ਗੁਰਸੇਵਕ ਸਿੰਘ ਸਹੋਤਾ/ਗੁਰਪ੍ਰੀਤ ਸਿੰਘ ਬਿੱਟੂ -ਮਹਿਲ ਕਲਾਂ 16 ਅਪ੍ਰੈਲ 2020
ਕਣਕ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀਆ ਘਟਨਾਵਾਂ ਤੋ ਬਚਣ ਲਈ ਬਿਜਲੀ ਦੇ ਟਰਾਂਸਫਾਰਮ ਅਤੇ ਖੇਤਾਂ ਵਿੱਚ ਬਿਜਲੀ ਦੇ ਹੋਰ ਖੰਭੇ , ਜਿੱਥੋਂ ਬਿਜਲੀ ਦੀ ਸਪਾਰਕਿੰਗ ਨਾਲ ਅੱਗ ਲੱਗਣ ਦਾ ਖਤਰਾ ਹੋਵੇ , ਉੱਥੇ ਸਬੰਧਿਤ ਖੇਤਾਂ ਦੇ ਮਾਲਕ ਕਿਸਾਨਾਂ ਨੂੰ ਘੱਟੋ ਘੱਟ ਪੰਦਰਾਂ ਪੰਦਰਾਂ ਫੁੱਟ ਕਣਕ ਪਹਿਲਾਂ ਹੀ ਵੱਢ ਦੇਣੀ ਚਾਹੀਦੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀਐਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ਅਤੇ ਐਸਐਚੳ ਮਹਿਲ ਕਲਾਂ ਲਖਵਿੰਦਰ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਕਰਕੇ ਕਈ ਵਾਰ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਹੈ । ਜਿਸ ਦੀ ਪੂਰਤੀ ਕਿਸੇ ਵੀ ਤਰੀਕੇ ਨਾਲ ਨਹੀ ਹੁੰਦੀ । ਇਸ ਲਈ ਕਣਕ ਦੇ ਸੀਜ਼ਨ ਦੌਰਾਨ ਕੁੱਝ ਅਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਹਨ ਜਿੰਨਾ ਦਾ ਧਿਆਨ ਰੱਖਦੇ ਹੋਏ ਅੱਗ ਲੱਗਣ ਦੀਆ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਸਾਨੂੰ ਆਪਣੇ ਆਪਣੇ ਪਿੰਡਾ ਵਿੱਚ ਪਾਣੀ ਵਾਲੀਆ ਟੈਂਕੀਆਂ ਨੂੰ ਭਰਕੇ ਰੱਖਣਾ ਚਾਹੀਦਾ ਹੈ । ਜੇਕਰ ਕਿਧਰੇ ਕਣਕ ਨੂੰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਆਪਣੇ ਨੇੜਲੇ ਪੁਲਿਸ ਥਾਣੇ ਵਿੱਚ ਇਸਦੀ ਸੂਚਨਾ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਨੇੜਲੇ ਪਿੰਡਾਂ ਦੇ ਧਾਰਮਿਕ ਸਥਾਨਾਂ ਤੋ ਅੱਗ ਲੱਗਣ ਸਬੰਧੀ ਅਨਾਊਸਮੈਂਟ ਵੀ ਕਰਵਾਉਣੀ ਚਾਹੀਦੀ ਹੈ ।