ਚੰਗੇ ਭਲੇ 22 G ਨੂੰ ਪਤਾ ਨਹੀਂ ਕੀ ਹੋ ਗਿਆ,
ਥੋੜ੍ਹੇ ਜਿਹੇ ਸਮੇਂ ਦੇ ਵਿੱਚ, ਸੁੱਧ-ਬੁੱਧ ਖੋ ਗਿਆ ।
ਚੰਗੇ ਭਲੇ 22 G ਨੂੰ ਪਤਾ ਨਹੀਂ ,ਕੀ ਹੋ ਗਿਆ, ਥੋੜ੍ਹੇ ਜਿਹੇ ਸਮੇਂ ਦੇ ਵਿੱਚ, ਸੁੱਧ-ਬੁੱਧ ਖੋ ਗਿਆ। ਜੀ ਹਾਂ, ਹਲਕੇ ਦੇ ਲੋਕਾਂ ਨਾਲ ਇੱਕ-ਮਿੱਕ ਹੋ ਕੇ ਕੀਤੀ ਸਖਤ ਘਾਲਣਾ ,ਤੋਂ ਬਾਅਦ ਇਲਾਕੇ ਅੰਦਰ ਨੇਤਾ ਜੀ ਨੂੰ ਮਿਲਿਆ 22 G ਦਾ ਨਾਂ, ਹੁਣ ਪਹਿਲਾਂ ਵਾਂਗ ਮਾਣ ਨਾਲ ਨਹੀਂ ਲਿਆ ਜਾਂਦਾ । ਪਿੰਡਾਂ ਦੀਆਂ ਸੱਥਾਂ ਅਤੇ ਸ਼ਹਿਰ ਦੀਆਂ ਹੱਟੀਆਂ ਤੇ ਬੈਠੇ ਲੋਕ ਹੁਣ , 22 G ਤੇ ਆਪੋ-ਆਪਣੇ ਢੰਗਾਂ ਨਾਲ ਵਿਅੰਗ ਕਸਦੇ ਨਜ਼ਰ ਆਉਂਦੇ। ਕੁੱਝ ਦਿਨ ਪਹਿਲਾਂ ਇਲਾਕੇ ਦੇ ਇੱਕ ਪਿੰਡ ‘ਚ ਗੁਰੂ ਘਰ ਕੋਲ ਬਣੀ, ਸੱਥ ਵਿੱਚ ਬੈਠੈ ਬਜੁਰਗ ਨਛੱਤਰ ਸਿਉਂ ਨੇ, ਆਪਣੇ ਕੋਲੋਂ ਲੰਘ ਰਹੇ ਨੌਜਵਾਨ ਨੂੰ ਮਜਾਕੀਆ ਲਹਿਜੇ ‘ਚ ਮਿੱਠਾ ਜਿਹਾ ਨਹੋਰਾ ਮਾਰਿਆ, ਉਏ ਮੀਤਿਆ, ਤੇਰੇ ਵਾਲਾ ਬਾਈ ਹੁਣ ਕਦੇ ਦਿਸਦਾ ਹੀ ਨਹੀਂ, ਨਾ ਤੂੰ ਕਦੇ, ਬਾਈ ਜੀ ਦੀ ਕੋਈ ਗੱਲ ਸੁਣਾਈ ਐ । ਮੀਤਾ ਨਿੰਮੋਝੂਣਾ ਜਿਹਾ ਹੋ ਕੇ ਦੱਬੇ ਪੈਰੀਂ, ਉੱਥੇ ਰੁਕਣ ਦੀ ਬਜਾਏ ਖਿਸਕਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਉੱਥੇ ਬੈਠੇ ਦੂਜੇ ਬਜੁਰਗ ਬਹਾਦਰ ਸਿਉਂ ਨੇ ਵੀ ਪਹਿਲੇ ਦੀ ਸੁਰ ‘ਚ ਸੁਰ ਮਿਲਾਉਂਦਿਆਂ ਕਿਹਾ, ਕੋਈ ਨਹੀਂ ਸ਼ੇਰਾ, ਸੌਦੇ ਕਸੌਦੇ ਤਾਂ ਹੁੰਦੇ ਈ ਰਹਿੰਦੇ ਨੇ, ਤੈਨੂੰ ਤਾਂ ਉੱਨ੍ਹੀਂ ਅੱਖੀਂ ਰਹਿਣਾ ਚਾਹੀਦਾ ਹੈ।
