ਆਪਣੇ ਬੁਰੇ ਕੰਮ ਨੂੰ ਛੁਪਾਉਣ ਲਈ, ਬੱਚਾ ਰੂੜੀ ਤੇ ਸੁੱਟਣ ਵਾਲੀ ਮਾਂ ਤੇ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 20 ਅਪ੍ਰੈਲ 2020
ਹਲਕਾ ਮਹਿਲ ਕਲਾਂ ਦੇ ਪਿੰਡ ਪੰਡੋਰੀ ਚ, ਨਵਜੰਮੇ ਬੱਚੇ ਨੂੰ ਮਰਨ ਲਈ ਕੂੜੇ ਤੇ ਸੁੱਟਣ ਵਾਲੀ ਔਰਤ / ਕੁਆਰੀ ਮਾਂ ਦੇ ਵਿਰੁੱਧ ਪੁਲਿਸ ਨੇ ਕੇਸ ਦਰਜ਼ ਕਰਕੇ ਉਹਦੀ ਤੇਜ਼ੀ ਨਾਲ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਚ, ਜਾਣਕਾਰੀ ਦਿੰਦੇ ਹੋਏ ਐਸਪੀ ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਪੁਲਿਸ ਨੂੰ ਨੱਥਾ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਪੰਡੋਰੀ ਨੇ ਬਿਆਨ ਲਿਖਾਇਆ ਕਿ ਪਿੰਡ ਦੀ ਫਿਰਨੀ ਤੇ ਛੱਪੜ ਕੋਲ ਉਸ ਦੀ ਜਮੀਨ ਹੈ । 20 ਅਪ੍ਰੈਲ ਦੀ ਸਵੇਰੇ ਕਰੀਬ 8 ਕੁ ਵਜੇ ਉਹ ਆਪਣੇ ਖੇਤ ਵੱਲ ਪੈਦਲ ਹੀ ਜਾ ਰਿਹਾ ਸੀ । ਜਦੋਂ ਉਹ ਸੀਵਰੇਜ ਪਲਾਂਟ ਕੋਲ ਪਹੁੰਚਿਆ ਤਾਂ ਉਸ ਨੂੰ ਰੂੜੀਆਂ ਵਿੱਚ ਬੱਚੇ ਦੇ ਰੋਣ ਦੀ ਅਵਾਜ ਸੁਣਾਈ ਦਿੱਤੀ । ਮੌਕੇ ਤੇ ਜਾ ਕੇ ਵੇਖਿਆ ਤਾਂ ਪਲਾਸਟਿਕ ਦੀ ਬੋਰੀ ਚ, ਇੱਕ ਨਵਜੰਮਿਆ ਬੱਚਾ ਪਿਆ , ਰੋ ਰਿਹਾ ਸੀ । ਇਹ ਦੇਖਕੇ ਉਸ ਨੇ ਸਰਪੰਚ ਜਸਵੰਤ ਸਿੰਘ ਨੂੰ ਵੀ ਫੋਨ ਕਰਕੇ ਮੌਕੇ ਪਰ ਹੀ ਬੁਲਾ ਲਿਆ । ਨੱਥਾ ਸਿੰਘ ਨੇ ਦੱਸਿਆ ਕਿ ਕਿਸੇ ਅਣਪਛਾਤੀ ਔਰਤ ਜਾਂ ਕੁਆਰੀ ਕੁੜੀ ਨੇ ਆਪਣੇ ਬੁਰੇ ਕੰਮ ਨੂੰ ਛੁਪਾਉਣ ਲਈ, ਲੜਕੇ ਨੂੰ ਜਨਮ ਦੇ ਕੇ ਰੂੜੀਆਂ ਚ, ਸੁੱਟ ਦਿੱਤਾ। ਇਸ ਲਈ ਦੋਸ਼ੀ ਨਾਮਾਲੂਮ ਔਰਤ-ਲੜਕੀ ਦੇ ਵਿਰੁੱਧ ਬਦਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
