ਸਮੱਗਲਰਾਂ ਦਾ ਸੁਰਾਗ ਲੱਭਣ ਲਈ ਪੁਲਿਸ ਨੇ ਸਰਗਰਮ ਕੀਤੇ ਸੋਰਸ
ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021
ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਇਲਾਕੇ ਵਿੱਚ ਸਰਗਰਮ 2 ਨਸ਼ਾ ਸਮੱਗਲਰ ਔਰਤਾਂ ਸਣੇ ਕੁੱਲ 6 ਸਮੱਗਲਰਾਂ ਨੂੰ ਦਬੋਚਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ। ਪੁਲਿਸ ਵੱਲੋਂ ਦਰਜ਼ ਕੇਸ ਅਨੁਸਾਰ ਥਾਣਾ ਸਿਟੀ 1 ਬਰਨਾਲਾ ਦੇ ਐਸਐਚੳ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸ਼ਤ ਸਬੰਧੀ ਰਵਾਨਾ ਸੀ। ਇਸੇ ਦੌਰਾਨ ਉਨਾਂ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ:-
ਪਰਮਜੀਤ ਕੌਰ ਪਤਨੀ ਪੱਪੂ ਸਿੰਘ , ਤੇਜੋ ਕੌਰ ਪਤਨੀ ਹਰਬੰਸ ਸਿੰਘ , ਕਿਸਨ ਕੁਮਾਰ ਪੁੱਤਰ ਕਰਨੈਲ ਸਿੰਘ , ਬੂਟਾ ਸਿੰਘ ਪੁੱਤਰ ਪ੍ਰੇਮ ਸਿੰਘ , ਲਾਲੀ ਪੁੱਤਰ ਭੋਲਾ ਸਿੰਘ ਅਤੇ ਮਲਕੀਤ ਸਿੰਘ ਉਰਫ ਲੱਖੀ ਪੁੱਤਰ ਭੋਲਾ ਸਿੰਘ ਸਾਰੇ ਵਾਸੀ ਰਾਮਬਾਗ ਦੀ ਬੈਕ ਸਾਇਡ ਬਰਨਾਲਾ ਦੇ ਰਹਿਣ ਵਾਲੇ ਹਨ। ਇਲਾਕੇ ਵਿੱਚ ਨਸ਼ਾ ਵੇਚਣ ਦਾ ਗੈਰਕਾਨੂੰਨੀ ਧੰਦਾ ਕਰਦੇ ਹਨ। ਜੇਕਰ ਉਨਾਂ ਨੂੰ ਗਿਰਫਤਾਰ ਕਰਨ ਲਈ ਰੇਡ ਕੀਤੀ ਜਾਵੇ ਤਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋ ਸਕਦੇ ਹਨ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਾਰਣ ਪੁਲਿਸ ਨੇ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 15,18,21,22/61/85 N D P S Act ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ਼ ਕਰ ਦਿੱਤਾ ਗਿਆ।
ਐਸਐਚੳ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਹੀ ਥਾਣੇਦਾਰ ਮਲਕੀਤ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਨਾਮਜਦ ਦੋਸੀਆਂ ਦੀ ਗਿਰਫਤਾਰੀ ਲਈ ਰੇਡ ਕੀਤੀ ਗਈ। ਪਰੰਤੂ ਫਿਲਹਾਲ ਦੋਸ਼ੀਆਂ ਬਾਰੇ ਪੁਲਿਸ ਹੱਥ ਕੋਈ ਸੁਰਾਗ ਨਹੀ ਲੱਗਿਆ। ਉਨਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਸੋਰਸ ਖਾਸ ਕਾਇਮ ਕੀਤੇ ਗਏ । ਜਿੰਨਾ ਬਾਰੇ ਪਤਾ ਲੱਗਦਿਆਂ ਹੀ ਉਨਾਂ ਨੂੰ ਗਿਰਫਤਾਰ ਕਰਕੇ ਨਸ਼ਿਆਂ ਦੀ ਬਰਾਮਦਗੀ ਲਈ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਉਨਾਂ ਕਿਹਾ ਕਿ ਮਾਨਯੋਗ ਐਸ.ਐਸ.ਪੀ. ਅਲਕਾ ਮੀਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਸਿਟੀ ਦੀ ਪੁਲਿਸ ਨਸ਼ਾ ਸਮੱਗਲਰਾਂ ਦੀ ਮੁਸਤੈਦੀ ਨਾਲ ਤਲਾਸ਼ ਕਰ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀਆਂ ਬਾਰੇ, ਸੂਚਿਤ ਕਰਨ ਤਾਂ ਜੋ ਇਲਾਕੇ ਨੂੰ ਅਪਰਾਧ ਅਤੇ ਨਸ਼ਾ ਮੁਕਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਪਰਾਧ ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਅਪਰਾਧੀਆਂ ਨੂੰ ਨੱਥ ਪਾਈ ਜਾ ਸਕਦੀ ਹੈੇ।