ਹਲਕਾ ਭਦੌੜ ‘ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੁੱਝ ਦਿਨ ਪਹਿਲਾਂ ਝੰਡੀ ਦੇ ਕੇ ਰਵਾਨਾ ਕੀਤੀਆਂ ਸੀ’ਅੱਗ ਬੁਝਾਊ ਗੱਡੀਆਂ
ਤਪਾ ਸਬ-ਡਵੀਜਨ ਲਈ ਆਈਆਂ 2 ਅੱਗ ਬੁਝਾਊ ਗੱਡੀਆਂ ਨੂੰ ਖੜ੍ਹਾਉਣ ਤੇ ਚਲਾਉਣ ਦਾ ਤਪਾ ਅੰਦਰ ਨਹੀਂ ਹੋਇਆ ਪ੍ਰਬੰਧ !
ਵਾਹ ਜੀ ਵਾਹ, ਕੰਮ ਕਰੋਂਗੇ ਆਹ! ਬਰਾਤ ਪਹਿਲਾਂ, ਟੈਂਟ ਤੇ ਹਲਵਾਈ ਬਾਅਦ ਵਿੱਚ,,
ਜਗਸੀਰ ਸਿੰਘ ਚਹਿਲ , ਬਰਨਾਲਾ 3 ਮਈ 2022
ਬੂਹੇ ਢੁੱਕੀ ਜੰਨ ਤੇ ਵਿੰਨ੍ਹੋਂ ਕੁੜੀ ਦੇ ਕੰਨ’ ਜੀ ਹਾਂ ਇਹ ਕਹਾਵਤ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਨਗਰ ਕੌਂਸਲ ਤਪਾ ਦੇ ਪ੍ਰਬੰਧਕਾਂ ਤੇ ਐਨ ਫਿੱਟ ਬੈਠਦੀ ਹੈ । ਹੋਇਆ ਇਉਂ ਕਿ ਤਪਾ ਸਬ-ਡਵੀਜਨ ਅਤੇ ਆਲੇ- ਦੁਆਲੇ ਦੇ ਲੋਕਾਂ ਦੀ ਲੰਮੇਂ ਸਮੇਂ ਤੋਂ ‘ਫਾਇਰ ਬ੍ਰਿਗੇਡ’ ਦੀਆਂ ਹੋਰ ਗੱਡੀਆਂ ਦਾ ਪ੍ਰਬੰਧ ਕਰਨ ਦੀ ਚੱਲੀ ਆ ਰਹੀ ਮੰਗ ਤੇ ਗੌਰ ਕਰਦਿਆਂ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਤਪਾ ਸਬ-ਡਵੀਜਨ ਲਈ ਦੋ ‘ਫਾਇਰ ਬ੍ਰਿਗੇਡ’ ਦੀਆਂ ਗੱਡੀਆਂ ਭੇਜੀਆਂ ਗਈਆਂ ਸਨ । ਜਿੰਨ੍ਹਾਂ ਨੂੰ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਹਰੀ ਝੰਡੀ ਦੇ ਕੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਿਰ ਰਹਿਣ ਲਈ ਰਵਾਨਾ ਵੀ ਕਰ ਦਿੱਤਾ ਗਿਆ ਸੀ । ਪਰੰਤੂ ਵਿਧਾਇਕ ਲਾਭ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਗੀ ਉਪਰੰਤ ਇਹ ਦੋਵੇਂ ਗੱਡੀਆਂ ਤਪਾ ਸਬ-ਡਵੀਜਨ ਅੰਦਰ ‘ ਫਾਇਰ ਬ੍ਰਿਗੇਡ ਸਟੇਸ਼ਨ’ ਜਾਂ ਕਿਸੇ ਹੋਰ ਕਿਸੇ ਢੁਕਵੀਂ ਥਾਂ ਤੇ ਖੜ੍ਹੀਆਂ ਕਰਨ ਦੀ ਬਜਾਏ ਨਗਰ ਕੌਂਸਲ ਬਰਨਾਲਾ ਅੰਦਰ ਆ ਖੜ੍ਹੀਆਂ ਅਤੇ ਜਿਹੜੀਆਂ ਨਗਰ ਕੌਂਸਲ ਬਰਨਾਲਾ ਦੇ ਵਿਹੜੇ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ । ਇਹ ਤਾਂ ਉਹ ਗੱਲ ਹੋ ਗਈ, ਬਈ ਬਰਾਤ ਬੂਹੇ ਤੇ ਆ ਗਈ, ਟੈਂਟ ਤੇ ਹਲਵਾਈ ਬਾਅਦ ਵਿੱਚ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਤਪਾ ਸਬ-ਡਵੀਜਨ ਅਤੇ ਇਸ ਦੇ ਨਾਲ ਲੱਗਦੇ ਕਸਬੇ ਭਦੌੜ, ਹੰਡਿਆਇਆ, ਧਨੌਲਾ ਆਦਿ ਲਈ ਦੋ ਨਵੀਆਂ ਗੱਡੀਆਂ ਤਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਇਹ ਗੱਡੀਆਂ ਤਪਾ ਮੰਡੀ ਅੰਦਰ ਖੜ੍ਹਨੀਆਂ ਹਨ । ਪਰ ਇਹਨਾਂ ਗੱਡੀਆਂ ਨੂੰ ਖੜ੍ਹਾਉਣ ਲਈ ਤਪਾ ਮੰਡੀ ਅੰਦਰ ਪ੍ਰਸ਼ਾਸਨ ਕੋਲ ਨਾ ਤਾਂ ਕੋਈ ਢੁੱਕਵੀਂ ਥਾਂ ਹੈ ਅਤੇ ਨਾ ਹੀ ਚਲਾਉਣ ਲਈ ਲੋੜੀਂਦਾ ਸਟਾਫ਼ । ਜਿਸ ਤੇ ਪੰਜਾਬ ਸਰਕਾਰ ਵੱਲੋੋਂ ਭਾਂਵੇ ਹਲਕੇ ਦੇ ਲੋਕਾਂ ਦੀ ਮੰਗ ਅਨੁਸਾਰ ਗੱਡੀਆਂ ਤਾਂ ਤਪਾ ਭੇਜ ਦਿੱਤੀਆਂ । ਪਰ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਤਪਾ ਪਹੁੰਚੀਆਂ ਗੱਡੀਆਂ ਨੂੰ ਤਪੇ ਤੋਂ ਹਰੀ ਝੰਡੀ ਦਿਖਾ ਕੇ ਨਗਰ ਕੌਂਸਲ ਭੇਜ ਦਿੱਤਾ । ਵਰਣਨਯੋਗ ਹੈ ਬਰਨਾਲਾ ਸ਼ਹਿਰ ਅੰਦਰ ਜ਼ਿਲ੍ਹੇ ਭਰ ਜ਼ਿਲੇ ਭਰ ਲਈ ਪਹਿਲਾਂ ਤੋਂ ਬਣੇ ‘ਫਾਇਰ ਸਟੇਸ਼ਨ’ ਤੇ ਤਿੰਨ ‘ਫਾਇਰ ਬ੍ਰਿਗੇਡ’ ਗੱਡੀਆਂ ਮੌਜੂਦ ਹਨ । ਪਰ ਹਾੜੀ ਦੇ ਸੀਜਨ ਦੌਰਾਨ ਖੇਤਾਂ ਅੰਦਰ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਹਲਕਾ ਭਦੌੜ ਦੇ ਲੋਕਾਂ ਵਲੋਂ ਤਪਾ ਸਬ-ਡਵੀਜਨ ਲਈ ਅਲੱਗ ਤੋਂ ਦੋ ਅੱਗ ਬੁਝਾਊ ਗੱਡੀਆਂ ਦੀ ਮੰਗ ਕੀਤੀ ਜਾ ਰਹੀ ਸੀ। ਭਾਵੇਂ ਲੋਕਾਂ ਦੀ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਬੂਰ ਪੈਂਦਿਆਂ ਤਪਾ ਸਬ-ਡਵੀਜਨ ਲਈ ਦੋ’ਫਾਇਰ ਬ੍ਰਿਗੇਡ’ਗੱਡੀਆਂ ਤਾਂ ਆ ਗਈਆਂ।