ਬੋਲੀ ਦੀ ਨਵੀਂ ਤਾਰੀਖ ਦਾ ਐਲਾਨ, 24 ਘੰਟਿਆਂ ਚ, ਕਰਵਾਉਣ ਦਾ ਦਿੱਤਾ ਭਰੋਸਾ
ਹਰਿੰਦਰ ਨਿੱਕਾ ਬਰਨਾਲਾ 24 ਅਪ੍ਰੈਲ 2020
ਸ਼ਹਿਣਾ ਬਲਾਕ ਦੇ ਪਿੰਡ ਭਗਤਪੁਰਾ ਮੌੜ ਦੀ ਪੰਚਾਇਤੀ ਜਮੀਨ ਦੀ ਬੋਲੀ ਐਨ ਮੌਕੇ ਤੇ ਰੱਦ ਕਰਨ ਤੋਂ ਗੁੱਸੇ ਚ, ਆ ਕੇ ਰੋਸ ਪ੍ਰਗਟ ਕਰਨ ਲਈ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚਾਰ ਪੰਚਾਇਤ ਮੈਂਬਰਾਂ ਸਣੇ ਚੜ੍ਹੇ ਸਰਪੰਚ ਅੰਗਰੇਜ ਸਿੰਘ ਨੂੰ ਆਖਿਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਮਨਾ ਕੇ ਲਾਹ ਹੀ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਸਰਪੰਚ ਦੁਆਰਾ ਪੰਚਾਇਤੀ ਜਮੀਨ ਦੀ ਬੋਲੀ ਕਰਵਾਉਣ ਦੀ ਮੰਗ ਸਬੰਧੀ ਡੀਡੀਪੀਉ ਭੂਸ਼ਣ ਕੁਮਾਰ ਨੇ ਭਰੋਸਾ ਦਿਵਾਇਆ ਕਿ ਉਹ 24 ਘੰਟਿਆਂ ਦੇ ਅੰਦਰ ਅੰਦਰ ਹੀ ਜਮੀਨ ਦੀ ਬੋਲੀ ਦੀ ਨਵੀਂ ਤਾਰੀਖ ਤੇ ਸਮੇਂ ਦਾ ਫੈਸਲਾ ਬੀਡੀਪੀਉ ਸ਼ਹਿਣਾ ਨਾਲ ਗੱਲਬਾਤ ਕਰਕੇ ਕਰ ਦੇਣਗੇ। ਮੌਕੇ ਤੇ ਮੌਜੂਦ ਵਿਅਕਤੀਆਂ ਅਨੁਸਾਰ ਸਰਪੰਚ ਨੂੰ ਮਨਾਉਣ ਅਤੇ ਟੈਂਕੀ ਤੋਂ ਲਾਹੁਣ ਚ, ਡੀਐਸਪੀ ਆਰ.ਐਸ. ਦਿਊਲ ਨੇ ਅਹਿਮ ਰੋਲ ਅਦਾ ਕੀਤਾ ਤੇ ਪੰਚਾਇਤ ਦੇ ਸਾਰੇ ਦਸਤਾਵੇਜ਼ ਖੁਦ ਜਾਂਚ ਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਕੋਲ ਪੰਚਾਇਤ ਦਾ ਵਕੀਲ ਬਣ ਕੇ ਭੂਮਿਕਾ ਨਿਭਾਈ । ਪੰਚਾਇਤ ਨੇ ਸਾਲ 2005 ਚ, ਪੰਜਾਬ ਤੇ ਹਰਿਆਣਾ ਹਾਈਕੋਰਟ ਚੋਂ ਮਿਲੇ ਸਟੇ ਆਰਡਰ ਦੀ ਕਾਪੀ ਵੀ ਪ੍ਰਸ਼ਾਸਨ ਅੱਗੇ ਰੱਖੀ। ਜਦੋਂ ਕਿ ਮੌੜ ਨਾਭਾ ਦੀ ਪੰਚਾਇਤ ਉਕਤ ਸਟੇ ਆਰਡਰ ਨੂੰ ਰੱਦ ਕਰਨ ਵਾਲਾ ਕੋਈ ਹੁਕਮ ਫਿਲਹਾਲ ਮੌਕੇ ਤੇ ਪੇਸ਼ ਨਹੀਂ ਕਰ ਸਕੀ। ਇਸ ਮੌਕੇ ਤੇ ਐਸਪੀ ਰੁਪਿੰਦਰ ਭਾਰਦਵਾਜ ਤੋਂ ਇਲਾਵਾ ਡੀਡੀਪੀਉ ਭੂਸ਼ਣ ਕੁਮਾਰ, ਡੀਐਸਪੀ ਆਰਐਸ ਦਿਊਲ, ਡੀਐਸਪੀ ਤਪਾ ਰਵਿੰਦਰ ਸਿੰਘ, ਐਸਐਚਉ ਸ਼ਹਿਣਾ ਤਰਸੇਮ ਸਿੰਘ ,ਪੰਚਾਇਤ ਸਕੱਤਰ ਚਰਨਜੀਤ ਸਿੰਘ ਆਦਿ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ। ਟੈਂਕੀ ਤੇ ਸਰਪੰਚ ਦੇ ਨਾਲ ਚੜ੍ਹਨ ਵਾਲਿਆਂ ਚ, ਪੰਚਾਇਤ ਮੈਂਬਰ ਬਿੱਟੂ ਸਿੰਘ, ਰਾਜਇੰਦਰ ਸਿੰਘ, ਕੁਲਦੀਪ ਸਿੰਘ ਤੇ ਸਿਮਰਨਜੀਤ ਸਿੰਘ ਆਦਿ ਪ੍ਰਮੁੱਖ ਹਨ।