ਮੁਨੀਸ਼ ਟੈਂਕੀ ‘ਤੇ ਡਟਿਆ
ਖੂਨ ਦੇ ਨਮੂਨੇ ਲਏ, ਲਿਵਰ ਇਨਫੈਕਸ਼ਨ ਵਧੀ
ਰੁਜ਼ਗਾਰ ਦੀ ਮੰਗ ਲਈ ਅੜਿਆ
ਹਰਪ੍ਰੀਤ ਕੌਰ ਬਬਲੀ , ਸੰਗਰੂਰ,19 ਅਕਤੂਬਰ 2021
ਪਿਛਲੇ ਦੋ ਮਹੀਨੇ ਤੋ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਮੁਨੀਸ਼ ਦੇ ਸਰੀਰਕ ਚੈੱਕ ਅੱਪ ਲਈ ਖੂਨ ਦੇ ਨਮੂਨੇ ਲਏ ਗਏ।
ਜਾਂਚ ਉਪਰੰਤ ਪਤਾ ਲੱਗਿਆ ਕਿ ਮੁਨੀਸ਼ ਦੇ ਲਿਵਰ ਦੀ ਇਨਫੈਕਸ਼ਨ ਵਧੀ ਹੋਈ ਹੈ।ਮੁਨੀਸ਼ ਦੇ ਦੱਸਣ ਅਨੁਸਾਰ ਉਸ ਨੂੰ ਲੱਤਾਂ ਵਿੱਚ ਦਰਦ ਅਤੇ ਪਿਸ਼ਾਬ ਕਰਨ ਵਿਚ ਤਕਲੀਫ਼ ਹੋ ਰਹੀ ਹੈ।
ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਦੋ ਮਹੀਨੇ ਤੋ ਵੱਧ ਸਮੇਂ ਤੋਂ ਮਾਸਟਰ ਕੇਡਰ ਦੀਆਂ ਅਸਾਮੀਆਂ ਖਾਸ ਕਰਕੇ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਵੱਡੀ ਗਿਣਤੀ ਵਿੱਚ ਜਾਰੀ ਕਰਵਾਉਣ ਲਈ ਸੰਘਰਸ਼ ਜਾਰੀ ਹੈ।
ਓਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਨਵੇਂ ਮੁੱਖ ਮੰਤਰੀ ਵੀ ਕੈਪਟਨ ਵਾਂਗ ਸਿਰਫ ਹਵਾਈ ਦੌਰਿਆਂ ਵਿੱਚ ਮਸਰੂਫ ਹਨ ਜਦਕਿ ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਹੈ। ਓਹਨਾਂ ਦੱਸਿਆ ਕਿ ਮੋਰਿੰਡਾ ਪ੍ਰਸ਼ਾਸ਼ਨ ਨੇ ਜਥੇਬੰਦੀ ਦੀ 25 ਅਕਤੂਬਰ ਲਈ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਹੈ।ਪ੍ਰੰਤੂ ਜੇਕਰ ਮੀਟਿੰਗ ਮੁਲਤਵੀ ਕੀਤੀ ਗਈ ਜਾਂ ਠੋਸ ਹੱਲ ਨਾ ਕੱਢਿਆ ਤਾਂ 27 ਅਕਤੂਬਰ ਨੂੰ ਫੇਰ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਸਬੰਧੀ 23 ਅਕਤੂਬਰ ਨੂੰ ਯਾਦਗਾਰ ਹਾਲ ਜਲੰਧਰ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ।ਜਿੱਥੇ ਬਾਕੀ ਮਾਝੇ/ਦੁਆਬੇ ਦੇ ਬੇਰੁਜ਼ਗਾਰਾਂ ਨੂੰ ਢਾਂਚਾ ਮਜ਼ਬੂਤ ਕਰਨ ਲਈ ਪ੍ਰੇਰਿਆ ਜਾਵੇਗਾ।
ਇਸ ਮੌਕੇ ਹਰਦਮ ਸਿੰਘ,ਕੁਲਦੀਪ ਕੌਰ ਕਾਂਝਲਾ,ਇਕਬਾਲ ਸਿੰਘ ਨਿਆਮਤ ਪੂਰਾ,ਰਾਜਬੀਰ ਕੌਰ, ਤਾਹਿਰਾ,ਹਰਪ੍ਰੀਤ,ਗੁਰਵਿੰਦਰ ਸਿੰਘ,ਸੁਖ ਜੀਤ ਸਿੰਘ, ਜਿਓਤੀ ਵਰਮਾ,ਕੁਲਵਿੰਦਰ ਕੌਰ,ਸੁਨੀਤਾ ਰਾਣੀ,ਬਿੰਦਰ ਕੌਰ ਅਤੇ ਬਲਕਾਰ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ।