ਦਿਨ ਵੇਲੇ, ਡੀ.ਸੀ ਨੂੰ ਮਿਲੇ ਤੇ ਰਾਤ ਨੂੰ ਪਿਆ ਪੁਲਿਸ ਦਾ ਛਾਪਾ
ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਮੀਟਿੰਗ ਵਿੱਚ ਲਈ ਸੀ ਪਟਾਖਾ ਵਪਾਰੀਆਂ ਦੇ ਨਾਮਾਂ ਦੀ ਲਿਸਟ
ਹਰਿੰਦਰ ਨਿੱਕਾ /ਰਘਵੀਰ ਹੈਪੀ , ਬਰਨਾਲਾ 28 ਅਕਤੂਬਰ 2021
ਜਿਲ੍ਹਾ ਮਜਿਸਟ੍ਰੇਟ ਵੱਲੋਂ ਗੈਰਕਾਨੂੰਨੀ ਢੰਗ ਨਾਲ ਪਟਾਖਿਆਂ ਦੀ ਵਿਕਰੀ ਤੇ ਲਾਗੂ ਪਾਬੰਦੀ ਦੇ ਹੁਕਮਾਂ ਨੂੰ ਹਲਕੇ ਵਿੱਚ ਲੈਣਾ , ਪਟਾਖਾ ਵਪਾਰੀਆਂ ਨੂੰ ਮਹਿੰਗਾ ਪੈ ਗਿਆ। ਲੰਘੀ ਕੱਲ੍ਹ ਦਿਨ ਵੇਲੇ ਪਟਾਖਾ ਵਪਾਰੀਆਂ ਨੇ ਪਟਾਖਿਆਂ ਦੀ ਵਿਕਰੀ ਲਈ ਥੋੜੀ ਖੁੱਲ੍ਹ ਦੇਣ ਦੀ ਉਮੀਦ ਨਾਲ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ, ਪਰੰਤੂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਪਟਾਖਿਆਂ ਵਪਾਰੀਆਂ ਤੋਂ ਉਨਾਂ ਦੇ ਨਾਮਾਂ ਦੀ ਲਿਸਟ ਵੀ ਲੈ ਲਈ ਅਤੇ ਸ਼ਾਮ ਢੱਲਦਿਆਂ ਹੀ ਐਸਡੀਐਮ ਵਰਜੀਤ ਵਾਲੀਆ, ਡੀਐਸਪੀ ਲਖਵੀਰ ਸਿੰਘ ਟਿਵਾਣਾ , ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ , ਜਗਜੀਤ ਸਿੰਘ ਐਸਐਚੳ ਸਦਰ ਬਰਨਾਲਾ ਸਮੇਤ ਪੁਲਿਸ ਪਾਰਟੀ ਨੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਫਰਵਾਹੀ ਚੁੰਗੀ ਨੇੜੇ ਬਣੇ ਉਪਲੀ ਵਾਲਿਆਂ ਦੇ ਗੋਦਾਮ ਪਰ ਛਾਪਾ ਮਾਰ ਲਿਆ। ਪੁਲਿਸ ਛਾਪਾਮਾਰੀ ਦੌਰਾਨ ਕਰੋੜ ਰੁਪਏ ਦੇ ਕਰੀਬ ਪਟਾਖੇ ਬਰਾਮਦ ਕਰ ਲਏ। ਦੇਰ ਰਾਤ ਤੱਕ ਪੁਲਿਸ ਪਾਰਟੀਆਂ ਇਲਾਕਾ ਮਜਿਸਟ੍ਰੇਟ ਦੇ ਤੌਰ ਤੇ ਪਹੁੰਚੇ ਐਸਡੀਐਮ ਵਰਜੀਤ ਵਾਲੀਆ ਦੀ ਦੇਖਰੇਖ ਵਿੱਚ ਬਰਾਮਦ ਪਟਾਖਿਆਂ ਦੀ ਗਿਣਤੀਆਂ ਵਿੱਚ ਜੁਟੇ ਰਹੇ। ਉੱਧਰ ਪਤਾ ਇਹ ਵੀ ਲੱਗਿਆ ਹੈ ਕਿ ਫਰਵਾਹੀ ਲਿੰਕ ਰੋਡ ਤੇ ਹੀ ਅੱਗੇ ਜਾ ਕੇ ਇੱਟਾਂ ਦੇ ਭੱਠੇ ਨੇੜੇ ਇੱਕ ਹੋਰ ਗੁਦਾਮ ਨੂੰ ਜਿੰਦਾ ਲੱਗਿਆ ਹੋਣ ਕਰਕੇ, ਹਾਲੇ ਉਸ ਨੂੰ ਖੋਲ੍ਹਣਾ ਬਾਕੀ ਹੈ। ਜਿੰਦਰਾ ਲੱਗੇ ਗੋਦਾਮ ਦੀ ਤਲਾਸ਼ੀ ਦੌਰਾਨ ਵੀ ਪਟਾਖਿਆਂ ਦਾ ਵੱਡਾ ਜਖੀਰਾ ਬਰਾਮਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਥਾਣਾ ਸਦਰ ਬਰਨਾਲਾ ਦੇ ਮੁੱਖ ਅਫਸਰ ਜਗਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ /ਵਹੀਕਲਾ ਦੇ ਸਬੰਧ ਵਿੱਚ ਨਜਦੀਕ ਮਿਠਾਸ ਢਾਬਾ ਬਾ ਹੱਦ ਫਰਵਾਹੀ ਮੌਜੂਦ ਸੀ। ਵਕਤ ਕਰੀਬ 10:25 PM ਦਾ ਹੋਵੇਗਾ ਕਿ ਮੁਖਬਰ ਖਾਸ ਨੇ ਉਨਾਂ ਨੂੰ ਅਲਾਇਹਦਗੀ ਵਿੱਚ ਆ ਕੇ ਇਤਲਾਹ ਦਿੱਤੀ ਕਿ ਰਾਕੇਸ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਪੱਕਾ ਕਾਲਜ ਰੋਡ ਨੇੜੇ ਗਊਸਾਲਾ ਬਰਨਾਲਾ ਨੇ ਮੇਨ ਰੋਡ ਧਨੌਲਾ- ਬਰਨਾਲਾ ਪਰ ਨੇੜੇ ਲਿੰਕ ਰੋਡ ਫਰਵਾਹੀ ਵਿਖੇ ਆਪਣੇ ਗੋਦਾਮ ਵਿੱਚ ਬਿਨਾਂ ਲਾਇਸੰਸ /ਪਰਮਿਟ ਤੋਂ ਵੱਡੀ ਮਾਤਰਾ ਵਿੱਚ ਪਟਾਖੇ ਵਿਸਫੋਟਕ ਪਦਾਰਥ ਗੱਤੇ ਦੇ ਡੱਬਿਆਂ ਵਿੱਚ ਪਾ ਕੇ ਸਟੋਰ ਕੀਤੇ ਹੋਏ ਹਨ। ਜੋ ਕਿਸੇ ਵੀ ਇਲੈਕਟ੍ਰਿਕ ਸਾਰਟ ਜਾਂ ਅੱਗ ਲੱਗਣ ਕਾਰਨ ਫੱਟ ਵੀ ਸਕਦੇ ਹਨ। ਜਿਸ ਨਾਲ ਮਨੁੱਖੀ ਜਾਨਾ ਨੂੰ ਖਤਰਾ ਹੋ ਸਕਦਾ ਹੈ। ਇਤਲਾਹ ਸੱਚੀ ਅਤੇ ਭਰੋਸੇਯੋਗ ਹੋਣ ਤੇ ਪੁਲਿਸ ਨੇ ਨਾਮਜ਼ਦ ਦੋਸ਼ੀ ਰਾਕੇਸ਼ ਕੁਮਾਰ ਦੇ ਖਿਲਾਫ ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਬਿਨਾਂ ਲਾਇਸੰਸ-ਪਰਮਿਟ ਤੋਂ ਪਟਾਖੇ ਵਿਸਫੋਟਕ ਸਮੱਗਰੀ ਰੱਖਣਾ ਜੁਰਮ 286 I P C & Sec 9B The Explosive Act 1884 ਦਰਜ਼ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਏ.ਐਸ.ਆਈ. ਗੁਰਨਾਮ ਸਿੰਘ ਨੂੰ ਸੌਂਪੀ ਗਈ ਹੈ।