24 ਤਰੀਕ ਨੂੰ ਲਖੀਮਪੁਰ ਕਾਂਡ ਦੇ ਸ਼ਹੀਦਾਂ ਦੇ ਅਸਥੀ-ਕਲਸਾਂ ਦਾ ਸਵਾਗਤ 11 ਵਜੇ ਹੰਢਿਆਇਆ ਚੌਕ ‘ਚ ਕੀਤਾ ਜਾਵੇਗਾ; ਸਭ ਨੂੰ ਪਹੁੰਚਣ ਦੀ ਅਪੀਲ।
* ਧਾਰਮਿਕ ਭਾਵਨਾਵਾਂ ਭਟਕਾ ਕੇ ਫੁੱਟ ਪਾਉ, ਅੰਦੋਲਨ ਨੂੰ ਹਿੰਸਕ ਬਣਾਉ ਤੇ ਢਾਹ ਲਾਉ : ਬੀਜੇਪੀ ਦਾ ਤਾਜ਼ਾ ਕੋਝਾ ਹਥਿਆਰ; ਵਧੇਰੇ ਚੌਕਸੀ ਦੀ ਲੋੜ: ਕਿਸਾਨ ਆਗੂ
* ਡੀਏਪੀ ਖਾਦ ਲਈ ਚਾਰੇ ਪਾਸੇ ਹਾਹਾਕਾਰ; ਗੱਲ ਲੁੱਟ-ਖੋਹ ਤੱਕ ਪਹੁੰਚੀ ਪਰ ਸਰਕਾਰ ਨੇ ਪੂਰੀ ਤਰ੍ਹਾਂ ਘੇਸਲ ਵੱਟੀ: ਉਪਲੀ
ਪਰਦੀਪ ਕਸਬਾ , ਬਰਨਾਲਾ: 21 ਅਕਤੂਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 386ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦਾਂ ਦੇ ਅਸਥੀ ਕਲਸ ਪੂਰੇ ਦੇਸ਼ ਵਿੱਚ ਲਿਜਾ ਕੇ ਭਰਵਾਂ ਸਵਾਗਤ ਕਰਨਾ ਹੈ। ਇਸ ਫੈਸਲੇ ਤਹਿਤ 24 ਤਰੀਕ ਨੂੰ ਅਸਥੀ ਕਲਸ ਬਰਨਾਲਾ ਨੇੜੇ ਹੰਢਿਆਇਆ ਚੌਕ ਵਿੱਚ ਸਵੇਰੇ 11 ਵਜੇ ਪਹੁੰਚਣਗੇ ਜਿਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਹੀਦਾਂ ਦੀਆਂ ਅਸਥੀਆਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਸ਼ਹੀਦਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੇ ਲਈ ਸਤਿਕਾਰ ਸਹਿਤ ਅੱਗੇ ਵਿਦਾ ਕੀਤੀਆਂ ਜਾਣਗੀਆਂ।
ਅੱਜ ਬੁਲਾਰਿਆਂ ਨੇ ਪਿਛਲੇ ਦਿਨੀਂ ਸਿੰਘੂ ਬਾਰਡਰ ‘ਤੇ ਹੋਏ ਖੂਨੀ ਕਾਰੇ ਅਤੇ ਬਾਅਦ ਵਿੱਚ ਘਟਨਾਕਰਮ ਦੌਰਾਨ ਉਜਾਗਰ ਹੋਈਆਂ ਸਾਜਿਸ਼ਾਂ ਬਾਰੇ ਰੋਸ਼ਨੀ ਪਾਈ। ਆਗੂਆਂ ਨੇ ਕਿਹਾ ਕਿ ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਸਰਕਾਰ ਧਾਰਮਿਕ ਭਾਵਨਾਵਾਂ ਭਟਕਾ ਕੇ ਲੋਕਾਂ ਵਿੱਚ ਫੁੱਟ ਪਾਉਣਾ ਚਾਹੁੰਦੀ ਹੈ ਤਾਂ ਜੁ ਕਿਸਾਨ ਅੰਦੋਲਨ ਨੂੰ ਢਾਹ ਲਾਈ ਜਾ ਸਕੇ। ਇੱਕ ਧਾਰਮਿਕ ਗਰੁੱਪ ਨੂੰ ਵਰਗਲਾ ਕੇ ਅੰਦੋਲਨ ਦੀ ਲੀਡਰਸ਼ਿਪ ਵਿਰੁੱਧ ਵਰਤਣਾ ਚਾਹੁੰਦੀ ਹੈ। ਸਰਕਾਰ ਮਾਹੌਲ ਨੂੰ ਧਾਰਮਿਕ ਉਨਮਾਦ ਭਟਕਾਉਣ ਲਈ ਵਰਤਣਾ ਚਾਹੁੰਦੀ ਹੈ।