3 ਹਫਤਿਆਂ ਵਿੱਚ ਹੋਈ 3 ਨੌਜਵਾਨਾਂ ਦੀ ਮੌਤ
ਹਰਿੰਦਰ ਨਿੱਕਾ, ਬਰਨਾਲਾ 21 ਅਪ੍ਰੈਲ 2022
ਬਰਨਾਲਾ ਇਲਾਕੇ ਅੰਦਰ ਨਸ਼ੇ ਦਾ ਭੂਤਰਿਆ ਦੈਂਤ ਨੌਜਵਾਨਾਂ ਨੂੰ ਨਿਗਲਦਾ ਹੀ ਜਾ ਰਿਹਾ ਹੈ। ਲੰਘੇ ਲੱਗਭੱਗ 21 ਦਿਨਾਂ ਅੰਦਰ ਜਿਲ੍ਹੇ ਅੰਦਰ 3 ਨੌਜਵਾਨਾਂ ਦੀ ਮੌਤ ਲਸ਼ੇ ਦੀ ਉਵਰਡੋਜ ਨਾਲ ਹੋ ਗਈ ਹੈ। ਪਰੰਤੂ ਦੋ ਕੇਸਾਂ ਵਿੱਚ ਮੁਕਾਮੀ ਪੁਲਿਸ 174 ਸੀਆਰਪੀਸੀ ਦੀ ਕਾਰਵਾਈ ਕਰਕੇ,ਹੀ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਆਪਣਾ ਪੱਲਾ ਝਾੜਦੀ ਰਹੀ ਹੈ। ਤਾਜ਼ਾ ਮਾਮਲੇ ਵਿੱਚ ਲੋਕਾਂ ਦੀਆਂ ਨਜ਼ਰਾਂ ਪੁਲਿਸ ਦੀ ਕਾਰਵਾਈ ਅਤੇ ਉਸ ਤੋਂ ਬਾਅਦ ਨਸ਼ਾ ਸਪਲਾਈ ਕਰਨ ਵਾਲਿਆਂ ਦੀ ਪੈੜ ਨੱਪਣ ਦੀ ਕਾਰਗੁਜ਼ਾਰੀ ਤੇ ਲੱਗੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਕਰੀਬ ਚਾਰ ਕੁ ਵਰ੍ਹਿਆਂ ਤੋਂ ਰਹਿੰਦੇ ਨੌਜਵਾਨ ਸਤਨਾਮ ਸਿੰਘ ਉਮਰ ਕਰੀਬ 25/30 ਸਾਲ ਦੀ ਮੌਤ ਵੀ ਨਸ਼ੇ ਦੀ ਉਵਰਡੋਜ ਨਾਲ, ਲੰਘੀ ਰਾਤ ਕਿਸੇ ਸਮੇਂ ਆਪਣੇ ਘਰ ਅੰਦਰ ਹੀ ਹੋਈ ਹੈ। ਸਤਨਾਮ ਸਿੰਘ ਦੇ ਸਰਿੰਜ ਉਸੇ ਤਰਾਂ ਲੱਗੀ ਮਿਲੀ ਤੇ ਲਾਸ਼ ਮੰਜੇ ਤੋਂ ਹੇਠਾਂ ਡਿੱਗੀ ਪਈ ਬਰਾਮਦ ਹੋਈ। ਜਿਸ ਦਾ ਪਤਾ ਲੋਕਾਂ ਨੂੰ ਅੱਜ ਸਵੇਰੇ ਹੀ ਲੱਗਿਆ। ਸੂਚਨਾ ਮਿਲਿਦਿਆਂ ਹੀ ਮੌਕੇ ਤੇ ਪਹੁੰਚੇ ਐਸਐਚਉ ਗੁਰਤਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਸਤਨਾਮ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਲਲਿਆਂਦੀ, ਥਾਣਾ ਫਤਿਹਗੜ੍ਹ ਪੰਜਤੂਰ, ਜਿਲ੍ਹਾ ਮੋਗਾ ,ਕਰੀਬ ਚਾਰ ਕੁ ਸਾਲ ਪਹਿਲਾਂ ਬਰਨਾਲਾ ਸਦਰ ਥਾਣੇ ਦੇ ਪਿੰਡ ਫਰਵਾਹੀ ਵਿਖੇ ਆ ਕੇ ਹਲਵਾਈ ਦਾ ਕੰਮ ਕਰਨ ਲੱਗ ਪਿਆ ਸੀ ਤੇ ਕੁੱਝ ਮਹੀਨੇ ਪਹਿਲਾਂ ਉਸ ਨੇ ਪਿੰਡ ਵਿੱਚ ਕੁਲਚਿਆਂ ਦੀ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਲੰਘੀ ਰਾਤ ਜਦੋਂ ਉਹ ਸਰਿੰਜ ਨਾਲ ਕਥਿਤ ਤੌਰ ਤੇ ਨਸ਼ੇ ਦਾ ਟੀਕਾ ਲਗਾ ਰਿਹਾ ਸੀ ਤਾਂ ਨਸ਼ੇ ਦੀ ਉਵਰਡੋਜ ਨਾਲ ਉਹ ਮੰਜੇ ਤੋਂ ਹੇਠਾਂ ਡਿੱਗ ਪਿਆ ਕਿ ਫਿਰ ਮੁੜ ਉੱਠ ਕੇ ਮੰਜੇ ਤੇ ਵੀ ਨਹੀਂ ਚੜ੍ਹ ਸਕਿਆ।