ਲੀਡਰ ਤਾਂ ਆਉਣੀ ਜਾਣੀ, ਚੀਜ਼ ਹੁੰਦੇ ਨੇ
ਬਹਾਦਰ ਸਿਉਂ ਆਪਣੀ ਗੱਲ ਅੱਗੇ ਵਧਾਉਂਦਿਆਂ ਬੋਲਿਆ, ਮੀਤਿਆ ਆਪਾਂ ਤਾਂ ਪਿੰਡਾਂ ਆਲੇ ਆਂ, ਇੱਥੇ ਹੀ ਕੱਠਿਆਂ ਨੇ ਰਹਿਣਾ ਹੈ, ਲੀਡਰ ਤਾਂ ਆਉਣੀ ਜਾਣੀ, ਚੀਜ਼ ਹੁੰਦੇ ਨੇ। ਨਹੋਰੇ ਸੁਣ ਕੇ ਮੀਤੇ ਤੋਂ ਵੀ ਚੁੱਪ ਨਾ ਰਿਹਾ ਗਿਆ, ਉਹ ਵੀ ਤਾਂ ਬਾਈ ਜੀ ਦੇ ਰਵੱਈਏ ਤੋਂ ਡਾਹਡਾ ਔਖਾ ਸੀ, ਪਰ ਆਪਣਾ ਝੱਗਾ ਚੁੱਕਣ ਤੇ ਆਪਣਾ ਹੀ ਢਿੱਡ ਨੰਗਾ ਹੋਣ ਦੇ ਡਰੋਂ ਚੁੱਪ ਵੱਟੀ ,ਅੰਦਰੋ-ਅੰਦਰੀ ਕੱਪੜਿਆਂ ਨਾਲ ਹੀ, ਲੜਦਾ ਫਿਰਦਾ ਸੀ। ਮੀਤਾ ਬੋਲਿਆ ! ਤਾਇਆ, ਲੈ ਸੁਣ ਲੈ ਫਿਰ , ਆਪਾਂ ਤਾਂ ਚੰਗਾ ਬੰਦਾ ਤੇ ਮਿੱਠ ਬੋਲੜਾ ਸੁਭਾਅ ਦੇਖਕੇ, ਹਰ ਇੱਕ ਨਾਲ ਮੇਲਜੋਲ ਰੱਖਣ ਕਰਕੇ, ਉਹਦੇ ਨਾਲ ਫਿਰਦੇ ਰਹੇ। ਜਿੰਨਾ ਵੀ ਹੋਇਆ, ਵਿੱਤੋਂ ਵੱਧ ਜ਼ੋਰ ਲਾ ਕੇ, ਉਹਨੂੰ ਉਹਦੀ ਮੰਜਿਲ ਤੇ ਅੱਗੇ ਤੋਰ ਦਿੱਤਾ । ਹੁਣ ਜੇ ਫੇਰ ਅਗਲਾ ਈ ਕਦਰ ਨਾ ਜਾਣੇ, ਫਿਰ ਲੋਕ ਕੀ ਕਰਨ, ! ਮੁੱਛਾਂ ਨੂੰ ਤਾਅ ਦਿੰਦਿਆ ਮਹਿੰਦਰ ਸਿਉਂ ਨੇ ਕਿਹਾ, ਲੋਕ ਤਾਂ ਉਵੇਂ ਈ ਕਰਨਗੇ, ਜਿਵੇਂ ਪੁਰਾਣਿਆਂ ਨੂੰ ਕੂਕਿਆਂ ਦੇ ਡੋਲ ਵਾਗੂੰ ਮਾਜ਼ਿਆ ਹੈ। ਮਹਿੰਦਰ ਬੋਲਿਆ! ਭਲਾ ਮੀਤਿਆ ਤੂੰ ਤਾਂ ਤੁਰਨ ਫਿਰਨ ਵਾਲਾ ਬੰਦੈਂ, ਤੇਰੇ ਬਾਈ ਜੀ ਨੂੰ ਫਿਰ ਹੋ ਕੀ ਗਿਆ, ਐਨਾ ਛੇਤੀ ਲੋਕਾਂ ਤੋਂ ਅੱਖਾਂ ਕਿਉਂ ਫੇਰ ਗਿਆ ਤੇ ਨਿਰਮੋਹਾ ਹੀ ਹੋਗਿਆ ।
