ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਜੁਮਲਾ ਮਾਲਕਨ ਸਕੂਲ ’ਚ ਕੀਤਾ ਦਾਖਲ
ਬਰਨਾਲਾ, 8 ਸਤੰਬਰ (ਰਘਬੀਰ ਹੈਪੀ)
ਬਰਨਾਲਾ ਦੇ ਅਨਾਜ ਮੰਡੀ ਖੇਤਰ ’ਚ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਦੀ ‘ਵਿੱਦਿਆ ਦੇ ਚਾਨਣ’ ਨਾਲ ਤਕਦੀਰ ਚਮਕਾਉਣ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਨੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਵਿੱਢੀ ਹੈ, ਜਿਸ ਬਦੌਲਤ ਹੁਣ ਇਹ ਬੱਚੇ ਝੁੱਗੀਆਂ-ਝੌਂਪੜੀਆਂ ਤੋਂ ਸਰਕਾਰੀ ਸਕੂਲ ਤੱਕ ਪੁੱਜੇ ਹਨ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੇ ਧਿਆਨ ’ਚ ਆਇਆ ਕਿ ਅਨਾਜ ਮੰਡੀ ਖੇਤਰ ’ਚ ਝੁੱਗੀਆਂ-ਝੌਂਪੜੀਆਂ ਵਿਚ ਰਹਿ ਰਹੇ ਗਰੀਬ ਪਰਿਵਾਰਾਂ ਦੇ ਵੱਡੀ ਗਿਣਤੀ ਬੱਚੇ ਸਕੂਲੀ ਪੜਾਈ ਤੋਂ ਸੱਖਣੇ ਹਨ। ਇਸ ਮਗਰੋਂ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੂੰ ਇਸ ਖੇਤਰ ਦਾ ਘਰ ਘਰ ਸਰਵੇਖਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਸਰਵੇਖਣ ਮਗਰੋਂ ਤੱਥ ਸਾਹਮਣੇ ਆਏ ਕਿ ਕੁੱਲ 169 ਬੱਚੇ ਹਨ, ਜਿਨਾਂ ’ਚੋਂ 69 ਬੱਚੇ ਕਿਸੇ ਵੀ ਸਕੂਲ ’ਚ ਨਹੀਂ ਜਾ ਰਹੇ। ਇਨਾਂ ’ਚੋਂ 61 ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਇਨਾਂ ਨੂੰ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ’ਚ ਦਾਖਲ ਕੀਤਾ ਗਿਆ ਹੈ। ਇਨਾਂ ਵਿਚ 17 ਲੜਕੇ ਅਤੇ 55 ਲੜਕੀਆਂ ਸ਼ਾਮਲ ਹਨ। ਏਡੀਸੀ ਨੇ ਦੱਸਿਆ ਕਿ ਇਨਾਂ ਬੱਚਿਆਂ ਦਾ ਮਾਨਸਿਕ ਪੱਧਰ ਅਤੇ ਸਿੱਖਿਆ ਦਾ ਪੱਧਰ ਜਾਣਨ ਲਈ ਦੋ ਮਹੀਨੇ ਬਿ੍ਰਜ ਕੋਰਸ ਕਰਵਾਇਆ ਜਾਵੇਗਾ, ਜਿਸ ਮਗਰੋਂ ਇਨਾਂ ਨੂੰ ਉਸ ਆਧਾਰ ’ਤੇ ਸਬੰਧਤ ਜਮਾਤਾਂ ਵਿਚ ਦਾਖ਼ਲ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ 61 ਬੱਚਿਆਂ ਨੂੰ ਅੱਜ ਜੁਮਲਾ ਮਾਲਕਨ ਸਕੂਲ ’ਚ ਦਾਖਲ ਕੀਤਾ ਗਿਆ ਹੈ ਤੇ ਵਰਦੀਆਂ ਲਈ ਮੇਚਾ ਲਿਆ ਗਿਆ ਹੈ। ਮੁਫਤ ਵਰਦੀਆਂ ਤੋਂ ਬਿਨਾਂ ਇਨਾਂ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਅਤੇ ਮਿਡ ਡੇਅ ਮੀਲ ਸਕੀਮ ਅਧੀਨ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਇਆ ਕਰੇਗਾ। ਇਸ ਤੋਂ ਬਿਨਾਂ ਬੱਚਿਆਂ ਨੂੰ ਘਰਾਂ ਤੋਂ ਸਕੂਲ ਲਿਜਾਣ ਦਾ ਪ੍ਰਬੰਧ ਵੀ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਤੇ ਬੱਚਿਆਂ ਨੂੰ ਆਵਾਜਾਈ ਦੀ ਸਹੂਲਤ ਮੁਫਤ ਮਿਲੇਗੀ।
ਉਨਾਂ ਦੱਸਿਆ ਕਿ ਇਨਾਂ ਬੱਚਿਆਂ ਲਈ ਦੋ ਅਧਿਆਪਕ ਨੰੂ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਇਹ ਅਧਿਆਪਕ ‘ਪੜੋ ਪੰਜਾਬ’ ਤਹਿਤ ਬੱਚਿਆਂ ਦੇ ਗਿਆਨ ਦਾ ਪੱਧਰ ਘੋਖਣਗੇ ਤੇ ਪੜਾਉਣਗੇ ਅਤੇ ਉਮਰ ਦੇ ਹਿਸਾਬ ਨਾਲ ਇਨਾਂ ਨੂੰ ਦੋ ਮਹੀਨਿਆਂ ਬਾਅਦ ਜਮਾਤਾਂ ’ਚ ਦਾਖ਼ਲ ਕੀਤਾ ਜਾਵੇਗਾ। ਜੇਕਰ ਉਮਰ ਅਤੇ ਗਿਆਨ ਦਾ ਪੱਧਰ ਨਾ ਮੇਲ ਖਾਂਦਾ ਹੋਇਆ ਤਾਂ ਬੱਚਿਆਂ ਨੂੰ ਉਸ ਪੱਧਰ ’ਤੇ ਲਿਜਾਣ ਲਈ ਬਿ੍ਰਜ ਕੋਰਸ ਕਰਾਇਆ ਜਾਵੇਗਾ।
ਇਸ ਮੌਕੇ ਐਸਡੀਐਮ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੁਖਪਾਲ ਸਿੰਘ, ਡਿਪਟੀ ਡੀਈਓ (ਐਲੀਮੈਂਟਰੀ) ਵਸੁੰਦਰਾ ਕਪਿਲਾ ਤੇ ਆਰਟੀਈ ਕੰਪੋਨੈਂਟ ਇੰਚਾਰਜ ਭੁਪਿੰਦਰ ਸਿੰਘ ਤੇ ਸਕੂਲ ਸਟਾਫ ਨੇ ਬੱਚਿਆਂ ਦਾ ਅੱਜ ਸਕੂਲ ’ਚ ਸਵਾਗਤ ਕੀਤਾ ਤੇ ਮਨ ਲਾ ਕੇ ਪੜਨ ਲਈ ਪ੍ਰੇਰਿਆ।