ਪਰ ਤਪਾ ਮੰਡੀ ਅੰਦਰ ਇਹਨਾਂ ਗੱਡੀਆਂ ਦੇ ਖੜਨ ਅਤੇ ਚਲਾਉਣ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਇਹ ਗੱਡੀਆਂ ਨਗਰ ਕੌਂਸਲ ਬਰਨਾਲਾ ਦੇ ਵਿਹੜੇ ਦੀ ਰੌਣਕ ਨੂੰ ਚਾਰ ਚੰਨ ਲਾ ਰਹੀਆਂ ਹਨ।
**ਕੀ ਕਹਿੰਦੇ ਹਨ ਹਲਕਾ ਵਿਧਾਇਕ–*
ਜਦੋਂ ਇਸ ਸੰਬੰਧੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਾਰ-ਵਾਰ ਸੰਪਰਕ ਕਰਨ ਤੇ ਵੀ ਉਹਨਾ ਨਾਲ ਸੰਪਰਕ ਨਹੀਂ ਹੋ ਸਕਿਆ। ਬਰਨਾਲਾ ਦੇ ਫਾਇਰ ਸਟੇਸ਼ਨ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹਨਾਂ ਗੱਡੀਆਂ ਦੇ ਆਉਣ ਤੋਂ ਬਾਅਦ ਗੱਡੀਆਂ ਨੂੰ ਖੜ੍ਹਾਉਣ ਲਈ ਜਗ੍ਹਾ ਦਾ ਪ੍ਰਬੰਧ ਕਰਨ ਲਈ ਨਗਰ ਕੌਂਸਲ ਤਪਾ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਹਨਾ ਗੱਡੀਆਂ ਲਈ ਢੁਕਵੇਂ ਸਟਾਫ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਹਨਾ ਦੱਸਿਆ ਕਿ ਦੋ ਗੱਡੀਆਂ ਨੂੰ 24 ਘੰਟੇ ਚਲਾਉਣ ਲਈ ਲਗਭਗ 36 ਮੁਲਾਜ਼ਮਾਂ ਦੀ ਜ਼ਰੂਰਤ ਹੈ । ਜਿਸ ਲਈ ਕੁੱਝ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਕੁੱਝ ਪੁਰਾਣੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ । ਉਹਨਾ ਕਿਹਾ ਕਿ ਜਿੰਨ੍ਹੀ ਦੇਰ ਤੱਕ ਗੱਡੀਆਂ ਦੇ ਖੜ੍ਹਨ ਲਈ ਨਗਰ ਕੌਂਸਲ ਤਪਾ ਵਲੋਂ ਢੁਕਵੀਂ ਥਾਂ ਅਤੇ ਪ੍ਰਸ਼ਾਸਨ ਵੱਲੋਂ ਲੋੜੀਂਦੇ ਮੁਲਾਜ਼ਮਾਂ ਦਾ ਪ੍ਰਬੰਧ ਨਹੀਂ ਹੋ ਜਾਂਦਾ । ਉਦੋਂ ਤੱਕ ਇਹ ਗੱਡੀਆਂ ਨਗਰ ਕੌਂਸਲ ਬਰਨਾਲਾ ਵਿਖੇ ਹੀ ਖੜ੍ਹੀਆਂ ਰਹਿਣਗੀਆਂ। ਉਕਤ ਪ੍ਰਕਿਰਿਆ ਤੇ ਤਾਂ ਇਹੋ ਗੱਲ ਢੁਕਦੀ ਹੈ ਕਿ ‘ਬੂਹੇ ਢੁੱਕੀ ਜੰਨ ਤੇ ਵਿੰਨ੍ਹੋਂ ਕੁੜੀ ਦੇ ਕੰਨ’ ।