ਔਰਤਾਂ ਅਤੇ ਬੱਚਿਆਂ ਤੇ ਅੱਤਿਆਚਾਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ-ਡੀਐਸਪੀ ਸਿੰਗਲਾ
ਹਰਿੰਦਰ ਨਿੱਕਾ , ਬਰਨਾਲਾ 7 ਜੁਲਾਈ 2022
ਡੀਐਸਪੀ ਪੀ.ਬੀ.ਆਈ. ਸੰਜੀਵ ਸਿੰਗਲਾ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਡੀਐਸਪੀ ਸਿੰਗਲਾ ਨੇ ਕਿਹਾ ਕਿ ਉਹ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹੇ ਅੰਦਰ ਔਰਤਾਂ ਅਤੇ ਬੱਚਿਆਂ ਖਿਲਾਫ ਹੋ ਰਹੇ ਅੱਤਿਆਚਾਰਾਂ ਨੂੰ ਠੱਲ੍ਹਣਾ ਉਨ੍ਹਾਂ ਦੀ ਵਿਸ਼ੇਸ਼ ਤਰਜੀਹ ਵਿੱਚ ਸ਼ਾਮਿਲ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਅੱਤਿਆਚਾਰ ਤੋਂ ਪੀੜਤ ਲੋਕਾਂ ਦੀ ਸਮੇਂ ਸਿਰ ਸੁਣਵਾਈ ਹੋਣ ਨਾਲ ਕਾਫੀ ਹੱਦ ਤੱਕ , ਜਿੱਥੇ ਇਨਸਾਫ ਮਿਲਣ ਦਾ ਰਾਹ ਪੱਧਰਾ ਹੁੰਦਾ ਹੈ, ਉੱਥੇ ਹੀ ਅੱਤਿਆਚਾਰ ਤੋਂ ਪੀੜਤ ਲੋਕਾਂ ਦਾ ਹੌਂਸਲਾ ਵੀ ਵੱਧਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਅਤੇ ਸਿਫਾਰਸ਼ ਤੋਂ ਸਿੱਧੇ, ਉਨ੍ਹਾਂ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਉਹ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਪ੍ਰਦਾਨ ਕਰਵਾਉਣਾ ਯਕੀਨੀ ਬਣਾਉਂਣਗੇ। ਡੀਐਸਪੀ ਸਿੰਗਲਾ ਨੇ ਕਿਹਾ ਕਿ ਮੇਰਾ ਯਤਨ ਹੋਵੇਗਾ ਕਿ ਬਿਨਾਂ ਬੇਲੋੜੀ ਦੇਰੀ ਤੋਂ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਅਤੇ ਲੋਕਾਂ ਦਾ ਪੁਲਿਸ ਪ੍ਰਸ਼ਾਸ਼ਨ ਵਿੱਚ ਭਰੋਸਾ ਬਹਾਲ ਹੋ ਸਕੇ। ਉਨਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਖਿਲਾਫ ਅੱਤਿਆਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਰਨਣਯੋਗ ਹੈ ਕਿ ਸ੍ਰੀ ਸੰਜੀਵ ਸਿੰਗਲਾ ,ਡੀਐਸਪੀ ਐਚ ਬਠਿੰਡਾ ਤੋਂ ਬਦਲ ਕੇ ਬਰਨਾਲਾ ਆਏ ਹਨ। ਸ੍ਰੀ ਸਿੰਗਲਾ ਬਰਨਾਲਾ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਐਸ.ਐਚ.ਉ. ਵੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਜਿਲ੍ਹੇ ਅੰਦਰ ਸਿੰਗਲਾ ਦੀ ਪਹਿਚਾਣ, ਜੁਰਅਤ ਵਾਲੇ ਇਨਸਾਫ ਪਸੰਦ ਪੁਲਿਸ ਅਧਿਕਾਰੀ ਦੇ ਤੌਰ ਤੇ ਬਣੀ ਹੋਈ ਹੈ।