ਪਲਾਸਟਿਕ ਮੁਕਤ ਬਰਨਾਲਾ ਅਧੀਨ ਜ਼ਿਲ੍ਹਾ ਬਰਨਾਲਾ ਵਿਖੇ ਕੱਪੜੇ ਤੋਂ ਬਣੇ ਬੈਗ ਵੰਡੇ ਗਏ
ਸੋਨੀ ਪਨੇਸਰ,ਬਰਨਾਲਾ, 24 ਦਸੰਬਰ 2021
ਸ਼੍ਰੀ ਵਰਿੰਦਰ ਅਗਰਵਾਲ, ਮਾਨਯੋਗ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਅੱਜ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਏਰੀਏ ਵਿੱਚ ਕੱਪੜੇ ਦੇ ਬਣਾਏ ਬੈਗ ਵੰਡੇ ਗਏ, ਜੋ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਐੱਲ.ਬੀ.ਐੱਸ. ਕਾਲਜ, ਬਰਨਾਲਾ ਦੇ ਸਹਿਯੋਗ ਨਾਲ ਤਿਆਰ ਕਰਵਾਏ ਗਏ ਹਨ।
ਸ਼੍ਰੀ ਗੁਰਬੀਰ ਸਿੰਘ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ 02 ਅਕਤੂਬਰ ਨੂੰ ਜ਼ਿਲ੍ਹਾ ਬਰਨਾਲਾ ਵਿਖੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਸਮਾਜ ਵਿੱਚੋਂ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਖਤਮ ਕੀਤਾ ਜਾ ਸਕੇ। ਇਸੇ ਮੁਹਿੰਮ ਦੇ ਤਹਿਤ ਐੱਲ.ਬੀ.ਐੱਸ. ਕਾਲਜ ਦੇ ਸਹਿਯੋਗ ਨਾਲ ਕੱਪੜੇ ਦੇ ਬੈਗ ਤਿਆਰ ਕਰਵਾਏ ਗਏ ਅਤੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਏਰੀਏ ਵਿੱਚ ਇਹ ਕੱਪੜੇ ਦੇ ਬੈਗ ਵੰਡੇ ਗਏ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਜ਼ਾਰ ਜਾਣ ਸਮੇਂ ਇਨ੍ਹਾਂ ਕੱਪੜੇ ਤੋਂ ਬਣੇ ਥੈਲਿਆਂ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਪਲਾਸਟਿਕ ਦੇ ਬਣੇ ਹੋਏ ਬੈਗ/ਥੈਲਿਆਂ ਦੀ ਵਰਤੋਂ ਨੂੰ ਖਤਮ ਕੀਤਾ ਜਾ ਸਕੇ।
ਮਾਨਯੋਗ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੇ ਇਸ ਉਪਰਾਲੇ ਦੀ ਲੋਕਾਂ ਦੁਆਰਾ ਬਹੁਤ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਮਾਨਯੋਗ ਸਕੱਤਰ ਜੀ ਵੱਲੋਂ ਜਾਣਕਾਰੀ ਦਿੱਤੀ ਗਈ ਮਾਨਯੋਗ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਜੀ ਵੱਲੋਂ ਜ਼ਿਲ੍ਹਾ ਜੇਲ੍ਹ, ਬਰਨਾਲਾ ਵਿਖੇ ਇੱਕ ਪ੍ਰੋਜੈਕਟ ਵੀ ਚਲਾਇਆ ਗਿਆ, ਜਿੱਥੇ ਜੇਲ੍ਹ ਬੰਦੀਆਂ ਦੇ ਸਹਿਯੋਗ ਨਾਲ ਪੁਰਾਣੇ ਅਖ਼ਬਾਰਾਂ ਤੋਂ ਕਾਗਜ ਦੇ ਲਿਫ਼ਾਫੇ ਤਿਆਰ ਕਰਵਾ ਕੇ ਜ਼ਿਲ੍ਹਾ ਬਰਨਾਲਾ, ਤਪਾ ਮੰਡੀ ਅਤੇ ਭਦੌੜ ਦੇ ਮੈਡੀਕਲ ਸਟੋਰਾਂ ਦੇ ਮਾਲਕਾ ਤੱਕ ਪਹੁੰਚਾਏ ਗਏ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਲਿਫ਼ਾਫਿਆ ਦੀ ਜਗ੍ਹਾ ਇਨ੍ਹਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਸਮਾਜ ਵਿੱਚੋਂ ਪਲਾਸਟਿਕ ਦੀ ਵਰਤੋਂ ਨੂੰ ਖਤਮ ਕੀਤਾ ਜਾ ਸਕੇ।