ਕਰਵਾ ਚੌਥ- ਭੈਣਾਂ ਨੇ ਲਗਾਈ ਸੰਘਰਸ਼ੀ ਮਹਿੰਦੀ
ਮੁਨੀਸ਼ ਜ਼ਿੰਦਾਬਾਦ ਗੂੰਜਿਆ
ਹਰਪ੍ਰੀਤ ਕੌਰ ਬਬਲੀ , ਸੰਗਰੂਰ,24 ਅਕਤੂਬਰ 2021
ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਰੁਜ਼ਗਾਰ ਪ੍ਰਾਪਤੀ ਲਈ ਡਟੇ ਮੁਨੀਸ਼ ਨੂੰ ਹੌਸਲਾ ਦੇਣ ਅਤੇ ਬੇਰੁਜ਼ਗਾਰਾਂ ਦੇ ਸੰਘਰਸ਼ ਨੂੰ ਉਭਾਰਨ ਲਈ ਕਰਵਾ ਚੌਥ ਦੇ ਮੌਕੇ ਬੇਰੁਜ਼ਗਾਰ ਲੜਕੀਆਂ ਨੇ ਸੰਘਰਸ਼ੀ ਮਹਿੰਦੀ ਲਗਾ ਕੇ ਅਨੋਖਾ ਇਤਿਹਾਸ ਰਚਿਆ।
ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਕੁੱਲ 18000 ਅਸਾਮੀਆਂ ਦੀ ਮੰਗ ਲਈ 21 ਅਗਸਤ ਤੋ ਮੁਨੀਸ਼ ਪਾਣੀ ਵਾਲੀ ਟੈਂਕੀ ਉੱਤੇ ਬੈਠਾ ਹੋਇਆ ਹੈ।ਜਿਸਦੀ ਸਿਹਤ ਦਿਨੋ ਦਿਨ ਵਿਗੜ ਰਹੀ ਹੈ।ਪ੍ਰੰਤੂ ਕਾਂਗਰਸ ਸਰਕਾਰ ਘਰ ਘਰ ਰੁਜ਼ਗਾਰ ਦੇ ਵਾਅਦੇ ਤੋ ਭੱਜ ਕੇ ਚੁੱਪ ਵੱਟੀ ਬੈਠੀ ਹੈ।ਬੇਰੁਜ਼ਗਾਰਾਂ ਵੱਲੋ ਪਿਛਲੇ ਕਰੀਬ 3 ਸਾਲ ਤੋ ਹਰੇਕ ਤਿਉਹਾਰ ਸੰਘਰਸ਼ੀ ਪਿੜਾਂ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਬੇਰੁਜ਼ਗਾਰ ਮਹਿਲਾ ਅਧਿਆਪਕਾਵਾਂ ਵੱਲੋ ‘ ਮੁਨੀਸ਼ ਫਾਜਲਿਕਾ ਜ਼ਿੰਦਾਬਾਦ। ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਜਾਰੀ ਕਰੋ।” ਦੇ ਨਾਹਰੇ ਮਹਿੰਦੀ ਨਾਲ ਆਪਣੀਆਂ ਹਥੇਲੀਆਂ ਉੱਤੇ ਲਿਖੇ।
ਉਹਨਾਂ ਮੰਗ ਕੀਤੀ ਕਿ ਬੇਰੁਜ਼ਗਾਰਾਂ ਦਾ ਮਸਲਾ ਹੱਲ ਕਰਕੇ ਜਲਦੀ ਤੋ ਜਲਦੀ ਮੁਨੀਸ਼ ਨੂੰ ਹੇਠਾਂ ਉਤਾਰਿਆ ਜਾਵੇ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਆਉਂਦਾ ਹਰੇਕ ਤਿਉਹਾਰ ਸਰਕਾਰ ਦੇ ਦਰਾਂ ਉੱਤੇ ਹੀ ਮਨਾਇਆ ਜਾਵੇਗਾ।
ਇਸ ਮੌਕੇ ਗਗਨਦੀਪ ਕੌਰ,ਦਵਿੰਦਰ ਸਿੰਘ,ਸੁਨੀਲ ਕੁਮਾਰ,ਗੁਰਪ੍ਰੀਤ ਕੌਰ,ਸ਼ਮਿੰਦਰ ਪਾਲ,ਵਿਪਨ ਕੁਮਾਰ,ਹਰਪ੍ਰੀਤ ਸਿੰਘ,ਦਵਿੰਦਰ ਭੁੱਲਰ,ਸੁਖਬੀਰ ਸਿੰਘ,ਸੰਦੀਪ ਸਿੰਘ ਅਤੇ ਅਮਿਤ ਕੁਮਾਰ ਆਦਿ ਹਾਜ਼ਰ ਸਨ।
ਵਰਨਣਯੋਗ ਹੈ ਕਿ ਰਾਤ ਵਰ੍ਹਦੇ ਮੀਂਹ ਵਿੱਚ ਵੀ ਮੁਨੀਸ਼ ਨੇ ਅਤੀ ਮੁਸ਼ਕਲ ਨਾਲ ਰਾਤ ਲੰਘਾਈ ਹੈ।ਕੁਝ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਮੁਨੀਸ਼ ਦੀ ਸਾਰ ਲੈਣ ਲਈ ਪਹੁੰਚ ਰਹੇ ਹਨ।
ਆਪ ਆਗੂ ਅਤੇ ਲੋਕ ਗਾਇਕ ਬਲਕਾਰ ਸਿੱਧੂ ਨੇ ਵੀ ਬੇਰੁਜ਼ਗਾਰਾਂ ਦੇ ਸੰਘਰਸ਼ ਅਤੇ ਮੁਨੀਸ਼ ਦੀ ਹਮਾਇਤ ਕੀਤੀ ਹੈ।