ਮੰਜੇ ਤੇ ਉਸੇ ਤਰਾਂ ਹੀ ਥਾਲੀ ਵਿੱਚ 3 ਰੋਟੀਆਂ ਅਤੇ ਦਾਲ/ਸਬਜੀ ਦੀ ਕੌਲੀ ਪਈ ਰਹਿ ਗਈ ਅਤੇ ਉਸ ਨੂੰ ਰੋਟੀ ਦੀ ਇੱਕ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣੀ ਵੀ ਨਸੀਬ ਨਾ ਹੋਈ। ਰਾਤ ਭਰ ਉਹ ਅੱਧ ਡਿੱਗਿਆ ਹੀ, ਪਿਆ ਰਿਹਾ ,ਸਵੇਰੇ ਜਦੋਂ ਲੋਕਾਂ ਨੇ ਵੇਖਿਆ ਤਾਂ ਉਹ ਦਮ ਤੋੜ ਚੁੱਕਿਆ ਸੀ। ਥਾਣਾ ਸਦਰ ਬਰਨਾਲਾ ਦੇ ਐਸ.ਐਚ.ਉ. ਗੁਰਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਵਾਰਿਸਾਂ ਨੂੰ ਫੋਨ ਤੇ ਸੂਚਿਤ ਕਰਕੇ, ਬਲਾ ਲਿਆ ਹੈ। ਉਨ੍ਹਾਂ ਦੇ ਬਿਆਨ ਅਤੇ ਪੋਸਟਮਾਰਟਮ ਰਿਪੋਰਟ ਦੇ ਅਧਾਰ ਪਰ, ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਮ੍ਰਿਤਕ ਦੇ ਮੋਬਾਇਲ ਕਾਲ ਦੀ ਡਿਟੇਲ ਅਤੇ ਪਰਿਵਾਰ ਤੋਂ ਉਸ ਦੀ ਸੁਸਾਇਟੀ ਬਾਰੇ ਮਿਲੀ ਜਾਣਕਾਰੀ ਦੇ ਤੱਥਾਂ ਅਨੁਸਾਰ ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ। ਵਰਨਯੋਗ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਸ਼ਹਿਰ ਦੇ ਮੁੱਖ ਬੱਸ ਅੱਡੇ ਦੇ ਬਾਥਰੂਮ ਵਿੱਚੋਂ ਇੱਕ ਨੌਜਵਾਨ ਦੀ ਸਰਿੰਜ ਲੱਗੀ ਲਾਸ਼ ਅਤੇ ਦੂਜੇ ਹਫਤੇ ਦੁਸਿਹਰਾ ਗਰਾਉਂਡ ਵਾਲੇ ਖੇਤਰ ਵਿੱਚੋਂ ਇੱਕ ਨੌਜਵਾਨ ਦੀ ਸਰਿੰਜ ਲੱਗੀ ਲਾਸ਼ ਵੀ ਬਰਾਮਦ ਹੋਈ ਸੀ। ਜਿਕਰਯੋਗ ਉਕਤ ਦੋਵੇਂ ਕੇਸਾਂ ਵਿੱਚ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਕੋਈ ਕੇਸ ਦਰਜ਼ ਕਰਕੇ, ਨਸ਼ਾ ਸਪਲਾਈ ਕਰਨ ਵਾਲਿਆਂ ਤੱਕ ਪਹੁੰਚਣ ਦੀ ਕੋਈ ਜਰੂਰਤ ਨਹੀਂ ਸਮਝੀ ਸੀ। ਜਿਸ ਕਾਰਨ ਸਮਾਪਤੀ ਵੱਲ ਵੱਧ ਰਹੇ ਅਪ੍ਰੈਲ ਮਹੀਨੇ ਦੇ ਅੰਤਲੇ ਦਿਨਾਂ ਵਿੱਚ ਅੱਜ ਫਿਰ ਇੱਕ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਿਆ।