ਬਰਨਾਲਾ ਵਾਸੀ ਦਿਵਿਆਂਗਜਨ ਦਿਨੇਸ਼ ਕੁਮਾਰ ਦੀ ਝੋਲੀ ਪਿਆ ਸਟੇਟ ਐਵਾਰਡ
*ਖੁੱਡੀ ਕਲਾਂ ਸਕੂਲ ਵਿਖੇ ਅਧਿਆਪਕ ਵਜੋਂ ਬਿਹਤਰੀਨ ਸੇਵਾਵਾਂ ਨਿਭਾਅ ਰਹੇ ਹਨ ਦਿਨੇਸ਼ ਕੁਮਾਰ
ਰਘਬੀਰ ਹੈਪੀ,ਬਰਨਾਲਾ, 7 ਦਸੰਬਰ 2021
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਮਲੇਰਕੋਟਲਾ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਦਿਵਿਆਂਗਜਨ ਦਿਨੇਸ਼ ਕੁਮਾਰ ਪੁੱਤਰ ਹੇਮਰਾਜ ਦੀ ਝੋਲੀ ਸਟੇਟ ਐਵਾਰਡ ਪਿਆ ਹੈ। ਦਿਨੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿਖੇ ਪੰਜਾਬੀ ਦੇ ਅਧਿਆਪਕ ਹਨ, ਜੋ ਨੇਤਰਹੀਣ ਹਨ। ਉਨ੍ਹਾਂ ਨੂੰ ਆਪਣੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਨਿਭਾਉਣ ਬਦਲੇ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਉਰਦੂ ਅਕੈਡਮੀ, ਮਲੇਰਕੋਟਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਆਪਣੇ ਖੇਤਰ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਜਾਂ ਦਿਵਿਆਂਗਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ । ਇਸ ਦੌਰਾਨ ਬਰਨਾਲਾ ਵਾਸੀ ਦਿਨੇਸ਼ ਕੁਮਾਰ ਪੁੱਤਰ ਹੇਮਰਾਜ ਦੀ ਝੋਲੀ ਸਟੇਟ ਐਵਾਰਡ 2021 ਪਿਆ। ਉਨ੍ਹਾਂ ਕਿਹਾ ਕਿ ਜਿੱਥੇ ਦਿਨੇਸ਼ ਕੁਮਾਰ ਵਧਾਈ ਦੇ ਪਾਤਰ ਹਨ, ਉੱਥੇ ਜ਼ਿਲ੍ਹੇ ਲਈ ਵੀ ਇਹ ਮਾਣ ਵਾਲੀ ਗੱਲ ਹੈ।