ਲੰਬਾ ਹਾਉਂਕਾ ਭਰਦਿਆਂ ਮੀਤੇ ਨੇ ਮਹਿੰਦਰ ਸਿਉਂ ਦੀ ਗੱਲ ਦਾ ਹੁੰਗਾਰਾ ਭਰਦਿਆਂ ਕਿਹਾ, ਤੂੰ ਉਹ ਗੀਤ ਨਹੀਂ ਸੁਣਿਆ, ਆਪਣੇ ਆਲੇ ਮੁੰਡੇ ਟਰੈਕਟਰਾਂ ਤੇ ਵਜਾਉਂਦੇ ਫਿਰਦੇ ਸੀ, ਤੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁੱਝ ਬੰਦੇ ਡਿਫਾਲਟਰ ਟੱਕਰ ਗਏ। ਇਹੋ ਗੱਲ ਬਾਈ ਜੀ ਨਾਲ ਹੋ ਗਈ। ਜਦੋਂ ਸੱਤਾ ਆਉਂਦੀ ਐ ਬਾਈ , ਫਿਰ ਗੁੜ ਤੇ ਮੱਖੀਆਂ ਵਾਂਗ, ਕੁੱਝ ਲਾਲਚੀ ਲੋਕ, ਆਪਣੇ ਫਾਇਦੇ ਲਈ, ਛਿੱਟੇ ਮਾਰਦੇ ਤੁਰੇ ਫਿਰਦੇ ਨੇ, ਕੁਛ ਆਲੇ ਦੁਆਲੇ ਵੀ ਹਰ ਵੇਲੇ ਘੇਰਾ ਪਾਈ ਰੱਖਦੇ ਨੇ, ਫੋਨ ਬੰਦ ਹੋਗਿਆ, ਫਿਰ ਲੋਕ ਕਿਵੇਂ ਮਿਲਣ ! ਤੇ ਕਿਹੜੇ ਢੱਠੇ ਖੂਹ ਵਿੱਚ ਜਾ ਕੇ ਡਿੱਗਣ।
ਸੱਥ ਦੀ ਚੁੰਝ ਚਰਚਾ ਸੁਣਨ ਲਈ, ਕੋਲੋ ਲੰਘਦਿਆਂ – ਲੰਘਦਿਆਂ ਸ਼ਿੰਦਾ ਛੜਾ ਵੀ ਉੱਥੇ ਹੀ ਪੈਰ ਗੱਡ ਕੇ ਖੜ੍ਹ ਗਿਆ। ਤੇ ਬੋਲਿਆ ! ਮੀਤੇ ਕੋਣ ਡਿਫਾਲਟਰ ਟੱਕਰ ਗਿਆ, ਬਾਈ ਜੀ ਨੂੰ, ਉਹ ਤਾਂ ਬੜਾ ਸਾਊ ਜਿਹਾ ਲੱਗਦਾ ਸੀ। ਮੀਤੇ ਤੋਂ ਰਹਿ ਨਾ ਹੋਇਆ, ਨਾ ਚਾਹੁੰਦਿਆਂ ਵੀ ਬੋਲ ਹੀ ਪਿਆ, ਕਹਿੰਦਾ ਜਿਹੜੇ ਬੰਦੇ ਹੁਣ ਬਾਈ ਜੀ ਨੂੰ ਆਪਣੀ ਜੇਬ ਵਿੱਚ ਦੱਸ ਕੇ ਘੜੰਮ ਚੌਧਰੀ ਬਣੇ ਫਿਰਦੇ ਨੇ , ਉਹ ਹੀ ਡਿਫਾਲਟਰ ਐ, ਕਿਸੇ ਨੇ ਨਗਰ ਕੌਂਸਲ ਦੀ ਹੱਦ ‘ਚ ਪੈਂਦੀ 2 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਸਰਕਾਰੀ ਜਗ੍ਹਾ , ਆਪਣੀ ਕਲੋਨੀ ਵਿੱਚ ਮਿਲਾ ਲਈ, ਉਹੀਂ ਸ਼ਾਹੂਕਾਰ ਦੇ ਸਾਂਢੂ ਦਾ ਬੁਡਲਾਢੇ ਵਾਲਾ ਸ਼ੈਲਰ ਕਰੋੜਾਂ ਰੁਪਏ ਦਾ ਡਿਫਾਲਟਰ ਐ, ਜਹੀਦੇ ਵਿੱਚ ਇੱਥੋਂ ਦੇ ਬਾਈ ਦੇ ਤਾਜ਼ੇ ਨੇੜੇ ਲੱਗੇ ਸ਼ਾਹੂਕਾਰ ਵੀ ਹਿੱਸਾ ਹੈ, ਇਸੇ ਕਰਕੇ ਨਾਈਵਾਲਾ ਰੋਡ ਤੇ ਬਣਿਆ, ਉਹਦਾ ਸ਼ੈਲਰ ਵੀ ਮਹਕਿਮੇ ਨੇ ਬੰਦ ਕੀਤਾ ਹੋਇਆ ਹੈ। ਹੁਣ, ਉਹ ਬਾਈ ਜੀ ਤੋਂ ਡਿਫਾਲਟਰ ਸ਼ੈਲਰ ਦਾ ਕੇਸ ਠੀਕ ਕਰਵਾਕੇ, ਕਰੋੜਾਂ ਰੁਪਏ ਦਾ ਫਾਇਦਾ ਲੈਣ ਲਈ, ਅੱਡੀਆਂ ਨੂੰ ਥੁੱਕ ਲਾਈ ਫਿਰਦਾ ਹੈ।
ਮੀਤੇ ਨੇ ਲੱਗਦੇ ਹੱਥੀਂ, ਸ਼ਹਿਰ ‘ਚ ਕ੍ਰਿਕਟ ਮੈਚਾਂ ਤੇ ਕਰੋੜਾਂ ਰੁਪਏ ਦਾ ਸੱਟਾ ਲਗਵਾਉਣ ਵਾਲੇ ਦਾ ਜਿਕਰ ਵੀ ਪੈਂਦੀ ਸੱਟੇ ਕਰ ਦਿੱਤਾ। ਕਹਿੰਦਾ, ਲੋਕਾਂ ਨੁੰ ਮਿਲਣ ਦਾ ਬਾਈ ਜੀ ਕੋਲ ਆਪਣੇ ਰੁਝੇਵਿਆਂ ਕਰਕੇ ਟਾਈਮ ਨਹੀਂ, ਪਰ ਜੁਆਰੀਆਂ/ ਸੱਟੇਬਾਜਾਂ ਕੋਲ ਜਾ ਕੇ ਚੌਂਕੀਆਂ ਭਰਨ ਦੀ ਵਿਹਲ ਪਤਾ ਨਹੀਂ ਕਿਵੇਂ ਮਿਲ ਗਈ। ਮੀਤੇ ਨੇ ਗੱਲ ਸ਼ੁਰੂ ਕੀ ਕੀਤੀ, ਟੁੱਟੇ ਛਿੱਤਰ ਵਾਂਗੂ ਅੱਗੇ ਹੀ ਅੱਗੇ ਵੱਧਣ ਲੱਗਿਆ, ਕਹਿੰਦਾ ਹੁਣ ਹੋਰ ਸੁਣ ਲਉ ! ਬਾਈ ਜੀ ਦੇ ਇੱਕ ਹੋਰ ਯੁੰਡੀ ਦੇ ਯਾਰ ਦਾ ਪਰਿਵਾਰ ,ਨਗਰ ਕੌਂਸਲ ਦਾ 8 ਲੱਖ ਰੁਪਏ ਦਾ ਡਿਫਾਲਟਰ ਹੈ ਤੇ ਨਗਰ ਕੌਂਸਲ ਦੀ ਜਗ੍ਹਾ ਗੈਰਕਾਨੂੰਨੀ ਢੰਗ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਦੱਬੀ ਬੈਠਾ ਹੈ। ਗਲੋਟੇ ਵਾਂਗ ਉੱਧੜਣ ਲੱਗਿਆ ਮੀਤਾ ਕਹਿੰਦਾ, ਹੁਣ ਹੋਰ ਸੁਣਾਵਾਂ ! ਅੱਗੋਂ ਸੱਥ ਵਿੱਚ ਬੈਠਿਆਂ ਨੇ ਕਿਹਾ, ਦਮ ਲੈ ਲਾ ਬਾਈ, ਬਾਕੀ ਕੱਲ੍ਹ ਨੂੰ ਸੁਣਾ ਦੇਈਂ।
ਨੋਟ:- ਚੁੱਝ ਵਿੱਚ ਸਾਰੇ ਪਾਤਰਾਂ ਦੇ ਨਾਂ ਤੇ ਫੋਟੋ ਕਾਲਪਨਿਕ ਨੇ, ਪਰ ਸੱਥ ਵਿੱਚ ਹੋਈਆਂ ਉਕਤ ਗੱਲਾਂ ਸੱਚੀਆਂ ਹਨ ।
ਹਰਿੰਦਰ ਨਿੱਕਾ ( ਗਿਆਨੀ)
ਮੋਬਾਇਲ-98550-03666