ਟੈਂਪੂ ‘ਚ C N G ਭਰਵਾਉਣ ਪਹੁੰਚੇ ਸਵੀਟ ਸ਼ਾਪ ਮਾਲਿਕ ਦੀ ਕਰਿੰਦਿਆਂ ਨਾਲ ਹੋਈ ਤਕਰਾਰ ਤੋਂ ਵਧਿਆ ਝਗੜਾ
ਹਰਿੰਦਰ ਨਿੱਕਾ , ਬਰਨਾਲਾ 7 ਜੁਲਾਈ 2022
ਸ਼ਹਿਰ ਦੇ ਰੇਲਵੇ ਰੋਡ ਤੇ ਸਥਿਤ ਜੌੜੇ ਪੈਟ੍ਰੋਲ ਪੰਪਾਂ ਚੋਂ ਇੱਕ ਪੰਪ ਤੇ ਟੈਂਪੂ ‘ਚ C N G ਭਰਵਾਉਣ ਪਹੁੰਚੇ ਸਵੀਟ ਸ਼ਾਪ ਮਾਲਿਕ ਦੀ ਪੰਪ ਦੇ ਕਰਿੰਦਿਆਂ ਨਾਲ ,ਟੈਂਪੂ ਦਾ ਢੱਕਣ ਖੋਲ੍ਹਣ ਨੂੰ ਲੈ ਕੇ ਤਕਰਾਰ ਹੋ ਗਈ। ਮਾਮੂਲੀ ਤਕਰਾਰ ਤੋਂ ਵਧਿਆ ਝਗੜਾ, ਗੋਲੀਆਂ ਚੱਲਣ ਤੱਕ ਪਹੁੰਚ ਗਿਆ। ਪੈਟ੍ਰੋਲ ਪੰਪ ਮਾਲਿਕ ਸੰਜੇ ਬਾਂਸਲ ਉਰਫ ਸੰਜੂ ਵੱਲੋਂ ਕਥਿਤ ਸਵੈ ਰੱਖਿਆ ਲਈ ਚਲਾਈਆਂ ਗੋਲੀਆਂ ਨਾਲ, ਸਵੀਟ ਸ਼ਾਪ ਮਾਲਿਕ ਤਰਲੋਕ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਪਰੰਤੂ ਗੰਭੀਰ ਹਾਲਤ ਕਾਰਣ, ਉਸ ਨੂੰ ਡੀਐਮਸੀ ਲੁਧਿਆਣਾ ਭੇਜ ਦਿੱਤਾ ਗਿਆ। ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰਨ ਦੇ ਦੋਸ਼ ਲਾਏ ਹਨ। ਪੈਟ੍ਰੋਲ ਪੰਪ ਮਾਲਿਕਾਂ ਨੇ ਪੁਲਿਸ ਅਧਿਕਾਰੀਆਂ ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਅਧਿਕਾਰੀ ਦੀ ਹਾਜ਼ਰੀ ਵਿੱਚ ਹੀ, 8/9 ਹਮਲਾਵਰਾਂ ਨੇ ਰਾਡਾਂ/ਸੋਟੀਆਂ ਨਾਲ ਹਮਲਾ ਕੀਤਾ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ, ਡੀਐਸਪੀ ਸਤਵੀਰ ਸਿੰਘ ਅਤੇ ਐਸਐਚਉ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਮੌਕੇ ਤੇ ਪਹੁੰਚੀ ਪੁਲਿਸ ਨਾਲ ਵੀ ਪੈਟ੍ਰੋਲ ਪੰਪ ਮਾਲਿਕਾਂ ਦੀ ਕਾਫੀ, ਤਕਰਾਰ ਹੋਈ। ਪੰਪ ਮਾਲਿਕ ਨੇ ਪੁਲਿਸ ਵੱਲੋਂ ਲਾਇਸੰਸੀ ਪਿਸਤੌਲ ਕਬਜੇ ਵਿੱਚ ਲੈਣ ਤੋਂ ਵੀ ਕਾਫੀ ਤਕਰਾਰ ਹੋਇਆ। ਪੰਪ ਮਾਲਿਕਾਂ ਨੇ ਕਿਹਾ ਕਿ ਜੇਕਰ, ਪਿਸਤੌਲ ਜਮ੍ਹਾ ਕਰ ਲੈਣ ਤੋਂ ਬਾਅਦ, ਉਨਾਂ ਦਾ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਲ ਹੋਇਆ ਤਾਂ ਇਸ ਦੀ ਜਿੰਮੇਵਾਰ ਪੁਲਿਸ ਹੋਵੇਗੀ। ਪੰਪ ਮਾਲਿਕ ਸੰਜੇ ਬਾਂਸਲ ਨੇ ਦੱਸਿਆ ਕਿ ਅੱਜ ਸਵੇਰ ਵੇਲੇ ਅਮ੍ਰਿਤ ਸਵੀਟ ਸ਼ਾਪ ਦਾ ਮਾਲਿਕ ਤਰਲੋਕ ਸਿੰਘ ਤੇ ਉਸ ਦਾ ਸਾਥੀ ਸੀਐਨਜੀ ਭਰਵਾਉਣ ਲਈ ਆਇਆ ਤੇ ਪੰਪ ਦੇ ਕਾਰਿੰਦਿਆਂ ਨਾਲ ਬਿਨਾਂ ਵਜ੍ਹਾ ਝਗੜਾ ਕਰਨ ਲੱਗ ਗਿਆ ਤੇ ਕਾਰਿੰਦਿਆਂ ਦੀ ਕੁੱਟਮਾਰ ਕੀਤੀ। ਜਿਸ ਸਬੰਧੀ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੂੰ ਲਿਖਤੀ ਸ਼ਕਾਇਤ ਦਿੱਤੀ। ਪੁਲਿਸ ਨੇ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ, ਦੋਸ਼ੀਆਂ ਨੂੰ ਖੁੱਲ੍ਹਾ ਘੁੰਮਣ ਲਈ ਛੱਡ ਦਿੱਤਾ। ਫਿਰ ਬਾਅਦ ਦੁਪਿਹਰ ਏਐਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੰਪ ਤੇ , ਦੋਸ਼ੀਆਂ ਨੂੰ ਨਾਲ ਲੈ ਕੇ ਪਹੁੰਚਿਆ। ਜਿੰਨ੍ਹਾਂ ਕੋਲ ਲੋਹੇ ਦੀਆਂ ਰਾਡਾਂ ਤੇ ਸੋਟੀਆਂ ਵੀ ਸਨ। ਤਫਤੀਸ਼ ਅਧਿਕਾਰੀ ਸਾਡੇ ਦਫਤਰ ਵਿੱਚ ਬੈਠ ਗਿਆ ਤੇ ਤਰਲੋਕ ਸਿੰਘ ਵਗੈਰਾ ਕਰੀਬ 8/9 ਵਿਅਕਤੀਆਂ ਨੇ ਪੰਪ ਤੇ ਖੜ੍ਹਾ ਟੈਂਪੂ ਲੈ ਜਾਣ ਲੱਗਿਆ। ਅਸੀਂ ਉਨ੍ਹਾਂ ਨੂੰ ਕਿਹਾ ਕਿ ਪੁਲਿਸ ਦੀ ਤਫਤੀਸ਼ ਮੁਕੰਮਲ ਹੋਣ ਤੱਕ ਟੈਂਪੂ ਜਬਰਦਸਤੀ ਨਾਲ ਲਿਜਾਇਆ ਜਾਵੇ। ਇੱਨ੍ਹੇ ਵਿੱਚ ਹੀ ਤਰਲੋਕ ਸਿੰਘ, ਦੀਕਸ਼ਤ ਚੋਪੜਾ, ਸਮਰ ਵਾਲੀਆ ਅਤੇ ਉਸ ਦੇ ਬਾਕੀ ਸਾਥੀਆਂ ਨੇ ਉੱਤਮ ਬਾਂਸਲ ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਦੋਂ ਦੋਸ਼ੀ ਹਟਾਏ ਜਾਣ ਤੇ ਵੀ ਨਾ ਹਟੇ ਤਾਂ ਉਨ੍ਹਾਂ ਆਪਣਾ ਅਤੇ ਆਪਣੇ ਬੇਟੇ ਦਾ ਬਚਾਅ ਕਰਨ ਲਈ, ਲਾਇੰਸਸੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਤੇ ਸਾਰੇ ਦੋਸ਼ੀ ਹਥਿਆਰ ਸੁੱਟ ਕੇ ਫਰਾਰ ਹੋ ਗਏ।
ਹਮਲਾ ਅਸੀਂ ਨਹੇਂ ਪੰਪ ਮਾਲਿਕ ਤੇ ਕਾਰਿੰਦਿਆਂ ਨੇ ਕੀਤਾ- ਜਤਿੰਦਰ ਸਿੰਘ
ਘਟਨਾ ਸਬੰਧੀ ਆਪਣਾ ਪੱਖ ਰੱਖਦਿਆਂ ਅਮ੍ਰਿਤ ਸਵੀਟ ਸ਼ਾਪ ਦੇ ਜਤਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਤਰਲੋਕ ਸਿੰਘ ਜਦੋਂ ਪੰਪ ਤੇ ਗੈਸ ਭਰਵਾਉਣ ਗਿਆ ਤਾਂ ਕਰਿੰਦਿਆਂ ਦੀ ਤਰਲੋਕ ਸਿੰਘ ਨਾਲ ਤਕਰਾਰ ਹੋਈ। ਕਰਿੰਦਿਆਂ ਨੇ ਤਰਲੋਕ ਸਿੰਘ ਤੇ ਹਮਲਾ ਕਰ ਦਿੱਤਾ। ਪੰਪ ਮਾਲਿਕ ਨੇ ਵੀ ਕਰਿੰਦਿਆਂ ਨੂੰ ਰੋਕਣ ਦੀ ਬਜਾਏ, ਉਨ੍ਹਾਂ ਦਾ ਸਾਥ ਦਿੱਤਾ ਅਤੇ ਟੈਂਪੂ ਵੀ ਉੱਥੇ ਹੀ ਜਬਰਦਸਤੀ ਰੋਕ ਲਿਆ। ਜਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਸ਼ਕਾਇਤ ਦੇਣ ਤੋਂ ਬਾਅਦ ਬਾਅਦ ਦੁਪਿਹਰ ਕਰੀਬ 3 ਵਜੇ , ਏਐਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਣੇ, ਪੰਪ ਤੋਂ ਟੈਂਪੂ ਲਿਆਉਣ ਲਈ, ਸਾਨੂੰ ਨਾਲ ਲੈ ਕੇ ਪਹੁੰਚਿਆਂ। ਜਦੋਂ ਅਸੀਂ ਪੁਲਿਸ ਦੀ ਹਦਾਇਤ ਤੇ ਟੈਂਪੂ ਲਿਜਾਣ ਲੱਗੇ ਤਾਂ ਪੰਪ ਮਾਲਿਕ ਸੰਜੂ ਬਾਂਸਲ ਨੇ ਹੋਰ ਸਾਥੀਆਂ ਦੀ ਮੱਦਦ ਨਾਲ, ਸਾਨੂੰ ਰੋਕਿਆ ਅਤੇ ਜਾਨ ਲੇਵਾ ਹਮਲਾ ਕਰ ਦਿੱਤਾ। ਪੰਪ ਮਾਲਿਕ ਨੇ ਬਚਾਅ ਲਈ ਭੱਜ ਰਹੇ ਤਰਲੋਕ ਸਿੰਘ ਦੇ ਪਿੱਛੇ ਤੋਂ ਗੋਲੀਆਂ ਮਾਰੀਆਂ। 2 ਗੋਲੀਆਂ ਤਰਲੋਕ ਸਿੰਘ ਦੀ ਪਿੱਠ ਤੇ ਲੱਗੀਆਂ ਤੇ ਹੋਰ ਬੰਦਿਆਂ ਦੇ ਵੀ ਕੁੱਟਮਾਰ ਕਾਰਣ, ਸੱਟਾਂ ਲੱਗੀਆਂ। ਗੰਭੀਰ ਹਾਲਤ ਵਿੱਚ ਡਾਕਟਰਾਂ ਨੇ ਤਰਲੋਕ ਸਿੰਘ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ। ਡੀਐਸਪੀ ਸਤਵੀਰ ਸਿੰਘ ਨੇ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ਤੇ ਝਗੜੇ ਦੀ ਗਹਿਰਾਈ ਨਾਲ ਤਫਤੀਸ਼ ਕਰ ਰਹੀ ਹੈ। ਜਿਹੜੀ ਵੀ ਧਿਰ ਦਾ ਜਿੰਨ੍ਹਾਂ ਕਸੂਰ ਸਾਹਮਣੇ ਆਇਆ, ਉਸੇ ਅਨੁਸਾਰ , ਦੋਸ਼ੀਆਂ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ। ਇਸ ਮੌਕੇ ਐਸਐਚਉ ਬਲਜੀਤ ਸਿੰਘ ਢਿੱਲੋਂ ਨੇ ਪੰਪ ਮਾਲਿਕ ਸੰਜੇ ਬਾਂਸਲ ਦਾ ਲਾਇਸੰਸੀ ਪਿਸਤੌਲ ਕਬਜ਼ੇ ਵਿੱਚ ਲੈ ਕੇ, ਮਾਮਲੇ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।