16 ਅਪ੍ਰੈਲ 2019 ਨੂੰ ਦਿੱਤੀ ਦੁਰਖਾਸਤ ਤੇ 9 ਦਸੰਬਰ 2021 ਨੂੰ ਹੋਇਆ ਕੇਸ ਦਰਜ਼
ਹਰਿੰਦਰ ਨਿੱਕਾ , ਬਰਨਾਲਾ 11 ਦਸੰਬਰ 2021
ਪੰਜਾਬ ਪੁਲਿਸ ਦੀ ਪੜਤਾਲ ਕਿੰਨ੍ਹੀ ਮੱਠੀ ਰਫਤਾਰ ਨਾਲ ਚੱਲ ਰਹੀ ਹੈ, ਇਸ ਦਾ ਅੰਦਾਜ਼ਾ ਦਾ ਥਾਣਾ ਮਹਿਲ ਕਲਾਂ ਵਿਖੇ ਦਰਜ਼ ਹੋਈ ਐਫ.ਆਈ.ਆਰ. ਨੰਬਰ 67/2021 ਦੇ ਸਾਹਮਣੇ ਆਉਣ ਤੋਂ ਬਾਅਦ ਭਲੀਭਾਂਤ ਲੱਗ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੱਥਾ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪੰਡੋਰੀ, ਜਿਲ੍ਹਾ ਬਰਨਾਲਾ ਨੇ ਉਸ ਦੀ ਬੇਟੀ ਨੂੰ ਵਿਦੇਸ਼ ਭੇਜ਼ਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਇੱਕ ਦੁਰਖਾਸਤ 16 ਅਪ੍ਰੈਲ 2019 ਨੂੰ ਪੁਲਿਸ ਨੂੰ ਦਿੱਤੀ ਸੀ। ਪੁਲਿਸ ਨੇ ਪੜਤਾਲ ਦੇ ਨਾਂ ਤੇ ਹੀ ਕਰੀਬ ਢਾਈ ਸਾਲ ਦਾ ਸਮਾਂ ਲੰਘਾ ਦਿੱਤਾ। ਚਲੋ ਦੇਰ ਆਏ ਦਰੁਸਤ ਆਏ ਦੀ ਕਹਾਵਤ ਮੁਤਾਬਕ ਪੁਲਿਸ ਨੇ 9 ਦਸੰਬਰ 2021 ਨੂੰ ਹੁਣ ਦੋ ਨਾਮਜ਼ਦ ਦੋਸ਼ੀਆਂ ਖਿਲਾਫ ਸਾਜਿਸ਼ ਤਹਿਤ ਧੋਖਾਧੜੀ ਦੇ ਦੋਸ਼ ਵਿੱਚ ਐਫ.ਆਈ.ਆਰ. ਦਰਜ਼ ਕੀਤੀ ਹੈ। ਹਾਲੇ ਦੋਸ਼ੀਆਂ ਨੂੰ ਫੜ੍ਹਨ ਲਈ, ਕਿੰਨ੍ਹਾਂ ਸਮਾਂ ਲੱਗੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਪੁਲਿਸ ਦੀ ਪੜਤਾਲ ਸਬੰਧੀ ਅਪਣਾਈ ਕਾਰਜ਼ਸ਼ੈਲੀ ਤੋਂ ਖੁਦ ਬ ਖੁਦ ਲਗਾਇਆ ਜਾ ਸਕਦਾ ਹੈ।
ਕੀ , ਕਦੋਂ ਤੇ ਕਿਵੇਂ ਵਾਪਰਿਆ ???
ਜਿਲ੍ਹੇ ਦੇ ਪਿੰਡ ਪੰਡੋਰੀ ਦੇ ਰਹਿਣ ਵਾਲੇ ਨੱਥਾ ਸਿੰਘ ਪੁੱਤਰ ਲਛਮਣ ਸਿੰਘ ਵੱਲੋਂ ਦਿੱਤੀ ਦੁਰਖਾਸਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਸ ਦੀ ਲੜਕੀ ਅਮ੍ਰਿਤਪਾਲ ਕੌਰ ਨੇ ਅਖਬਾਰ ਵਿੱਚ ਵਿਦੇਸ਼ ਜਾਣ ਸਬੰਧੀ ਦਿੱਤਾ ਇਯਤਹਾਰ ਦੇਖ ਕਿ ਲਿਖੇ ਗਏ ਮੋਬਾਇਲ ਨੰਬਰ ਤੇ ਸੁਰਜੀਤ ਸਿੰਘ ਬਾਵਾ ਪੁੱਤਰ ਹਰਜਿੰਦਰ ਸਿੰਘ ਵਾਸੀ ਭਗਤ ਸਿੰਘ ਨਗਰ ਸੁਲਤਾਨਵਿੰਡ ਰੋਡ ਅਮ੍ਰਿਤਸਰ ਅਤੇ ਜੈਵੀਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਅਮ੍ਰਿਤਸਰ ਨਾਲ ਹੋਈ। ਉਕਤ ਦੋਸ਼ੀਆਂ ਨੇ ਅਮ੍ਰਿਤਪਾਲ ਕੌਰ ਨੂੰ ਵਿਦੇਸ਼ ਭੇਜਣ ਲਈ 6 ਲੱਖ ਰੁਪਏ ਵਿੱਚ ਗੱਲਬਾਤ ਤੈਅ ਕਰ ਲਈ। । ਉਕਤ ਦੋਵੇਂ ਦੋਸ਼ੀ 29 ਜੂਨ 2016 ਨੂੰ ਮਹਿਲ ਕਲਾਂ ਵਿਖੇ ਪੇਮੈਂਟ ਲੈਣ ਲਈ ਪਹੁੰਚੇ। ਦੋਵਾਂ ਨੇ ਮੁਦਈ ਤੋਂ 3 ਲੱਖ 73 ਜ਼ਾਰ ਰੁਪਏ ਵਸੂਲ ਕਰ ਲਏ। ਪੈਸੇ ਹੱਥ ਵਿੱਚ ਆਉਣ ਤੋਂ ਬਾਅਦ ਦੋਸ਼ੀਆਂ ਨੇ ਅਮ੍ਰਿਤਪਾਲ ਕੌਰ ਦਾ ਫੋਨ ਰਿਸੀਵ ਕਰਨਾ ਹੀ ਬੰਦ ਕਰ ਦਿੱਤਾ। ਦੋਸ਼ੀਆਂ ਨੇ ਲੱਖਾਂ ਰੁਪਏ ਲੈ ਕੇ ਨਾ ਤਾਂ ਉਸ ਦੀ ਬੇਟੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨਾਂ ਤੋਂ ਲਏ 3 ਲੱਖ 73 ਹਜਾਰ ਰੁਪਏ ਵਾਪਿਸ ਕੀਤੇ। ਲੰਬੇ ਸਮੇਂ ਦੀ ਟਾਲਮਟੋਲ ਤੋਂ ਬਾਅਦ ਪਤਾ ਲੱਗਿਆ ਕਿ ਦੋਸ਼ੀਆਂ ਨੇ ਉਸਦੀ ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਸਾਜਿਸ਼ ਤਹਿਤ ਹੀ ਠੱਗੀ ਮਾਰੀ ਹੈ।
ਥਾਣਾ ਮਹਿਲ ਕਲਾਂ ਦੇ ਐਸਐਚਉ ਨੇ ਦੱਸਿਆ ਕਿ ਨਾਮਜ਼ਦ ਦੋਵਾਂ ਦੋਸ਼ੀਆਂ ਖਿਲਾਫ ਅਧੀਨ ਜੁਰਮ 420 / 120 B ਆਈ.ਪੀ.ਸੀ. ਤਹਿਤ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾਂ ਨੰਬਰ 67 ਦਰਜ਼ ਕਰਕੇ,ਮਾਮਲੇ ਦੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।