ਖੁਦ ਸੱਥਾਂ ‘ਚ ਬਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲੱਗਿਆ ਕੈਬਨਿਟ ਮੰਤਰੀ ਮੀਤ ਹੇਅਰ
ਹਰਿੰਦਰ ਨਿੱਕਾ , ਬਰਨਾਲਾ 7 ਜੁਲਾਈ 2022
ਸਿੱਖਿਆ ਮਹਿਕਮੇ ਤੋਂ ਛੁਟਕਾਰਾ ਮਿਲਦਿਆਂ ਹੀ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮੁੜ ਤੋਂ ਪੁਰਾਣੀ ਫੋਰਮ ਵਿੱਚ ਆ ਗਿਆ ਹੈ। ਮੀਤ ਹੇਅਰ ਨੇ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅਤੇ ਨਬਜ਼ ਟੋਹਣ ਲਈ, ਖੁਦ ਸੱਥਾਂ ਵਿੱਚ ਬੈਠਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮੀਤ ਹੇਅਰ ਦੀ ਇਸ ਕਾਰਜਸ਼ੈਲੀ ਨੇ ਮੰਤਰੀ ਬਣਨ ਤੋਂ ਬਾਅਦ ਆਪ ਲੋਕਾਂ ਤੋਂ ਦੂਰੀ ਬਣਾ ਲੈਣ ਦੀ ਮਿੱਥ ਨੂੰ ਤੋੜਨ ਵੱਲ ਪੁਲਾਂਘ ਪੁੱਟੀ ਹੈ। ਜਿਸ ਦਾ ਅਸਰ ਵੀ ਆਮ ਲੋਕਾਂ ਨੇ ਦੁਬਾਰਾ ਕਬੂਲਣਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ਤਹਿਤ ਅੱਜ ਮੀਤ ਹੇਅਰ ਨੇ, ਸਵੇਰੇ ਕਰੀਬ 9 ਵਜੇ , ਵਾਈਐਸ ਸਕੂਲ ਬਰਨਾਲਾ ਵਿਖੇ ਬਰਨਾਲਾ ਵੈਲਫੇਅਰ ਕਲੱਬ ਵੱਲੋਂ ਰੱਖੇ ਮੈਡੀਕਲ ਕੈਂਪ ਵਿੱਚ ਸ਼ਮੂਲੀਅਤ ਕਰਕੇ ਕੀਤੀ। ਕਾਫੀ ਸਮਾਂ ਮੀਤ ਹੇਅਰ ਨੇ ਰੈਸਟ ਹਾਊਸ ਵਿੱਚ ਬਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ । ਜਦੋਂ ਉਹ ਕਚਿਹਰੀ ਚੌਂਕ ਦੇ ਨੇੜੇ ਨਾਨਕਸਰ ਠਾਠ ਨੂੰ ਜਾਂਦੇ ਰਾਸਤੇ ਕੋਲੋਂ ਆਪਣੀਆਂ ਗੱਡੀਆਂ ਦੇ ਕਾਫਿਲੇ ਵਿੱਚ ਲੰਘਣ ਲੱਗੇ ਤਾਂ, ਪੈਰਾਡਾਈਜ਼ ਹੋਟਲ ਨੇੜੇ ਰਜਵਾਹੇ ਕਿਨਾਰੇ ਬਣਾਈ ਸ਼ਹਿਰੀ ਸੱਥ ‘ਚ ਬੈਠੇ ਇੱਕ ਵਿਅਕਤੀ ਨੇ ਮੀਤ ਹੇਅਰ ਨੂੰ ਹੱਥ ਦੇ ਕੇ ਰੋਕ ਲਿਆ ਤੇ ਮੀਤ ਹੇਅਰ ਗੱਡੀ ਵਿੱਚੋਂ ਉੱਤਰ ਕੇ ਸੱਥ ਵਿੱਚ ਟਾਈਮ ਪਾਸ ਲਈ ਬੈਠੇ ਬਜੁਰਗਾਂ ਕੋਲ ਬਹਿ ਗਿਆ, ਜਿੱਥੇ ਕਈ ਵਿਅਕਤੀਆਂ ਨੇ ਮੰਤਰੀ ਨੂੰ ਆਪਣੀਆਂ ਵੱਖ ਵੱਖ ਸਮੱਸਿਆਵਾਂ ਬਾਰੇ ਦੱਸਿਆ। ਬੇਸ਼ੱਕ ਸੱਥ ਵਿੱਚ ਬੈਠੇ ਮੰਤਰੀ ਬਾਰੇ ਤਾਂ ਇਕੱਠ ਹੋਣ ਕਰਕੇ, ਰਾਹਗੀਰਾਂ ਨੂੰ ਕੋਈ ਪਤਾ ਨਹੀਂ ਲੱਗਿਆ। ਪਰੰਤੂ ਕਮਾਂਡੋ ਖੜ੍ਹੇ ਦੇਖ ਕੇ ਰਾਹਗੀਰ ਵੀ, ਉੱਥੇ ਖੜ੍ਹਨੇ ਸ਼ੁਰੂ ਹੋ ਗਏ। ਇਸ ਮੌਕੇ ਮੀਤਰੀ ਨੂੰ ਆਮ ਲੋਕਾਂ ਵਿੱਚ ਬੈਠਾ ਦੇਖ ਕਿ ਲੋਕਾਂ ਨੂੰ ਬੜੀ ਹੈਰਾਨੀ ਵੀ ਹੋ ਰਹੀ ਸੀ ਤੇ ਕਾਫੀ ਚੰਗਾ ਵੀ ਲੱਗ ਰਿਹਾ ਸੀ। ਇੱਥੇ ਹੀ ਰੁਕੇ, ਆਪ ਦੇ ਦੋ ਵਾਲੰਟੀਅਰਾਂ ਨੇ ਦੱਸਿਆ ਕਿ ਉਨਾਂ ਦੇ ਨਾਲ ਪੁਲਿਸ ਧੱਕਾ ਕਰ ਰਹੀ ਹੈ। ਮੰਤਰੀ ਦੇ ਐਨ ਨੇੜੇ ਖੜ੍ਹੇ, ਉਨ੍ਹਾਂ ਦੇ ਕਰੀਬੀ ਦੋਸਤ ਪਰਮਿੰਦਰ ਸਿੰਘ ਭੰਗੂ ਨੇ, ਝੱਟ ਪੱਟ , ਆਪਣੇ ਮੋਬਾਇਲ ਤੋਂ ਸਬੰਧਿਤ ਪੁਲਿਸ ਥਾਣੇ ਦੇ ਐਸ.ਐਚ.ਉ. ਨਾਲ ਗੱਲ ਕਰਵਾਈ ਤਾਂ ਮੀਤ ਹੇਅਰ ਨੇ ਐਸ.ਐਚ.ਉ. ਨੂੰ ਦੋ ਟੁੱਕ ਕਹਿ ਦਿੱਤਾ ਕਿ ਕਿਸੇ ਨਾਲ ਧੱਕਾ ਬਰਦਾਸ਼ਤ ਨਹੀਂ ਹੋਵੇਗਾ, ਧੱਕਾ ਕਰਨ ਵਾਲੀ ਧਿਰ ਦੇ ਖਿਲਾਫ ਸਖਤ ਐਕਸ਼ਨ ਕਰੋ ਤੇ ਧੱਕੇਸ਼ਾਹੀ ਨੂੰ ਰੋਕੋ। ਹਾਲੇ ਮੀਤ ਹੇਅਰ ਐਸਐਚਉ ਨੂੰ ਦਿਸ਼ਾ ਨਿਰਦੇਸ਼ ਦੇ ਕੇ ਹੀ ਹਟੇ ਸਨ ਕਿ ਨੇੜੇ ਹੀ ਸੜਕ ਦੇ ਦੂਜੇ ਬੰਨ੍ਹੇ ਬਣੀ ਸੱਥ ਵਿੱਚ ਬੈਠੇ ਇੱਕ ਰਿਟਾਇਰ ਕਰਮਚਾਰੀ ਨੇ ਮੰਤਰੀ ਨੂੰ ਫਤਿਹ ਬੁਲਾਉਂਦਿਆਂ ਹੱਥ ਖੜ੍ਹਾ ਕਰ ਦਿੱਤਾ। ਫਿਰ ਮੰਤਰੀ ਮੀਤ ਹੇਅਰ, ਸੱਥ ਵਿੱਚ ਜਾ ਕੇ ਬਹਿ ਗਏ ਤੇ ਲੋਕਾਂ ਦੀਆਂ ਗੱਲਾਂ ਤੇ ਸਮੱਸਿਆਵਾਂ ਗਹੁ ਨਾਲ ਸੁਣੀਆਂ, ਮੰਤਰੀ ਦਾ ਅਪਣੱਤ ਭਰਿਆ ਰਵਈਆ ਵੇਖ ਕੇ ਸੱਥ ਵਾਲਿਆਂ ਨੇ ਆਪਣੀ ਮੰਗ ਰੱਖ ਦਿੱਤੀ ਕਿ ਆਹ ਜਿਹੜੀ ਕੱਸੀ( ਰਜਵਾਹਾ) ਜਾ ਰਿਹਾ ਹੈ, ਇਹ ਸ਼ਹਿਰੀ ਤੇ ਸੰਘਣੀ ਵੱਸੋਂ ਵਾਲੇ ਖੇਤਰ ਵਿੱਚੋਂ ਬਹਿੰਦਾ ਹੋਣ ਕਾਰਣ, ਆਸ ਪਾਸ ਦੇ ਬਜੁਰਗਾਂ ਅਤੇ ਬੱਚਿਆਂ ਲਈ ਖਤਰਾ ਬਣਿਆ ਹੋਇਆ ਹੈ। ਜੇਕਰ, ਇਹ ਵੱਡੀਆਂ ਪਾਈਪਾਂ ਪਾ ਕੇ, ਬੰਦ ਕਰ ਦਿੱਤਾ ਜਾਵੇ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ। ਲੋਕਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ, ਮੰਤਰੀ ਨੇ, ਝੱਟ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਦੇ ਯੋਗ ਅਤੇ ਜਲਦੀ ਹੱਲ ਲਈ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੈਂ ਲੋਕਾਂ ਦਾ ਹਾਂ ਅਤੇ ਲੋਕ ਮੇਰੇ ਹੀ ਹਨ, ਬਿਨਾਂ ਕਿਸੇ ਸਿਫਾਰਸ਼ ਦੇ, ਲੋਕ ਮੈਨੂੰ ਮਿਲ ਸਕਦੇ ਹਨ, ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨਾਂ ਦਾ ਹੱਲ ਕਰਨ ਨਾਲ ਹੀ ਮੇਰੇ ਮਨ ਨੂੰ ਸਕੂਨ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕਸ਼ਾਹੀ ਵਿੱਚ ਲੋਕ ਹੀ ਵੱਡੇ ਹਨ, ਇਸ ਲਈ ਲੋਕਾਂ ਨੂੰ ਨਜਰਅੰਦਾਜ ਕਰਕੇ,ਕੋਈ ਲੀਡਰ ਅੱਗੇ ਨਹੀਂ ਵੱਧ ਸਕਦਾ। ਮੀਤ ਹੇਅਰ ਨੇ, ਉੱਥੋਂ ਅਗਾਂਹ ਪੈਰ ਹੀ ਪੁੱਟਿਆ ਸੀ ਕਿ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਬਈ ਮੀਤ ਬੰਦਾ ਤਾਂ ਚੰਗਾ ਹੈ, ਪਰ ਮਾਸਟਰ ਮਹਿਕਮੇ ਨੇ ਹੀ, ਇਸ ਨੂੰ ਉਲਝਾਈ ਰੱਖਿਆ ਨਾ ਉਨ੍ਹਾਂ ਦਾ ਕੋਈ ਹੱਲ ਹੋ ਸਕਿਆ । ਮਾਸਟਰ ਮਹਿਕਮੇ ਦੇ ਧਰਨਿਆਂ ਕਰਕੇ, ਪੁਲਿਸ ਹਮੇਸ਼ਾ ਸਖਤ ਨਾਕਾਬੰਦੀ ਕਰੀ ਰੱਖਦੀ ਸੀ ਤੇ ਮੀਤ ਨੂੰ ਮਿਲਣ ਵਾਲੇ ਇਲਾਕੇ ਦੇ ਲੋਕਾਂ ਲਈ ਵੱਡਾ ਅੜਿੱਕਾ ਸੀ, ਹੁਣ ਉਹੀ ਮੀਤ ਹੈ ਤੇ ਉਹੀ ਲੋਕ ਨੇ। ਇਸ ਮੌਕੇ ਆਪ ਦੇ ਸੀਨੀਅਰ ਯੂਥ ਆਗੂ ਪਰਮਿੰਦਰ ਸਿੰਘ ਭੰਗੂ, ਕੌਂਸਲਰ ਰੁਪਿੰਦਰ ਸਿੰਘ ਸ਼ੀਤਲ, ਰਾਮ ਤੀਰਥ ਮੰਨਾ ਆਦਿ ਆਪ ਆਗੂ ਵੀ ਮੌਜੂਦ ਰਹੇ।