ਸਵਾਰੀਆਂ ਲਈ ਬਣਾਇਆ ਜਾਵੇਗਾ A.C. ਉਡੀਕ ਘਰ
ਜਗਸੀਰ ਸਿੰਘ ਚਹਿਲ, , ਬਰਨਾਲਾ 27 ਅਕਤੂਬਰ 2021
ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਸਥਾਨਕ ਬੱਸ ਸਟੈਂਡ ਨੂੰ ਨਵੀਂ ਦਿੱਖ ਦੇਣ ਲਈ ਢਾਈ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾ ਕਿਹਾ ਕਿ ਬੱਸ ਸਟੈਂਡ ਦੀ ਸੁਧਾਰਨ ਅਤੇ ਆਧੁਨਿਕ ਬਣਾਉਣ ਲਈ ਪੰਜਾਬ ਸਰਕਾਰ ਅਤੇ ਨਗਰ ਸੁਧਾਰ ਟਰੱਸਟ ਵਲੋਂ ਸਾਂਝੇ ਤੌਰ ਤੇ ਢਾਈ ਕਰੋੜ ਰੁਪਏ ਖਰਚ ਕੇ ਉਸ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ। ਉਹਨਾ ਦੱਸਿਆ ਇਸ ਬੱਸ ਸਟੈਂਡ ਅੰਦਰ ਨਵੇਂ ਸਿਰੇ ਤੋਂ ਵੱਟੇ ਪਾ ਕੇ ਪ੍ਰੀਮੀਕਸ ਪਾਈ ਜਾਵੇਗੀ। ਸੈੱਡ ਉੱਪਰ ਨਵਾਂ ਫਰਸ ਲਗਾਇਆ ਜਾਵੇਗਾ। ਸਵਾਰੀਆਂ Ñਲਈ ਨਵਾਂ ਏਅਰ ਕੰਡੀਸਨ ਉਡੀਕ ਘਰ ਬਣਾਇਆ ਜਾਵੇਗਾ ਅਤੇ ਇਸ ਅੰਦਰ ਅਟੈਚ ਬਾਥਰੂਮ ਆਦਿ ਬਣਾਏ ਜਾਣਗੇ। ਜਨਤਕ ਬਾਥਰੂਮ ਬਣਾਏ ਜਾਣਗੇ। ਪੂਰੇ ਬੱਸ ਸਟੈਂਡ ੳੁੱਪਰ ਨਵੇਂ ਸਿਰੇ ਤੋਂ ਰੰਗਰੋਗਨ ਕਰਵਾ ਕੇ ਉਸਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਉਹਨਾ ਦੱਸਿਆ ਸ: ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਇਸ ਕੰਮ ਲਈ ਸਵਾ ਕਰੋੜ ਰੁਪਏ ਦੇ ਟੈਂਡਰ ਲਗਾਏ ਜਾ ਚੁੱਕੇ ਹਨ ਅਤੇ ਬਾਕੇ ਰਹਿੰਦੇ ਕੰਮਾਂ ਲਈ ਵੀ ਜਲਦੀ ਹੀ ਟੈਂਡਰ ਲਗਾਏ ਜਾਣਗੇ। ਉਹਨਾ ਕਿਹਾ ਕਿ ਬੀਤੇ ਲੰਮੇ ਅਰਸੇ ਤੋਂ ਘਾਟੇ ਦਾ ਅਦਾਰਾ ਬਣੇ ਆ ਰਹੇ ਨਗਰ ਸੁਧਾਰ ਟਰੱਸਟ ਨੂੰ ਉਹਨਾ ਵਲੋਂ ਚਾਰਜ ਸੰਭਾਲਣ ਤੋਂ ਬਾਅਦ ਬੜੀ ਜੱਦੋ-ਜਹਿਦ ਨਾਲ ਮੁੜ ਲੀਹ ਤੇ ਲਿਆਂਦਾ ਅਤੇ ਬੀਤੇ ਕਰੀਬ ਦੋ ਸਾਲ ਤੋਂ ਨਗਰ ਸੁਧਾਰ ਟਰੱਸਟ ਅਧੀਨ ਆਉਂਦੇ ਇਲਾਕੇ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹੋ ਚੁੱਕੇ ਹਨ ਅਤੇ ਬਹੁਤ ਸਾਰੀਆਂ ਥਾਵਾਂ ਤੇ ਵਿਕਾਸ ਕਾਰਜਾਂ ਦਾ ਕੰਮ ਚੱਲ ਰਿਹਾ ਹੈ। ਉਹਨਾ ਕਿਹਾ ਕਿ ਕੁਝ ਸਮੇਂ ਤੱਕ ਬਰਨਾਲਾ ਬੱਸ ਸਟੈਂਡ ਲੋਕਾਂ ਨੂੰ ਨਵੀਂ ਅਤੇ ਮਾਡਲ ਲੁੱਕ ਵਿੱਚ ਨਜਰ ਆਵੇਗਾ।