ਪ੍ਰਸ਼ਾਸ਼ਨ ਨੂੰ ਕਾਂਗਰਸੀ ਧੜੇਬੰਦੀ ਤੋਂ ਇਲਾਵਾ ਸੰਘਰਸ਼ੀ ਲੋਕਾਂ ਦੇ ਪ੍ਰਦਸ਼ਨ ਦਾ ਡਰ
CM ਚੰਨੀ ਦੇ ਚੌਪਰ ਵਿੱਚ ਆਉਣਗੇ ਕੇਵਲ ਸਿੰਘ ਢਿੱਲੋਂ ?
ਹਰਿੰਦਰ ਨਿੱਕਾ ,ਬਰਨਾਲਾ , 26 ਨਵੰਬਰ 2021
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਰਨਾਲਾ ਜਿਲ੍ਹੇ ਅੰਦਰ ਪਹਿਲੀ ਫੇਰੀ ਨੂੰ ਲੈ ਕੇ ਜਿੱਥੇ ਕਾਂਗਰਸੀ ਵਰਕਰਾਂ ਤੇ ਆਗੂਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਕਾਂਗਰਸੀ ਧੜਿਆਂ ਦੀ ਆਪਸੀ ਖਹਿਬਾਜੀ ਅਤੇ ਸੰਘਰਸ਼ੀਲ ਲੋਕਾਂ ਦੇ ਵਿਰੋਧ ਦਾ ਖਤਰਾ ਮੰਡਰਾ ਰਿਹਾ ਹੈ। ਅਜਿਹੇ ਹਾਲਤ ਵਿੱਚ ਜਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਇਸ ਦਾ ਪ੍ਰਤੱਖ ਪ੍ਰਮਾਣ ਇਹ ਵੀ ਹੈ ਕਿ ਮੁੱਖ ਮੰਤਰੀ ਦੇ ਚੌਪਰ (ਜਹਾਜ਼ ) ਉਤਰਨ ਲਈ 4 ਅਸਥਾਈ ਹੈਲੀਪੈਡ ਤਿਆਰ ਕੀਤੇ ਗਏ ਹਨ, ਜਦੋਂਕਿ ਪੰਜਵਾਂ ਹੈਲੀਪੈਡ ਟ੍ਰਾਈਡੈਂਟ ਕੰਪਲੈਕਸ ਦਾ ਵੀ ਇਸਤੇਮਾਲ ਕਰਨ ਲਈ ਵਿਉਂਤਬੰਦੀ ਘੜੀ ਗਈ ਹੈ। ਛੋਟੇ ਜਿਹੇ ਬਰਨਾਲਾ ਜਿਲ੍ਹੇ ਅੰਦਰ ਪ੍ਰਸ਼ਾਸ਼ਨ ਕਿਸੇ ਇੱਕ ਥਾਂ ਤੇ ਹੈਲੀਪੈਡ ਬਣਾਉਣ ਦਾ ਨਿਰਣਾ ਨਹੀਂ ਲੈ ਸਕਿਆ। ਨਤੀਜੇ ਵਜੋਂ , ਬਰਨਾਲਾ-ਰਾਏਕੋਟ ਰੋਡ ਤੇ ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ , ਅਨਾਜ ਮੰਡੀ ਮਹਿਲ ਕਲਾਂ, ਧਨੌਲਾ, ਤਪਾ ਵਿਖੇ ਵੀ ਚੌਪਰ ਉਤਾਰਨ ਦੀ ਪਲਾਨਿੰਗ ਬਣਾਈ ਗਈ ਹੈ।
ਸੰਘਰਸ਼ੀ ਲੋਕਾਂ ਦਾ ਗੜ੍ਹ ਐ ਬਰਨਾਲਾ
ਮੁੱਖ ਮੰਤਰੀ ਦੀ ਪਹਿਲੀ ਫੇਰੀ ਨੂੰ ਲੈ ਕੇ ਖੁਫੀਆਂ ਏਜੰਸੀਆਂ ਵੀ ਵਿਰੋਧ ਪ੍ਰਦਰਸ਼ਨਾਂ ਦੀ ਸੂਹ ਲੈਣ ਲਈ ਹਰ ਤਰਾਂ ਦਾ ਹੀਲਾ ਵਸੀਲਾ ਵਰਤ ਰਹੀਆਂ ਹਨ । ਇਸ ਦਾ ਮੁੱਖ ਕਾਰਣ ਇਹ ਹੈ ਕਿ ਬਰਨਾਲਾ ਜਿਲ੍ਹੇ ਨੂੰ ਸੰਘਰਸ਼ੀ ਲੋਕਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਮਹਿਲ ਕਲਾਂ ਦੀ ਧਰਤੀ ਤੇ ਸ਼ਹੀਦ ਕਿਰਨਜੀਤ ਕੌਰ ਅਗਵਾ/ਬਲਾਤਕਾਰ ਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਲੜੇ ਘੋਲ ਨੇ ਕਈ ਨਵੀਆਂ ਸੰਘਰਸ਼ੀ ਪੈੜਾਂ ਛੱਡੀਆਂ ਹੋਈਆਂ ਹਨ, ਜਿਹੜੀਆਂ ਇਲਾਕੇ ਦੇ ਲੋਕਾਂ ਦੇ ਜੁਝਾਰੂ ਸੁਭਾਅ ਨੂੰ ਪ੍ਰਮਾਣਿਤ ਕਰਨ ਲਈ ਕਾਫੀ ਹਨ। ਇਸ ਵਜ੍ਹਾ ਨਾਲ ਖੁਫੀਆ ਏਜੰਸੀਆਂ ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਹਰ ਤਰਾਂ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਹੀ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕਰਨ ਵਿੱਚ ਰੁੱਝਿਆ ਹੋਇਆ ਹੈ। ਜਿਲ੍ਹੇ ਅੰਦਰ ਕਿਸਾਨ ਯੂਨੀਅਨਾਂ , ਮਜਦੂਰ ਜਥੇਬੰਦੀਆਂ ਅਤੇ ਮੁਲਾਜ਼ਮ ਧਿਰਾਂ ਆਪਣੇ ਆਪਣੇ ਪੱਧਰ ਤੇ ਵੀ ਮਜਬੂਤ ਹਨ, ਉੱਥੇ ਹੀ ਲੋੜ ਪੈਣ ਤੇ ਸਾਂਝਾ ਐਕਸ਼ਨ ਕਰਨ ਤੋਂ ਵੀ ਗੁਰੇਜ ਨਹੀਂ ਕਰਦੀਆਂ । ਸਿਹਤ ਵਿਭਾਗ / ਅਧਿਆਪਕ ਜਥੇਬੰਦੀਆਂ/ ਕੱਚਿਆਂ ਤੋਂ ਪੱਕੇ ਹੋਣ ਲਈ ਸਰਕਾਰ ਤੇ ਦਬਾਅ ਬਣਾ ਰਹੇ ਵੱਖ ਵੱਖ ਕਰਮਚਾਰੀ ਸੰਗਠਨ / ਬੇਰੁਜਗਾਰ ਅਧਿਆਪਕ ਅਤੇ ਲਾਇਨਮੈਨ ਸੰਘਰਸ਼ ਦੇ ਰਾਹ ਤੇ ਹਨ,ਜਿਨ੍ਹਾਂ ਦੀਆਂ ਮੰਗਾਂ ਮੰਨਣ ਲਈ ਹਾਲੇ ਤੱਕ ਸਰਕਾਰ ਨੇ ਗੱਲ ਕਿਸੇ ਤਣ-ਪੱਤਣ ਨਹੀਂ ਲਗਾਈ। ਇਸ ਲਈ ਕਿਸੇ ਵੀ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੇ ਸਮਾਰੋਹ ਵਿੱਚ ਅੜਿੱਕਾ ਪਾਉਣ ਦੀ ਸੰਭਾਵਨਾ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।
ਬਰਨਾਲਾ , ਭਦੌੜ ਤੇ ਮਹਿਲ ਕਲਾਂ ਹਲਕਿਆਂ ‘ਚ ਧੜੇਬੰਦੀ ਭਾਰੂ
ਬੇਸ਼ੱਕ ਜਿਲ੍ਹੇ ਅੰਦਰ ਪੈਂਦੇ ਤਿੰਨੌ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿੱਚ ਕਾਂਗਰਸ ਪਾਰਟੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਅੰਦਰ ਆਮ ਆਦਮੀ ਪਾਰਟੀ ਤੋਂ ਬੁਰੀ ਤਰਾਂ ਮਾਤ ਖਾ ਚੁੱਕੀ ਹੈ। ਪਰੰਤੂ ਹਿਸ ਹਾਰ ਤੋਂ ਬਾਅਦ ਵੀ ਕਾਂਗਰਸੀ ਆਗੂਆਂ ਨੇ ਕੋਈ ਸਬਕ ਨਹੀਂ ਲਿਆ, ਬਲਕਿ ਧੜੇਬੰਦੀ ਹੋਰ ਸਿਖਰਾਂ ਨੂੰ ਛੋਹ ਰਹੀ ਹੈ। ਬਰਨਾਲਾ ਹਲਕੇ ਤੋਂ ਬੇਸ਼ੱਕ ਕੇਵਲ ਸਿੰਘ ਢਿੱਲੋਂ 2 ਵਾਰ ਵਿਧਾਇਕ ਬਣੇ ਹਨ ਅਤੇ ਹੁਣ ਵੀ ਸਭ ਤੋਂ ਮਜਬੂਤ ਦਾਵੇਦਾਰ ਮੰਨੇ ਜਾ ਰਹੇ ਹਨ। ਪਰੰਤੂ ਉਨਾਂ ਨੂੰ ਟੱਕਰ ਦੇਣ ਲਈ, ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਇਲਾਕੇ ਵਿੱਚ ਸਰਗਰਮ ਹਨ, ਜਿਨ੍ਹਾਂ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਪੂਰੇ ਹਲਕੇ ਅੰਦਰ ਆਪਣੇ ਪੋਸਟਰ ਲਗਵਾ ਕੇ ਟਿਕਟ ਲਈ ਵੱਡੀ ਦਾਵੇਦਾਰੀ ਠੋਕ ਰੱਖੀ ਹੈ। ਕਰੀਬ 2 ਹਫਤੇ ਪਹਿਲਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਕੇਂਦਰੀ ਆਬਜਰਬਰ ਦੀ ਹਾਜ਼ਿਰੀ ਵਿੱਚ ਕਾਂਗਰਸੀਆਂ ਦੇ ਤਿੱਖੇ ਵਿਰੋਧ ਨੇ ਪ੍ਰਸ਼ਾਸ਼ਨ ਨੂੰ ਪਹਿਲਾਂ ਹੀ ਟ੍ਰੇਲਰ ਦਿਖਾਇਆ ਹੋਇਆ ਹੈ। ਇਸੇ ਤਰਾਂ ਮਹਿਲ ਕਲਾਂ ਤੋਂ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦਾ ਟਿਕਟ ਮਿਲਣ ਤੋਂ ਰਾਹ ਰੋਕਣ ਲਈ ਬੰਨੀ ਖਹਿਰਾ, ਗੁਰਮੇਲ ਸਿੰਘ ਆਦਿ ਕਾਗਰਸੀ ਆਗੂ ਮੁੱਠੀਆਂ ਵਿੱਚ ਥੁੱਕੀ ਫਿਰਦੇ ਹਨ। ਭਦੌੜ ਹਲਕੇ ਅੰਦਰ ਆਪ ਦਾ ਪੱਲਾ ਛੱਡ ਕੇ ਕਾਂਗਰਸ ‘ਚ ਟਪੂਸੀ ਮਾਰ ਚੁੱਕੇ ਵਿਧਾਇਕ ਪਿਰਮਲ ਸਿੰਘ ਖਾਲਸਾ ਨੂੰ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ , ਮਹਿੰਦਰ ਪਾਲ ਪੱਖੋ , ਲੱਕੀ ਪੱਖੋ ਆਦਿ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਅਜਿਹੇ ਹਾਲਤ ਵਿੱਚ ਮੁੱਖ ਮੰਤਰੀ ਦੀ ਫੇਰੀ ਸੁੱਖੀਂ-ਸਾਂਦੀ ਨਿੱਕਲ ਜਾਣ ਲਈ ਪ੍ਰਸ਼ਾਸ਼ਨ ਵੱਲੋਂ ਹਰ ਡਿਪਲੋਮੈਟਿਕ ਅਤੇ ਸਖਤ ਸੁਰੱਖਿਆ ਬੰਦੋਬਸਤ ਦਾ ਰਾਹ ਅਖਤਿਆਰ ਕੀਤਾ ਜਾ ਰਿਹਾ ਹੈ। ਉੱਧਰ ਸਿਆਸੀ ਸੂਤਰਾਂ ਤੋਂ ਇਹ ਵੀ ਸਪੱਸ਼ਟ ਸੰਕੇਤ ਮਿਲਿਆ ਹੈ ਕਿ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ , ਚੰੜੀਗੜ੍ਹ ਤੋਂ ਮੁੱਖ ਮੰਤਰੀ ਚੰਨੀ ਦੇ ਚੌਪਰ ਵਿੱਚ, ਉਨਾਂ ਦੇ ਨਾਲ ਹੀ ਆ ਰਹੇ ਹਨ।