– ਐਸਪੀ ਭਾਰਦਵਾਜ ਨੇ ਦੱਸਿਆ ਕਿ ਲਾਵਾਰਿਸ ਨਵਜੰਮਿਆ ਬੱਚਾ ਮਿਲਣ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਮਹਿਲ ਕਲਾਂ ਦੇ ਏਐਸਆਈ ਗੁਰਸਿਮਰਨਜੀਤ ਸਿੰਘ ਨੇ ਨੱਥਾ ਸਿੰਘ ਦੇ ਬਿਆਨ ਦੇ ਆਧਾਰ ਤੇ ਅਣਪਛਾਤੀ ਔਰਤ/ਕੁਆਰੀ ਲੜਕੀ ਦੇ ਖਿਲਾਫ ਅਧੀਨ ਜੁਰਮ 317 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ ਉਸ ਦੀ ਸ਼ਿਨਾਖਤ ਕਰਕੇ ਕਾਬੂ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ । ਮੌਕੇ ਵਾਲੀ ਥਾਂ ਤੇ ਪਹੁੰਚੀ ਪੁਲਿਸ ਪਾਰਟੀ ਚ, ਹੌਲਦਾਰ ਸਾਹਿਬ ਸਿੰਘ, ਮਹਿਲਾ ਕਾਂਸਟੇਬਲ ਲਖਵਿੰਦਰ ਕੌਰ, ਹੋਮਗਾਰਡ ਕੇਵਲ ਸਿੰਘ ਤੇ ਸਿਪਾਹੀ ਲਖਵੀਰ ਸਿੰਘ ਸ਼ਾਮਿਲ ਸਨ।
…..ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ,,,,,,,,,,,,,
, ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ, ਦੇ ਵਿਚਾਰ ਨੂੰ ਨਵਜੰਮੇ ਬੱਚੇ ਨੇ ਸੱਚ ਸਾਬਿਤ ਕਰ ਦਿਖਾਇਆ । ਭਾਂਵੇ ਉਸ ਨੂੰ ਆਪਣੇ ਪੇਟ ਚ, ਰੱਖ ਕੇ ਪਾਲਣ ਵਾਲੀ ਮਾਂ ਉਸ ਦੀ ਵੈਰੀ ਬਣ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਪਲਾਸਟਿਕ ਦੀ ਬੋਰੀ ਚ, ਬੰਦ ਕਰਕੇ ਕੂੜੇ ਦੇ ਢੇਰ ਤੇ ਮਰਨ ਲਈ ਸੁੱਟ ਗਈ ਸੀ । ਪਰੰਤੂ ਰੱਖਣ ਵਾਲੇ ਨੇ ਉੱਥੇ ਕੋਲੋ ਲੰਘਦੇ ਕਿਸਾਨ ਨੱਥਾ ਸਿੰਘ ਦਾ ਧਿਆਨ ਰੋਂਦੇ ਬੱਚੇ ਵੱਲ ਅਚਾਣਕ ਖਿੱਚ ਲਿਆ । ਜਿਹੜਾ ਉਸ ਮਾਸੂਮ ਲਈ ਰੱਬ ਦਾ ਰੂਪ ਬਣ ਕੇ ਬਹੁੜਿਆ। ਐਸਪੀ ਭਾਰਦਵਾਜ ਨੇ ਕਿਹਾ ਕਿ ਇਹ ਕਲਪਨਾ ਕਰਕੇ ਹੀ ਮਨ ਡਰਦਾ ਹੈ ਕਿ ਜੇਕਰ ਕਿਸਾਨ ਤੋਂ ਪਹਿਲਾਂ, ਉੱਥੇ ਅਕਸਰ ਘੁੰਮਦੇ ਅਵਾਰਾ ਕੁੱਤੇ ਜਾਂ ਕੋਈ ਹੋਰ ਬੇਸਹਾਰਾ ਪਸ਼ੂ ਬੱਚੇ ਤੱਕ ਪਹੁੰਚ ਜਾਂਦਾ ਤਾਂ, ਬੱਚੇ ਦੀ ਮਲੂਕ ਜਿਹੀ ਜਿੰਦ ਤੇ ਕੀ ਬੀਤਦੀ।
– ਕੂੜੇ ਦੇ ਢੇਰ ਤੇ ਸੁੱਟੇ ਬੱਚੇ ਨੂੰ ਗੋਦ ਲੈਦ ਵਾਲਿਆ ਦੀ ਭੀੜ
ਲਾਵਾਰਿਸ ਬੱਚਾ ਮਿਲਣ ਦੀ ਖਬਰ ਮੀਡੀਆ ਚ, ਨਸ਼ਰ ਹੁੰਦੇ ਹੀ ਔਲਾਦ ਨੂੰ ਤਰਸਦੇ ਲੋਕਾਂ ਨੇ ਬੱਚੇ ਨੂੰ ਗੋਦ ਲੈਣ ਲਈ ਪ੍ਰਸ਼ਾਸਨ ਤੱਕ ਪਹੁੰਚ ਵੀ ਕਰਨੀ ਸ਼ੁਰੂ ਕਰ ਦਿੱਤੀ। ਭਰੋਸੇਯੋਗ ਸੂਤਰਾਂ ਅਨੁਸਾਰ ਬੱਚਾ ਇੱਕ ਐ, ਤੇ ਉਸ ਨੂੰ ਗੋਦ ਲੈਣ ਵਾਲਿਆਂ ਦੀ ਫਹਿਰਿਸ਼ਤ ਕਾਫੀ ਲੰਬੀ ਹੈ। ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਅਭਿਸ਼ੇਕ ਸਿੰਗਲਾ ਨੇ ਦੱਸਿਆ ਕਿ ਬੱਚਾ ਪੂਰੀ ਤਰਾਂ ਤੰਦਰੁਸਤ ਹੈ। ਕਈ ਵਿਅਕਤੀ ਬੱਚੇ ਨੂੰ ਗੋਦ ਲੈਣ ਲਈ ਕਾਹਲੇ ਹਨ । ਉਨ੍ਹਾਂ ਕਿਹਾ ਕਿ ਬੱਚੇ ਨੂੰ ਪ੍ਰਸ਼ਾਸਨ ਆਪਣੇ ਪੱਧਰ ਤੇ ਕਿਸੇ ਨੂੰ ਗੋਦ ਦੇਣ ਦੇ ਸਮਰੱਥ ਨਹੀ ਹੈ। ਇਸ ਦੇ ਸਬੰਧ ਚ, ਫੈਸਲਾ ਲੈਣ ਦਾ ਅਧਿਕਾਰ ਅਡਾਪਸ਼ਨ ਏਜੰਸੀ ਕੋਲ ਹੈ, ਡਾਕਟਰਾਂ ਦੀ ਸਲਾਹ ਅਨੁਸਾਰ ਬੱਚਾ ਉੱਥੇ ਭੇਜ ਦਿੱਤਾ ਜਾਵੇਗਾ। ਜਿੱਥੇ ਬੱਚੇ ਦਾ ਸੁਚੱਜਾ ਪਾਲਣ-ਪੋਸ਼ਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਬੱਚੇ ਦੇ ਮਾਤਾ-ਪਿਤਾ ਦੀ ਤਲਾਸ਼ ਵੀ ਜਾਰੀ ਹੈ।
-ਬੱਚਾ ਜੰਮ ਕੇ ਸੁੱਟਣ ਵਾਲਿਆਂ ਨੂੰ ਹੋ ਸਕਦੀ ਹੈ 7 ਸਾਲ ਦੀ ਸਜ਼ਾ
ਪ੍ਰਸਿੱਧ ਐਡਵੋਕੇਟ ਸਿਵਦਰਸ਼ਨ ਕੁਮਾਰ ਸ਼ਰਮਾ ਨੇਦੱਸਿਆ ਕਿ ਇਹ ਬਹੁਤ ਹੀ ਗੰਭੀਰ ਕਿਸਮ ਦਾ ਜੁਰਮ ਹੈ। ਕਾਨੂੰਨ ਅਨੁਸਾਰ ਦੋਸ਼ੀਆਂ ਨੂੰ ਇਸ ਜੁਰਮ ਤਹਿਤ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਹ ਅਪਰਾਧ ਸਮਝੌਤੇ ਦੀ ਸ੍ਰੇਣੀ ਚ, ਵੀ ਨਹੀਂ ਆਉਂਦਾ।