕੇ ਲੜਕੀਆਂ, ਅੰਡਰ 14, ਅੰਡਰ 17 ਉਮਰ ਵਰਗ ਵਿਚ ਲੜਕੇ ਲੜਕੀਆਂ ਦੇ 500 ਮੀਟਰ, 1000 ਮੀਟਰ ਅਤੇ ਰੋਡ ਰੇਸ ਮੁਕਾਬਲੇ ਕਰਵਾਏ। ਬਲਾਕ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ 12 ਸਤੰਬਰ ਤੋਂ 22 ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਫ਼ਤਹਿਗੜ੍ਹ ਸਾਹਿਬ ਜ਼ਿਲੇ ਦਾ ਜ਼ਿਲਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸੈਫਰਨ ਸਿਟੀ ਸਕੂਲ ਦੇ ਚੇਅਰਮੈਨ ਪ੍ਰਿੰਸੀਪਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਮੌਜੂਦ ਸਨ।