ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਭਾਸ਼ਾ ਲਿਖਣ, ਪੜ੍ਹਨ, ਪੜ੍ਹਾਉਣ ਦੇ ਬੋਲਣ ਦਾ ਲਿਆ ਅਹਿਦ
ਰਿਚਾ ਨਾਗਪਾਲ,ਪਟਿਆਲਾ 21 ਫਰਵਰੀ 2022
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵੱਡੇ ਪੱਧਰ ‘ਤੇ ਮਨਾਇਆ ਗਿਆ। ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਦੇਖ-ਰੇਖ ‘ਚ ਹੋਏ ਇਸ ਸਮਾਗਮ ਦੌਰਾਨ ਜਿੱਥੇ ਵਿਦਵਾਨਾਂ ਨੇ ਪੰਜਾਬ ਮਾਂ ਬੋਲੀ ਬਾਰੇ ਵਿਚਾਰ ਚਰਚਾ ਕੀਤੀ ਉੱਥੇ ਨਾਮਵਰ ਕਵੀਆਂ ਨੇ ਉਕਤ ਦਿਹਾੜੇ ਨੂੰ ਸਮਰਪਿਤ ਆਪਣੀਆਂ ਕਵਿਤਾਵਾਂ ਰਾਹੀਂ ਰੰਗ ਬੰਨਿਆ। ਸਮਾਗਮ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਬੋਲਣ, ਲਿਖਣ ਤੇ ਪੜ੍ਹਨ ਸਬੰਧੀ ਅਹਿਦ ਲੈ ਕੇ ਕੀਤੀ ਗਈ। ਦੱਸਣਯੋਗ ਹੈ ਕਿ ਇਸੇ ਸਮੇਂ ਰਾਜ ਦੀਆਂ ਵਿੱਦਿਅਕ ਤੇ ਸਾਹਿਤਕ ਸੰਸਥਾਵਾਂ ‘ਚ ਵੀ ਉਕਤ ਅਹਿਦ ਕੀਤਾ ਗਿਆ।
ਇਸ ਮੌਕੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਫੈਸਰ ਤੇ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਡਾ. ਭੀਮਇੰਦਰ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰੋ. ਕਿਰਪਾਲ ਕਜ਼ਾਕ ਨੇ ਕੀਤੀ। ਕੌਮਾਂਤਰੀ ਪੱਤਰਕਾਰ ਨਿਰਪਾਲ ਸਿੰਘ ਸ਼ੇਰਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਭੀਮਇੰਦਰ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਨੂੰ ਸਰਕਾਰ, ਰੁਜ਼ਗਾਰ, ਬਜ਼ਾਰ ਤੇ ਪਰਿਵਾਰ ਦੀ ਭਾਸ਼ਾ ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਿੱਜੀਕਰਨ ਨੇ ਵੀ ਪੰਜਾਬੀ ਭਾਸ਼ਾ ਨੂੰ ਢਾਅ ਲਗਾਈ ਹੈ। ਵਿਸ਼ਵੀਕਰਨ ਦਾ ਰੁਝਾਨ ਜਿਵੇਂ ਹੋਰਨਾਂ ਭਾਸ਼ਾਵਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਉਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਵੀ ਇਹ ਅਜੋਕੇ ਦੌਰ ‘ਚ ਵੱਡਾ ਖਤਰਾ ਬਣਿਆ ਹੋਇਆ ਹੈ। ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਖੂਬਸੂਰਤੀ ਇਹ ਹੈ ਕਿ ਇਸ ‘ਚ ਹਰ ਭਾਸ਼ਾ ਦੇ ਸ਼ਬਦ ਜ਼ਜਬ ਕਰਨ ਦਾ ਮਾਦਾ ਹੈ, ਇਸ ਕਰਕੇ ਹੀ ਇਸ ਦਾ ਸ਼ਬਦ ਭੰਡਾਰ ਬਹੁਤ ਅਮੀਰ ਹੈ।
ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਜੁਗੋ ਜੁਗ ਅਟੱਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਭਾਸ਼ਾ ਹੈ ਅਤੇ ਇਹ ਜੁਗਾਂ ਤੱਕ ਜਿਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਚੀਨ ਤੇ ਜਪਾਨ ਤੋਂ ਸਬਕ ਲੈਣਾ ਚਾਹੀਦਾ ਹੈ ਕਿਵੇਂ ਇਹ ਦੋਨੋਂ ਮੁਲਕ ਆਪਣੀ ਜੁਬਾਨ ਰਾਹੀਂ ਹੀ ਦੁਨੀਆ ਦੀਆਂ ਵੱਡੀਆਂ ਆਰਥਿਕ ਸ਼ਕਤੀਆਂ ਬਣੇ ਹਨ। ਇਸ ਕਰਕੇ ਸਾਨੂੰ ਵਿਕਾਸ ਲਈ ਹੋਰਨਾਂ ਭਾਸ਼ਾਵਾਂ ਦਾ ਸਹਾਰਾ ਲੈਣ ਦਾ ਬਹਾਨਾ ਬਣਾਕੇ ਆਪਣੀ ਮਾਖਿਓ ਮਿੱਠੀ ਜ਼ੁਬਾਨ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪ ਵੀ ਨਿਰੰਤਰ ਪੰਜਾਬੀ ਸਾਹਿਤ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਪੜ੍ਹਾਈਏ।
ਪ੍ਰਧਾਨਗੀ ਭਾਸ਼ਨ ‘ਚ ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਕਿ ਇਸ ਵਕਤ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਨੂੰ ਸ਼ੁੱਧ ਬੋਲਣਾ, ਸ਼ੁੱਧ ਲਿਖਣਾ ਤੇ ਸ਼ੁੱਧ ਪੜ੍ਹਨਾ ਜਰੂਰੀ ਹੈ। ਜਿਸ ਲਈ ਸਾਨੂੰ ਪੰਜਾਬੀ ਦੇ ਸ਼ਬਦਾਂ ਦੇ ਸਹੀ ਅਰਥਾਂ ਤੇ ਵਰਤੋਂ ਬਾਰੇ ਜਾਣਕਾਰੀ ਹਾਸਲ ਕਰਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਹਰ ਦਿਨ ਨੂੰ ਹੀ ਮਾਤ ਭਾਸਾ ਵਜੋਂ ਮਨਾਈਏ। ਕੌਮਾਂਤਰੀ ਪੱਤਰਕਾਰ ਨਿਰਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ‘ਚ ਰਹਿ ਕੇ ਵੀ ਪੰਜਾਬੀ ਬੋਲੀ ਦਾ ਪ੍ਰਚਾਰ/ਪ੍ਰਸਾਰ ਕਰਨ ਲਈ ਨਿਰੰਤਰ ਯਤਨ ਜਾਰੀ ਰੱਖੇ ਹੋਏ ਹਨ। ਤਕਰੀਬਨ ਛੇ ਦਹਾਕਿਆਂ ਤੋਂ ਉਨ੍ਹਾਂ ਨੇ ਮਿਆਰੀ ਪੰਜਾਬੀ ਪੱਤਰਕਾਰੀ ਜ਼ਰੀਏ ਦੁਨੀਆ ਭਰ ‘ਚ ਬੈਠੇ ਪੰਜਾਬੀ ਨੂੰ ਆਪਸ ‘ਚ ਜੋੜ ਕੇ ਰੱਖਿਆ ਹੈ। ਸਹਾਇਕ ਨਿਰਦੇਸ਼ਕ ਸਤਨਾਮ ਸਿੰਘ ਦੀ ਦੇਖ-ਰੇਖ ‘ਚ ਵਿਭਾਗ ਦਾ ਮਾਸਿਕ ਰਿਸਾਲਾ ਜਨ ਸਾਹਿਤ ਦਾ ਮਾਤ ਭਾਸ਼ਾ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ। ਸਹਾਇਕ ਨਿਰਦੇਸ਼ਕ ਤੇਜਿੰਦਰ ਸਿੰਘ ਗਿੱਲ ਨੇ ਵਧੀਆ ਸ਼ਬਦਾਵਲੀ ਰਾਹੀਂ ਸਮਾਗਮ ਦਾ ਸੰਚਾਲਨ ਕੀਤਾ। ਇਸ ਮੌਕੇ ਉੱਘੇ ਲਿਖਾਰੀ ਨਿਰੰਜਣ ਬੋਹਾ, ਡਾ. ਕੁਲਦੀਪ ਦੀਪ, ਸਹਾਇਕ ਨਿਰਦੇਸ਼ਕਾ ਅਲੋਕ ਕੁਮਾਰ, ਅਸ਼ਰਫ ਮਹਿਮੂਦ ਨੰਦਨ, ਹਰਭਜਨ ਸਿੰਘ, ਪ੍ਰਿਤਪਾਲ ਕੌਰ, ਸੁਖਪ੍ਰੀਤ ਕੌਰ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ। ਸਮਾਗਮ ਦੇ ਅਖੀਰ ‘ਚ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਜਿਲ੍ਹਾ ਭਾਸ਼ਾ ਅਫਸਰ ਪਟਿਆਲਾ ਚੰਦਨਦੀਪ ਕੌਰ ਨੇ ਆਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।