ਸਾਨੂੰ ਇਨ੍ਹਾਂ ਸਾਜਿਸ਼ਾਂ ਵਿਰੁੱਧ ਬਹੁਤ ਚੌਕਸ ਹੋਣਾ ਪਵੇਗਾ ਅਤੇ ਆਪਣੇ ਅੰਦੋਲਨ ਨੂੰ ਸਹੀ ਰਾਹ ਤੋਂ ਥਿੜਕਣ ਤੋਂ ਬਚਾਉਣਾ ਹੋਵੇਗਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਦਰਸ਼ਨ ਸਿੰਘ ਉਗੋਕੇ,ਗੁਰਚਰਨ ਸਿੰਘ ਸੁਰਜੀਤਪੁਰਾ, ਨਛੱਤਰ ਸਿੰਘ ਸਹੌਰ, ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਬਲਜੀਤ ਸਿੰਘ ਚੌਹਾਨਕੇ, ਗੁਰਮੇਲ ਸ਼ਰਮਾ, ਗੁਰਜੰਟ ਸਿੰਘ ਹਮੀਦੀ, ਜਸਪਾਲ ਚੀਮਾ, ਗੋਰਾ ਸਿੰਘ ਢਿੱਲਵਾਂ,ਰਣਧੀਰ ਸਿੰਘ ਰਾਜਗੜ੍ਹ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਡੀਏਪੀ ਖਾਦ ਦੀ ਕਿੱਲਤ ਨੂੰ ਲੈ ਕੇ ਲੁੱਟ-ਖੋਹ ਹੋਣ ਦੀਆਂ ਖਬਰਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਕਿਹਾ ਕਿ ਡੀਏਪੀ ਖਾਦ ਦੀ ਥੁੜ੍ਹ ਦੂਰ ਕਰਨ ਦੀ, ਇਸ ਧਰਨੇ ਸਮੇਤ, ਵੱਖ-ਵੱਖ ਮੰਚਾਂ ਤੋਂ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ। ਪਰ ਹਾਲਤ ਸੁਧਰਨ ਦੀ ਬਜਾਏ, ਦਿਨ ਬਦਿਨ ਬਦ ਤੋਂ ਬਦਤਰ ਹੈ ਰਹੀ ਹੈ।
ਹਾਲਤ ਲੁੱਟ-ਖੋਹ ਕਰਨ ਅਤੇ ਕਿਸਾਨਾਂ ਦੀਆਂ ਦਿਨ-ਰਾਤ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਤੱਕ ਪਹੁੰਚ ਗਈ ਹੈ। ਇੱਕ ਪਾਸੇ ਕਿਸਾਨ ਝੋਨੇ ਦੀ ਸਾਂਭ ਸੰਭਾਲ ਵਿਚ ਰੁਝੇ ਹੋਏ ਹਨ ਅਤੇ ਦੂਜੇ ਪਾਸੇ ਖਾਦ ਦੇ ਇੰਤਜ਼ਾਮ ਲਈ ਉਨ੍ਹਾਂ ਨੂੰ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਆਗੂਆਂ ਨੇ ਖਾਦ ਦੀ ਕਿੱਲਤ ਤੁਰੰਤ ਦੂਰ ਕਰਨ ਦੀ ਮੰਗ ਕੀਤੀ।
ਅੱਜ ਕੁਲਵਿੰਦਰ ਕੌਰ, ਨਰਿੰਦਰਪਾਲ ਸਿੰਗਲਾ ਤੇ ਤੇਜਾ ਸਿੰਘ ਠੀਕਰੀਵਾਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।