ਹਰਿੰਦਰ ਨਿੱਕਾ / ਰਘਬੀਰ ਹੈਪੀ , ਬਰਨਾਲਾ 27 ਅਕਤੂਬਰ 2021
ਦੀਵਾਲੀ ਦਾ ਤਿਉਹਾਰ ਜਿਉਂ ਜਿਉਂ ਨੇੜੇ ਆ ਰਿਹਾ ਹੈ, ਤਿਉਂ ਤਿਉਂ ਐਸ ਐਸ ਪੀ ਅਲਕਾ ਮੀਨਾ ਦੇ ਹੁਕਮਾਂ ਤੇ ਪੁਲਿਸ ਵੱਲੋਂ ਗੈਰਕਾਨੂੰਨੀ ਢੰਗ ਨਾਲ ਵੱਡੇ ਪੱਧਰ ਤੇ ਪਟਾਖੇ ਸਟੋਰ ਕਰਨ ਵਾਲੇ ਪਟਾਖਾ ਵਪਾਰੀਆਂ ਦੀ ਤੜਾਮ ਕਸੀਂਦੀ ਨਜਰ ਆ ਰਹੀ ਹੈ। ਪ੍ਰਸ਼ਾਸਨਿਕ ਸਖਤੀ ਦਾ ਅਸਰ ਉਦੋਂ ਸਾਹਮਣੇ ਆਇਆ, ਜਦੋਂ ਬਰਨਾਲਾ – ਸੰਗਰੂਰ ਰੋਡ ਤੇ ਪੈਂਦੇ ਆਈਟੀਆਈ ਚੌਂਕ ਨੇੜੇ ਫਰਵਾਹੀ ਚੁੰਗੀ ਵਾਲੇ ਮੋੜ ਕੋਲ ਇੱਕ ਗੋਦਾਮ ਵਿੱਚੋਂ ਕਰੋੜਾਂ ਰੁਪਏ ਕੀਮਤ ਦੇ ਪਟਾਖੇ ਪੁਲਿਸ ਨੇ ਕਬਜੇ ਵਿੱਚ ਲੈ ਲਏ। ਵੱਡੀ ਗਿਣਤੀ ਵਿੱਚ ਪੁਲਿਸ ਤੋਂ ਇਲਾਵਾ ਇਲਾਕਾ ਮਜਿਸਟਰੇਟ ਦੇ ਤੌਰ ਤੇ ਐਸਡੀਐਮ ਵਰਜੀਤ ਵਾਲੀਆ ਵੀ ਮੌਕੇ ਤੇ ਪਹੁੰਚ ਗਏ। ਮੌਕੇ ਤੇ ਮੌਜੂਦ ਸੂਤਰਾਂ ਅਨੁਸਾਰ ਅੱਜ ਦਿਨ ਵੇਲੇ ਥਾਣਾ ਸਿਟੀ 1 ਬਰਨਾਲਾ ਦੇ ਐਸ ਐਚ ਓ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਪਟਾਖਾ ਵਪਾਰੀ ਸੁਰੇਸ਼ ਕੁਮਾਰ ਨੂੰ ਗਿਰਫ਼ਤਾਰ ਕਰਕੇ, ਉਸ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਦੀ ਕੀਮਤ ਦੇ ਪਟਾਖੇ ਬਰਾਮਦ ਕੀਤੇ ਗਏ ਸਨ। ਉਸ ਦੀ ਪੁੱਛਗਿੱਛ ਤੋਂ ਮਿਲੇ ਸੁਰਾਗ ਮੁਤਾਬਕ ਹੀ ਪੁਲਿਸ ਨੂੰ ਰਾਤ ਹੋਣ ਤੱਕ ਵੱਡੀ ਸਫਲਤਾ ਹੱਥ ਲੱਗ ਗਈ। ਬੇਸੱਕ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਦਾ ਅਧਿਕਾਰੀ ਪਟਾਖਿਆਂ ਦੀ ਬਰਾਮਦਗੀ ਦਾ ਕੋਈ ਅੰਕੜਾ ਜਾਂ ਹਿਰਾਸਤ ਵਿੱਚ ਲਏ ਪਟਾਖਾ ਵਪਾਰੀ ਦਾ ਨਾਮ ਨਹੀਂ ਦੱਸ ਰਿਹਾ। ਪਰੰਤੂ ਸੂਤਰਾਂ ਅਨੁਸਾਰ ਪੁਲਿਸ ਨੇ ਪਟਾਖਿਆਂ ਦਾ ਵੱਡਾ ਜਖੀਰਾ ਕਬਜ਼ੇ ਵਿੱਚ ਲੈ ਲਿਆ , ਜਦੋਂਕਿ ਪਟਾਖਿਆਂ ਦੀ ਬਾਜਾਰੀ ਕੀਮਤ ਕਰੋੜਾਂ ਰੁਪਏ ਬਣਦੀ ਹੈ। ਪਤਾ ਇਹ ਵੀ ਲੱਗਿਆ ਹੈ ਕਿ ਵਕੂਆ ਵਾਲੀ ਜਗ੍ਹਾ ਥਾਣਾ ਸਦਰ ਬਰਨਾਲਾ ਦਾ ਖੇਤਰ ਹੋਣ ਕਾਰਣ, ਥਾਣਾ ਸਦਰ ਵਿਖੇ ਹੀ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।